ਰਾਵੀ ‘ਚ ਛੱਡਿਆ ਗਿਆ 35 ਹਜ਼ਾਰ ਕਿਊਸਕ ਪਾਣੀ, ਦਰਿਆ ‘ਚ ਇੱਕ ਵਾਰ ਫਿਰ ਉਫ਼ਾਨ

Updated On: 

03 Oct 2025 12:54 PM IST

Ranjit Sagar Dam Water Release: ਰਣਜੀਤ ਸਾਗਰ ਡੈਮ ਪ੍ਰਜੈਕਟ ਦਾ ਚਾਰ ਨੰਬਰ ਗੇਟ 1 ਮੀਟਰ ਤੱਖ ਖੋਲ੍ਹਿਆ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ ਇੱਕ-ਇੱਕ ਮੀਟਰ ਖੋਲ੍ਹ ਦਿੱਤਾ ਗਿਆ। ਪੰਜਾਬ 'ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂ 'ਚ ਪਾਣੀ ਦਾ ਪੱਧਰ ਵੱਧ ਸਕਦਾ ਹੈ।

ਰਾਵੀ ਚ ਛੱਡਿਆ ਗਿਆ 35 ਹਜ਼ਾਰ ਕਿਊਸਕ ਪਾਣੀ, ਦਰਿਆ ਚ ਇੱਕ ਵਾਰ ਫਿਰ ਉਫ਼ਾਨ
Follow Us On

ਰਣਜੀਤ ਸਾਗਰ ਡੈਮ ਤੋਂ ਵੀਰਵਾਰ ਨੂੰ 35,753 ਕਿਊਸਕ ਪਾਣੀ ਛੱਡਿਆ ਗਿਆ, ਜਿਸ ਨਾਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ। ਇਸ ਨਾਲ ਅਸਥਾਈ ਬੰਨ੍ਹਾਂ ਨੂੰ ਹਲਕਾ ਨੁਕਸਾਨ ਪਹੁੰਚਿਆ ਹੈ, ਕਈ ਥਾਂਵਾਂ ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਈਆਂ ਬੋਰੀਆਂ ਰੁੜਦੀਆਂ ਹੋਈਆਂ ਨਜ਼ਰ ਆਈਆਂ। ਜਾਣਕਾਰੀ ਮੁਤਾਬਕ ਸਵੇਰ 11:30 ਵਜੇ ਰਣਜੀਤ ਸਾਗਰ ਡੈਮ ਪ੍ਰਜੈਕਟ ਦਾ ਚਾਰ ਨੰਬਰ ਗੇਟ 1 ਮੀਟਰ ਤੱਖ ਖੋਲ੍ਹਿਆ ਗਿਆ।

ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ ਇੱਕ-ਇੱਕ ਮੀਟਰ ਖੋਲ੍ਹ ਦਿੱਤਾ ਗਿਆ। ਡੈਮ ਦੇ ਪਾਣੀ ਦਾ ਪੱਧਰ ਦੁਪਹਿਰ 3 ਵਜੇ 523.440 ਮੀਟਰ ਮਾਪਿਆ ਗਿਆ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਚੰਬਾ ਸਥਿਤ ਚਮੇਰਾ ਪਨ ਬਿਜਲੀ ਪ੍ਰਜੈਕਟ ਤੋਂ ਇਸ ਸਮੇਂ 918 ਕਿਊਸਕ ਪਾਣੀ ਝੀਲ ਚ ਆ ਰਿਹਾ ਹੈ। ਚਮੇਰਾ ਪਨ ਬਿਜਲੀ ਪ੍ਰੋਜੈਕਟ ਤੋਂ ਇਸ ਸਮੇਂ ਬਿਜਲੀ ਉਤਪਾਦਨ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ।

ਪੂਰੀ ਸਮਰੱਥਾ ਨਾਲ ਹੋ ਰਹੀ ਬਿਜਲੀ ਉਤਪਾਦਨ

600 ਮੈਗਾਵਾਟ ਪਨ ਬਿਜਲੀ ਉਤਪਾਦਨ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਇਸ ਸਮੇਂ ਚਾਰ ਯੂਨੀਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਡੈਮ ਦੇ ਅਧਿਕਾਰੀਆਂ ਮੁਤਾਬਕ ਬੀਤ ਦਿਨ, ਵੀਰਵਾਰ ਨੂੰ ਪ੍ਰਜੈਕਟ ਦੇ ਤਿੰਨ ਗੇਟ ਖੋਲ੍ਹੇ ਗਏ ਸਨ। ਤਿੰਨ ਫਲੱਡ ਗੇਟਾਂ ਤੇ ਚਾਰੋਂ ਯੂਨੀਟਾਂ ਤੋਂ 600 ਮੈਗਾਵਾਟ ਪਨ ਬਿਜਲੀ ਉਤਪਾਦਨ ਤੋਂ ਬਾਅਦ ਛੱਡੇ ਜਾ ਰਹੇ ਪਾਣੀ ਨੂੰ ਮਿਲਾ ਕੇ ਇਸ ਸਮੇਂ ਝੀਲ ਤੋਂ 35,753 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।

5 ਤੋਂ 7 ਅਕਤੂਬਰ ਨੂੰ ਬਾਰਿਸ਼ ਦਾ ਅਲਰਟ

ਮੌਸਮ ਵਿਭਾਗ ਵੱਲੋਂ ਪੰਜਾਬ ਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂ ਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ਼ ਦੌਰਾਨ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਵੱਧ ਸਕਦਾ ਹੈ।

ਪਠਾਨਕੋਟ ਦੇ ਡੀਸੀ ਆਦਿਤਯ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਢੇ ਨਾ ਜਾਣ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹੜ੍ਹਾਂ ਨਾਲ ਭਾਰੀ ਨੁਕਸਾਨ ਹੋਇਆ ਹੈ, ਹੁਣ ਇੱਕ ਵਾਰ ਦਰਿਆ ਚ ਪਾਣੀ ਦਾ ਪੱਧਰ ਵੱਧਣ ਨਾਲ ਨੁਕਸਾਨ ਦਾ ਖ਼ਦਸ਼ਾ ਹੈ।