ਗੈਂਗਸਟਰ ਚਾਹੁੰਦੇ ਕਬੱਡੀ ‘ਚ ਆਪਣਾ ਦਬਦਬਾ, ਰਾਣਾ ਬਲਾਚੌਰੀਆ ਕਤਲ ਕੇਸ ‘ਚ ਹੁਣ ਤੱਕ ਦੀ ਜਾਂਚ
ਐਸਐਸਪੀ ਹੰਸ ਨੇ ਜਾਣਕਾਰੀ ਦਿੱਤੀ ਕਿ ਇਸ ਕਤਲ ਦੀ ਸਾਜ਼ਿਸ਼ ਲੱਕੀ ਪਟਿਆਲ ਤੇ ਬਲਵਿੰਦਰ ਸਿੰਘ ਡੋਨੀ ਬੱਲ ਨੇ ਰਚੀ ਸੀ। ਡੋਨੀ ਬਲ ਵਿਦੇਸ਼ ਤੋਂ ਆਪਣੀ ਗੈਂਗ ਚਲਾ ਰਿਹਾ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਨੇ ਰਾਣਾ ਬਲਾਚੌਰੀਆ ਦੇ ਕਤਲ ਲਈ ਆਪਣੇ ਇਲਾਕੇ ਦੇ ਸ਼ੂਟਰਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ।
ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਦੌਰਾਨ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਪਿੱਛੇ ਹੁਣ ਕਬੱਡੀ ‘ਚ ਗੈਂਗਸਟਰਾਂ ਦੇ ਦਬਦਬੇ ਤੇ ਫਿਰੌਤੀ ਦੇ ਐਂਗਲ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਾਣਾ ਬਲਾਚੌਰੀਆ ਦਾ ਕਤਲ ਵੀ ਕਬੱਡੀ ‘ਚ ਦਬਦਬਾ ਕਾਇਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਤਲ ਦਾ ਸਿੱਧੂ ਮੂਸੇਵਾਲਾ ਮਾਮਲੇ ਨਾਲ ਕੋਈ ਲਿੰਕ ਨਹੀਂ ਹੈ।
ਦੱਸ ਦੇਈਏ ਕਿ ਇਸ ਕਤਲ ਪਿੱਛੇ ਬੰਬੀਹਾ ਗੈਂਗ ਤੇ ਉਸ ਦੇ ਐਸੋਸਿਏਟ (ਸਾਥੀ) ਗੈਂਗਾਂ ਨੇ ਜ਼ਿੰਮੇਵਾਰੀ ਲਈ ਸੀ। ਇੱਕ ਪੋਸਟ ‘ਚ ਇਸ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ, ਸ਼ਗਨ ਪ੍ਰੀਤ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਲਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਣਾ ਬਲਾਚੌਰੀਆ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਵਾਇਆ ਸੀ। ਹਾਲਾਂਕਿ, ਪੁਲਿਸ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਤੇ ਕਿਹਾ ਹੈ ਕਿ ਇਹ ਘਟਨਾ ਕਬੱਡੀ ਜਗਤ ‘ਚ ਦਬਦਬਾ ਬਣਾਉਣ ਲਈ ਕੀਤੀ ਗਈ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ਦਾ ਕਦੇ ਵੀ ਕਿਸੇ ਅਪਰਾਧ ‘ਚ ਨਾਮ ਨਹੀਂ ਆਇਆ ਸੀ।
ਪੁਲਿਸ ਜਾਂਚ ‘ਚ ਹੁਣ ਤੱਕ ਕੀ ਸਾਹਮਣੇ ਆਇਆ?
ਮੁਹਾਲੀ ਪੁਲਿਸ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਨੇ ਇਸ ਕਤਲ ਮਾਮਲੇ ‘ਚ ਸ਼ੂਟਰਾਂਦੀ ਪਹਿਚਾਣ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਅਦਿਤਿਆ ਕਪੂਰ ਤੇ ਕਰਨ ਪਾਠਕ ਨੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਦੇ ਹੋਰ ਸਾਥੀਆਂ ਦੀ ਪਹਿਚਾਣ ਹੋ ਚੁੱਕੀ ਹੈ, ਪਰ ਕੇਸ ਦੀ ਗੰਭੀਰਤਾ ਤੇ ਹੋਰ ਕਾਰਨਾਂ ਕਰਕੇ ਉਨ੍ਹਾਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ।
ਐਸਐਸਪੀ ਹੰਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਕਤਲ ਦੀ ਸਾਜ਼ਿਸ਼ ਲੱਕੀ ਪਟਿਆਲ ਤੇ ਡੋਨੀ ਬੱਲ ਨੇ ਰਚੀ ਸੀ। ਡੋਨੀ ਬਲ ਵਿਦੇਸ਼ ਤੋਂ ਆਪਣੀ ਗੈਂਗ ਚਲਾ ਰਿਹਾ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਨੇ ਰਾਣਾ ਬਲਾਚੌਰੀਆ ਦੇ ਕਤਲ ਲਈ ਆਪਣੇ ਇਲਾਕੇ ਦੇ ਸ਼ੂਟਰਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ।
ਹੁਣ ਤੱਕ ਦੀ ਪੁਲਿਸ ਜਾਂਚ ‘ਚ ਪਤਾ ਚੱਲਿਆ ਹੈ ਕਿ ਗੈਂਗਸਟਰ ਡੋਨੀ ਬੱਲ ਨੇ ਦੋਵੇਂ ਸ਼ੂਟਰ ਆਦਿਤਿਆ ਕਪੂਰ ਤੇ ਕਰਨ ਪਾਠਕ ਦਾ ਪ੍ਰਬੰਧ ਕੀਤਾ ਸੀ। ਉਸ ਨੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਇਸ ਵਾਰਦਾਤ ਨੂੰ ਕਰਵਾਉਣ ਵਾਲਾ ਇੱਕ ਵਿਅਕਤੀ ਜੋ ਕਿ ਲੋਕਲ ਮੁਹਾਲੀ ਜਾਂ ਆਸ-ਪਾਸ ਦਾ ਰਹਿਣ ਵਾਲਾ ਹੈ, ਉਸ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ।
ਇਹ ਵੀ ਪੜ੍ਹੋ
ਪੁਲਿਸ ਦੀਆਂ 12 ਟੀਮਾਂ ਇਸ ਕਤਲ ਦੇ ਮੁਲਜ਼ਮਾਂ ਦੇ ਪਿੱਛੇ ਲੱਗਆਂ ਹੋਈਆਂ ਹਨ। ਇਸ ਮਾਮਲੇ ‘ਚ ਪੁਲਿਸ ਦਿੱਲੀ, ਅੰਮ੍ਰਿਤਸਰ ਤੇ ਬਟਾਲਾ ਤੇ ਹੋਰ ਜਗ੍ਹਾ ‘ਚ ਵੀ ਮੁਲਜ਼ਮਾਂ ਦੀ ਤਲਾਸ਼ ਰਹੀ ਹੈ।
