ਸੈਨੇਟ ਚੋਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਕੱਢਿਆ ਵਿਕਟਰੀ ਮਾਰਚ, ਵੜਿੰਗ ਬੋਲੇ- ਪੰਜਾਬ ‘ਚ RSS ਨਹੀਂ ਚਲੇਗੀ

Updated On: 

28 Nov 2025 08:10 AM IST

PU Victory March: ਸੈਨੇਟ ਚੋਣ ਤਾਰੀਖਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ 'ਚ ਵਿਕਟਰੀ ਮਾਰਚ ਕੱਢਿਆ। ਹਾਲਾਂਕਿ, ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ 'ਚ ਵਿਦਿਆਰਥੀਆਂ 'ਤੇ ਦਰਜ ਐਫਆਈਆਰ ਸਮੇਤ ਹੋਰ ਮੁੱਦਿਆਂ 'ਤੇ ਗੱਲਬਾਤ ਹੋਵੇਗੀ।

ਸੈਨੇਟ ਚੋਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਕੱਢਿਆ ਵਿਕਟਰੀ ਮਾਰਚ, ਵੜਿੰਗ ਬੋਲੇ- ਪੰਜਾਬ ਚ RSS ਨਹੀਂ ਚਲੇਗੀ
Follow Us On

ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉੱਪ-ਰਾਸ਼ਟਰਪਤੀ ਦਫ਼ਤਰ ਵੱਲੋਂ ਸੈਨੇਟ ਚੋਣ ਦੀ ਤਾਰੀਖਾਂ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣ ਉਹ ਸ਼ੈਡਿਊਲ ਦੇ ਅਨੁਸਾਰ ਹੋਵੇਗੀ, ਜੋ ਪਹਿਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜਿਆ ਸੀ।

ਇਸ ਵਿਚਕਾਰ ਚੋਣ ਤਾਰੀਖਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ‘ਚ ਵਿਕਟਰੀ ਮਾਰਚ ਕੱਢਿਆ। ਹਾਲਾਂਕਿ, ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ ‘ਚ ਵਿਦਿਆਰਥੀਆਂ ‘ਤੇ ਦਰਜ ਐਫਆਈਆਰ ਸਮੇਤ ਹੋਰ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।

ਪੰਜਾਬ ਯੂਨੀਵਰਸਿਟੀ ਦੀ ਪਿਛਲੀ ਸੈਨੇਟ ਦਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਸੀ। ਨਵੀਂ ਸੈਨੇਟ ਦੇ ਗਠਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੈਨੇਟ ਚੋਣ ਅਟਕੀ ਹੋਈ ਸੀ।

ਸੈਨੇਟ ਚੋਣ ਦੀ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 25 ਦਿਨਾ ਤੋਂ ਯੂਨੀਵਰਸਿਟੀ ‘ਚ ਧਰਨੇ ‘ਤੇ ਬੈਠਾ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਹੋਰ ਸੰਗਠਨਾਂ ਦਾ ਵੀ ਸਹਿਯੋਗ ਮਿਲਿਆ। ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣ ਦੀ ਤਾਰੀਖ ਘੋਸ਼ਿਤ ਨਾ ਹੋਈ ਤਾਂ ਉਹ ਯੂਨੀਵਰਸਿਟੀ ਨੂੰ ਪੂਰਨ ਤੌਰ ‘ਤੇ ਬੰਦ ਕਰ ਦੇਣਗੇ, ਨਾਲ ਹੀ ਉਨ੍ਹਾਂ ਨੇ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਗੱਲ ਕਹੀ ਸੀ। ਹਾਲਾਂਕਿ, ਹੁਣ ਉਪ-ਰਾਸ਼ਟਰਪਤੀ ਵੱਲੋਂ ਚੋਣ ਦਾ ਐਲਾਨ ਕਰ ਦਿੱਤਾ ਗਿਆ।

ਰਾਜਾ ਵੜਿੰਗ ਨੇ ਕਿਹਾ- ਪੰਜਾਬ ‘ਚ ਆਰਐਸਐਸ ਨਹੀਂ ਚਲੇਗੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਖਿਰ ਭਾਜਪਾ ਨੂੰ ਝੁਕਣਾ ਹੀ ਪਿਆ। ਆਰਐਸਐਸ ਦਾ ਮੂੰਹ ਪੰਜਾਬ ਦੇ ਬੱਚਿਆਂ ਨੇ ਮੋੜ ਦਿੱਤਾ। ਇਹ ਜਿੱਤ ਪੰਜਾਬ ਦੇ ਬੱਚਿਆਂ ਦੀ ਹੈ, ਜਿਨ੍ਹਾਂ ਨੇ ਪੁਲਿਸ ਤੇ ਹੋਰ ਫੋਰਸਾਂ ਦੀ ਪਰਵਾਹ ਨਹੀਂ ਕਰਦੇ ਹੋਏ ਆਪਣਾ ਜਜ਼ਬਾ ਕਾਇਮ ਰੱਖਿਆ। ਬੱਚਿਆਂ ਨੇ ਬਿਨਾਂ ਡਰ ਦੇ ਦਿਨ-ਰਾਤ ਸੰਘਰਸ਼ ਕੀਤਾ ਤੇ ਜਿੱਤ ਹਾਸਲ ਕੀਤੀ।

ਉਨ੍ਹਾਂ ਨੇ ਕਿਹਾ ਭਾਜਪਾ ਵਾਰ-ਵਾਰ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈਂਦੀ ਹੈ। ਚਾਹੇ ਕਿਸਾਨਾਂ ਦਾ ਮੁੱਦਾ ਹੋਵੇ, ਬੀਬੀਐਮਬੀ, ਚੰਡੀਗੜ੍ਹ ‘ਚ ਵਿਧਾਨ ਸਭਾ ਦੇ ਦੇਣਾ, ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰਨੀ, ਸੈਨੇਟ ਤੇ ਸਿੰਡੀਕੇਟ ਦੀ ਚੋਣ ਬੰਦ ਕਰਵਾਉਣੀ, ਇਹ ਵਾਰ-ਵਾਰ ਸਾਡੇ ‘ਤੇ ਹਮਲਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਆਰਐਸਐਸ ਨਹੀਂ ਚਲੇਗੀ, ਭਾਵੇਂ ਬਾਕੀ ਹਰ ਪਾਸੇ ਆਰਐਸਐਸ ਆ ਜਾਵੇ, ਪਰ ਪੰਜਾਬ ‘ਚ ਆਰਐਸਐਸ ਨੂੰ ਨਹੀਂ ਆਉਣ ਦਿੱਤਾ ਜਾਵੇਗਾ।