ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਫੌਜੀ ਜਵਾਨ ਗ੍ਰਿਫ਼ਤਾਰ, ISI ਨੂੰ ਭੇਜ ਰਿਹਾ ਸੀ ਜਾਣਕਾਰੀ
ਐਸਐਸਓਸੀ ਏਆਈਜੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਮੁਲਜ਼ਮ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਫੌਜੀ ਕਰਮਚਾਰੀ ਗੁਰਪ੍ਰੀਤ ਸਿੰਘ ਉਰਫ਼ ਗੁਰੀ ਉਰਫ਼ ਫੌਜੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਗੁਪਤ ਫੌਜੀ ਜਾਣਕਾਰੀ ਲੀਕ ਕਰਨ ਦੇ ਇਲਜ਼ਾਮ ਵਿੱਚ ਇੱਕ ਫੌਜ ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਨਿਹਾਲਗੜ੍ਹ ਸ਼ਾਦੀਹਰੀ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਦਵਿੰਦਰ ਸਿੰਘ ਨੂੰ SSOC ਟੀਮ ਨੇ 14 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਉੜੀ ਜ਼ਿਲ੍ਹੇ ਦੇ ਬਾਰਾਮੂਲਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਐਸਐਸਓਸੀ ਏਆਈਜੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਮੁਲਜ਼ਮ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਫੌਜੀ ਕਰਮਚਾਰੀ ਗੁਰਪ੍ਰੀਤ ਸਿੰਘ ਉਰਫ਼ ਗੁਰੀ ਉਰਫ਼ ਫੌਜੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦੀ ਫਿਰੋਜ਼ਪੁਰ ਜੇਲ੍ਹ ਵਿੱਚ ਹੋਣ ਦੌਰਾਨ ਮਦਦ ਕੀਤੀ ਸੀ। ਇਹ ਇਲਜ਼ਾਮ ਹੈ ਕਿ ਦਵਿੰਦਰ ਨੇ ਉਸ ਨੂੰ ਗੁਪਤ ਦਸਤਾਵੇਜ਼ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਸੀ, ਖਾਸ ਕਰਕੇ ਭਾਰਤੀ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਵਾਲੇ ਦਸਤਾਵੇਜ਼ ਦੀ। ਮੁਲਜ਼ਮ ਖ਼ਿਲਾਫ਼ ਥਾਣਾ ਐਸਐਸਓਸੀ ਮੋਹਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਦਵਿੰਦਰ ਸਿੰਘ ਨੂੰ 15 ਜੁਲਾਈ ਨੂੰ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
2017 ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਏ
ਗ੍ਰਿਫ਼ਤਾਰ ਕੀਤੇ ਗਏ ਦਵਿੰਦਰ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦਵਿੰਦਰ ਅਤੇ ਗੁਰਪ੍ਰੀਤ ਸਾਲ 2017 ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਸਿੱਕਮ ਤੇ ਜੰਮੂ-ਕਸ਼ਮੀਰ ਵਿੱਚ ਆਪਣੀ ਸੇਵਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਫੌਜੀ ਅਹੁਦਿਆਂ ‘ਤੇ ਇਕੱਠੇ ਕੰਮ ਕੀਤਾ ਹੈ। ਆਪਣੀ ਸੇਵਾ ਦੌਰਾਨ, ਦੋਵਾਂ ਕੋਲ ਫੌਜ ਦੀ ਕਲਾਸੀਫਾਈਡ ਸਮੱਗਰੀ ਵਾਲੇ ਦਸਤਾਵੇਜ਼ ਸਨ, ਜੋ ਕਿ ਗੁਰਪ੍ਰੀਤ ਸਿੰਘ ਉਰਫ ਗੁਰੀ ਉਰਫ ਫੌਜੀ ਨੇ ਪਾਕਿਸਤਾਨ ਦੀ ISI ਨੂੰ ਲੀਕ ਕੀਤੇ ਸਨ। ਦਵਿੰਦਰ ਸਿੰਘ ਦੀ ਭੂਮਿਕਾ ਅਗਲੇਰੀ ਜਾਂਚ ਦੌਰਾਨ ਨਿਰਣਾਇਕ ਤੌਰ ‘ਤੇ ਸਥਾਪਿਤ ਕੀਤੀ ਜਾਵੇਗੀ।
ਜਾਸੂਸੀ ਨੈੱਟਵਰਕ ਨੂੰ ਖਤਮ ਕਰਨ ‘ਚ ਵੱਡੀ ਸਫਲਤਾ
ਐਸਐਸਓਸੀ ਏਆਈਜੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ, ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਇੱਕ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਉਸ ਨੂੰ ਖਤਮ ਕਰਨ ਵਿੱਚ ਇੱਕ ਵੱਡੀ ਸਫਲਤਾ ਹੈ। SSOC ਮੋਹਾਲੀ ਜਾਸੂਸੀ ਰੈਕੇਟ ਦੀ ਡੂੰਘਾਈ ਦੀ ਜਾਂਚ ਕਰਨ, ਹੋਰ ਸਾਥੀਆਂ ਦੀ ਪਛਾਣ ਕਰਨ ਤੇ ਜਾਣਕਾਰੀ ਦੇ ਲੀਕ ਹੋਣ ਦੀ ਪੂਰੀ ਹੱਦ ਦਾ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ।