ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲਿਆਂ ‘ਚ ਬਰਸਾਤ ਦਾ ਅਲਰਟ, ਤਰਨਤਾਰਨ ‘ਚ ਹਾਲੇ ਹੜ੍ਹਾਂ ਦੀ ਸਮੱਸਿਆ

Published: 

28 Aug 2023 09:34 AM

ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ।

ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲਿਆਂ ਚ ਬਰਸਾਤ ਦਾ ਅਲਰਟ, ਤਰਨਤਾਰਨ ਚ ਹਾਲੇ ਹੜ੍ਹਾਂ ਦੀ ਸਮੱਸਿਆ
Follow Us On

ਪੰਜਾਬ ਨਿਊਜ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਲੇ ਦੋ ਦਿਨਾਂ ਤੱਕ ਪੰਜਾਬ (Punjab) ਵਿੱਚ ਰੁਕ-ਰੁਕ ਕੇ ਮੀਂਹ ਪਵੇਗਾ। ਇਸ ਬਾਰਿਸ਼ ਨਾਲ ਜਿੱਥੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੇਗੀ, ਉਥੇ ਹੀ ਨਮੀ ‘ਚ ਕਮੀ ਦੇ ਨਾਲ-ਨਾਲ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ। ਪਰ ਤਰਨਤਾਰਨ ਵਿੱਚ ਹਾਲੇ ਵੀ ਹੜ੍ਹਾਂ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ।

ਤਰਨਤਾਰਨ ਦੇ ਪਿੰਡ ਘੜੂੰਆਂ ਵਿੱਚ 100 ਫੁੱਟ ਟੁੱਟੇ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕਰੀਬ 19 ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਬੰਨ੍ਹ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਇੱਥੇ ਸਥਿਤੀ ਆਮ ਵਾਂਗ ਹੋਣੀ ਸ਼ੁਰੂ ਹੋ ਜਾਵੇਗੀ।

19 ਪਿੰਡਾਂ ਵਿੱਚ ਬਿਜਲੀ ਬੰਦ

ਹੜ੍ਹਾਂ ਦਾ ਪਾਣੀ ਹਾਲੇ ਵੀ ਤਰਨਤਾਰਨ (Tarn Taran) ਦੇ ਪਿੰਡਾਂ ਵਿੱਚ ਹੋਣ ਕਾਰਨ ਕਰੀਬ 19 ਪਿੰਡਾਂ ਵਿੱਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ। ਸਥਿਤੀ ਇਹ ਹੈ ਕਿ ਕਰੀਬ 19 ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਨ੍ਹਾਂ ਪਿੰਡਾਂ ਵਿੱਚ ਨਾਲ ਲੱਗਦੇ ਪਿੰਡ ਮੁਠਿਆਂਵਾਲਾ ਅਤੇ ਘੜੂੰਆਂ ਦੇ ਆਸ-ਪਾਸ ਦੇ ਪਿੰਡ ਕੋਟ ਬੁੱਢਾ, ਕੁੱਤੀਵਾਲਾ, ਸਭਰਾ, ਡੁਮਣੀਵਾਲਾ, ਗੁੱਲੇਵਾਲਾ, ਭੂਰਾ ਹਠਾੜ, ਗੜੀਕੇ, ਜੱਲੋਕੇ, ਭਾਉਵਾਲ, ਬੰਗਲਾ ਰਾਏ ਕੇ, ਤਲਵੰਡੀ ਸੋਭਾ ਸਿੰਘ, ਮਹਿਨੇਕੇ ਜੰਡ, ਜੋਧ ਸਿੰਘ ਵਾਲਾ ਅਤੇ ਝੁੱਗੀਆਂ ਸ਼ਾਮਲ ਹਨ।ਬਿਜਲੀ ਨਾ ਹੋਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਪਾਣੀ ਦੀਆਂ ਮੋਟਰਾਂ ਕੰਮ ਨਹੀਂ ਕਰ ਰਹੀਆਂ। ਕੁੱਤੀਵਾਲਾ ਦੇ ਕਿਸਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਹਰੀਕੇ ਦੇ ਡੇਰਾ ਸੁਰਸਿੰਘ ਤੋਂ ਪਾਣੀ ਭੇਜਿਆ ਗਿਆ ਹੈ।