ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਖਨੌਰੀ ਬਾਰਡਰ, ਬੋਲੇ-ਦਿੱਲੀ ਦਾ ਘਿਰਾਓ ਹੋਵੇਗਾ, ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਖਤਮ ਨਹੀਂ ਕਰਾਂਗੇ
SKM ਆਗੂ ਰਾਕੇਸ਼ ਟਿਕੈਤ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਡਰਦੀ ਨਹੀਂ ਹੈ। ਡੱਲੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹਨ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਆਪਣਾ ਮਰਨ ਵਰਤ ਖਤਮ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਫਿਰ ਤੋਂ ਘੇਰਨਾ ਪਵੇਗਾ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਟਿਕੈਤ ਨੇ ਕਿਹਾ ਕਿ ਅੱਜ ਦੇ ਰਾਜੇ ਲੋਕਾਂ 'ਤੇ ਮਿਹਰਬਾਨ ਨਹੀਂ ਰਹੇ।
ਕਿਸਾਨਾਂ ਦੀਆਂ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡ ਵਿਖੇ ਮਰਨ ਵਰਤ ਜਾਰੀ ਹੈ। ਉਨ੍ਹਾਂ ਦੇ ਮਰਨ ਵਰਤ ਦਾ ਅੱਜ 18ਵਾਂ ਦਿਨ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੀ ਹੁਣ ਡੱਲੇਵਾਲ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅੱਜ 13 ਦਸੰਬਰ ਨੂੰ SKM ਆਗੂ ਰਾਕੇਸ਼ ਟਿਕੈਤ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ। ਇੱਥੇ ਉਨ੍ਹਾਂ ਦੀ ਮੁਲਾਕਾਤ ਡੱਲੇਵਾਲ ਨਾਲ ਹੋਈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਡਰਦੀ ਨਹੀਂ ਹੈ। ਡੱਲੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹਨ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਆਪਣਾ ਮਰਨ ਵਰਤ ਖਤਮ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਫਿਰ ਤੋਂ ਘੇਰਨਾ ਪਵੇਗਾ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਟਿਕੈਤ ਨੇ ਕਿਹਾ ਕਿ ਅੱਜ ਦੇ ਰਾਜੇ ਲੋਕਾਂ ‘ਤੇ ਮਿਹਰਬਾਨ ਨਹੀਂ ਰਹੇ।
ਇਸ ਦੌਰਾਨ ਅੰਬਾਲਾ ਦੇ ਐਸਪੀ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਬਿਨਾਂ ਇਜਾਜ਼ਤ ਦੇ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।
ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਕੀਮਤੀ- SC
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਡੱਲੇਵਾਲ ਨੂੰ ਤੁਰੰਤ ਡਾਕਟਰੀ ਮਦਦ ਮੁੱਹਇਆ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਨੂੰ ਖਾਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਅਹਿਮ ਹੈ।
ਇਹ ਵੀ ਪੜ੍ਹੋ
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਡੱਲੇਵਾਲ ‘ਤੇ ਕੋਈ ਤਾਕਤ ਨਹੀਂ ਵਰਤੀ ਜਾਣੀ ਚਾਹੀਦੀ। ਸੁਪਰੀਮ ਕੋਰਟ ਨੇ ਇਹ ਹੁਕਮ ਸ਼ੰਭੂ ਬਾਰਡ ਖੋਲ੍ਹਣ ਸਬੰਧੀ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਦਿੱਤੇ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੇ ਆਪਣੀ ਅੰਤ੍ਰਿਮ ਰਿਪੋਰਟ ਵੀ ਸੌਂਪੀ। ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।
ਜਗਮੀਤ ਡੱਲੇਵਾਲ ਦੇ ਮਰਨ ਵਰਤ ਨੂੰ ਤੋੜਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਨੇ ਪਟੀਸ਼ਨ ‘ਚ ਕਿਹਾ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ।
ਕਿਸਾਨਾਂ ਨੇ ਡੱਲੇਵਾਲ ਦੀ ਸੁਰੱਖਿਆ ਵਧਾਈ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ | ਇਹ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਉਨ੍ਹਾਂ ਤੱਕ ਸਿੱਧੇ ਤੌਰ ‘ਤੇ ਨਾ ਪਹੁੰਚੇ। ਇਸ ਦੇ ਨਾਲ ਹੀ ਧਰਨੇ ਵਾਲੀ ਥਾਂ ‘ਤੇ ਧਾਰਮਿਕ ਸਮਾਗਮ ਵੀ ਹੋ ਰਿਹਾ ਹੈ। ਮੋਰਚੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਹਨ।