ਪੰਜਾਬ ਦੇ 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, 22 ਤੇ 23 ਜਨਵਰੀ ਨੂੰ ਬਾਰਿਸ਼ ਦੀ ਸੰਭਾਵਨਾ
Punjab Weather Alert: ਬੀਤੇ ਦਿਨ ਔਸਤ ਘੱਟ-ਘੱਟ ਤਾਪਮਾਨ 'ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.7 ਡਿਗਰੀ ਦਾ ਵਾਧਾ ਦੇਖਿਆ ਗਿਆ। ਸੂਬੇ 'ਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ 'ਚ 2.9 ਡਿਗਰੀ ਦਰਜ ਕੀਤਾ ਗਿਆ।
ਫਾਈਲ ਫੋਟੋ (Photo Credit: PTI)
ਪੰਜਾਬ ਵਾਸੀਆਂ ਨੂੰ ਠੰਡ ਤੋਂ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਅੱਜ ਸਿਰਫ਼ 7 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਸੰਗਰੂਰ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਦੇ ਦਿਨ, ਯਾਨੀ ਕਿ 21 ਜਨਵਰੀ ਨੂੰ ਵੀ ਇਨ੍ਹਾਂ ਜ਼ਿਲ੍ਹਿਆਂ ‘ਚ ਹੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਤੇ ਕੱਲ੍ਹ ਮੌਸਮ ਖੁਸ਼ਕ ਰਹੇਗਾ, ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ।
ਹਾਲਾਂਕਿ, 22 ਜਨਵਰੀ ਨੂੰ ਮੌਸਮ ਕਰਵਟ ਲਵੇਗਾ। 22 ਤੇ 23 ਜਨਵਰੀ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਕਿੰਨਾ ਰਿਹਾ ਤਾਪਮਾਨ
ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਔਸਤ ਘੱਟ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.7 ਡਿਗਰੀ ਦਾ ਵਾਧਾ ਦੇਖਿਆ ਗਿਆ। ਸੂਬੇ ‘ਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ‘ਚ 2.9 ਡਿਗਰੀ ਦਰਜ ਕੀਤਾ ਗਿਆ।
ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 4.6 ਡਿਗਰੀ, ਪਟਿਆਲਾ ਦਾ 6.5 ਡਿਗਰੀ, ਪਠਾਨਕੋਟ ਦਾ 4.7 ਡਿਗਰੀ, ਬਠਿੰਡਾ ਦਾ 8.0 ਡਿਗਰੀ, ਫਰੀਦਕੋਟ ਦਾ 3.4 ਡਿਗਰੀ, ਗੁਰਦਾਸਪੁਰ ਦਾ 6.8 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 7.0 ਡਿਗਰੀ, ਫਿਰੋਜ਼ਪੁਰ ਦਾ 5.7 ਡਿਗਰੀ, ਹੁਸ਼ਿਆਰਪੁਰ ਦਾ 5.9 ਡਿਗਰੀ, ਭਾਖੜਾ ਡੈਮ ਰੂਪਨਗਰ ਦਾ 8.1 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 5.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 6.0 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ।
