ਪੰਜਾਬ ਪੁਲਿਸ ਦਾ ਮੁਲਾਜ਼ਮ ਰਹੱਸਮਈ ਹਾਲਾਤਾਂ ‘ਚ ਗਾਇਬ, ਮੁਹਾਲੀ ਤੋਂ ਪਟਿਆਲਾ ਜਾ ਰਿਹਾ ਸੀ ਘਰ

tv9-punjabi
Updated On: 

09 Jul 2025 14:57 PM

ਪੁਲਿਸ ਮੁਲਾਜ਼ਮ ਨੂੰ ਲੱਭਣ ਲਈ ਜਾਂਚ-ਪੜਤਾਲ ਕਰ ਰਹੀ ਹੈ। ਮੁਲਾਜ਼ਮ ਦਾ ਫ਼ੋਨ ਵੀ ਬੰਦ ਆ ਰਿਹਾ ਹੈ ਤੇ ਪਰਿਵਾਰ ਵਾਲਿਆਂ ਨਾਲ ਵੀ ਉਸ ਦਾ ਕੋਈ ਸੰਪਰਕ ਨਹੀਂ ਹੋ ਪਾਇਆ ਹੈ। ਪੁਲਿਸ ਦੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪੰਜਾਬ ਪੁਲਿਸ ਦਾ ਮੁਲਾਜ਼ਮ ਰਹੱਸਮਈ ਹਾਲਾਤਾਂ ਚ ਗਾਇਬ, ਮੁਹਾਲੀ ਤੋਂ ਪਟਿਆਲਾ ਜਾ ਰਿਹਾ ਸੀ ਘਰ

ਪੰਜਾਬ ਪੁਲਿਸ ਪੁਰਾਣੀ ਤਸਵੀਰ

Follow Us On

ਪੰਜਾਬ ਪੁਲਿਸ ਦਾ ਸਤਿੰਦਰ ਸਿੰਘ ਨਾਂ ਦਾ ਮੁਲਾਜ਼ਮ ਰਹੱਸਮਈ ਹਾਲਾਤਾਂ ‘ਚ ਗਾਇਬ ਹੋ ਗਿਆ ਹੈ। ਉਹ ਮੰਗਲਵਾਰ ਰਾਤ ਮੁਹਾਲੀ ਤੋਂ ਡਿਊਟੀ ਕਰ ਪਟਿਆਲਾ ‘ਚ ਆਪਣੇ ਘਰ ਜਾ ਰਿਹਾ ਸੀ, ਪਰ ਉਹ ਇਸ ਦੌਰਾਨ ਘਰ ਨਹੀਂ ਪਹੁੰਚਿਆ। ਹਾਲਾਂਕਿ, ਉਸ ਦੀ ਕਾਰ ਭਾਂਡਰਾਂ ਦੇ ਕੋਲੋਂ ਇੱਕ ਦਰੱਖਤ ਥੱਲੋਂ ਪੁਲਿਸ ਨੇ ਬਰਾਮਦ ਕੀਤੀ ਹੈ। ਕਾਰ ਸਹੀ-ਸਲਾਮਤ ਹਾਲਤ ‘ਚ ਦੱਸੀ ਜਾ ਰਹੀ ਹੈ, ਪਰ ਮੁਲਾਜ਼ਮ ਦਾ ਕੋਈ ਸੁਰਾਗ ਨਹੀਂ ਲੱਗ ਪਾ ਰਿਹਾ ਹੈ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਸਤਿੰਦਰ ਸਿੰਘ ਡਿਊਟੀ ਖ਼ਤਮ ਕਰਨ ਤੋਂ ਬਾਅਦ ਰਾਤ ਨੂੰ ਭਾਂਡਰਾਂ ਪਿੰਡ ਦੇ ਨੇੜੇ ਇੱਕ ਦਰੱਖ਼ਤ ਕੋਲ ਆਪਣੀ ਗੱਡੀ ਖੜੀ ਕਰਕੇ ਘਰ ਆ ਰਿਹਾ ਸੀ। ਉਸਨੇ ਆਪਣੀ ਪਤਨੀ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਪਹੁੰਚ ਗਿਆ ਹੈ, ਪਰ ਰਾਤ 12 ਵਜੇ ਤੱਕ ਘਰ ਨਹੀਂ ਪਰਤਿਆ। ਉਸ ਦੇ ਘਰ ਨਾ ਆਉਣ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਸ ਦੀ ਖੋਜ ਸ਼ੁਰੂ ਕੀਤੀ।

ਪਰਿਵਾਰ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਸਤਿੰਦਰ ਦੀ ਡਿਊਟੀ ਮੁਹਾਲੀ ‘ਚ ਲੱਗ ਰਹੀ ਸੀ। ਉਹ ਇੱਕ-ਦੋ ਦਿਨ ਬਾਅਦ ਆਪਣੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਕੱਲ੍ਹ ਰਾਤ ਮੁਲਾਜ਼ਮ ਨੇ ਆਪਣੀ ਪਤਨੀ ਨਾਲ ਫ਼ੋਨ ‘ਤੇ ਗੱਲ ਕੀਤੀ ਸੀ ਤੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਜਲਦੀ ਹੀ ਘਰ ਪਹੁੰਚ ਰਿਹਾ ਹੈ। ਇਸ ਤੋਂ ਬਾਅਦ ਉਹ 2 ਘੰਟੇ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਫ਼ੋਨ ਕਰਨਾ ਸ਼ੁਰੂ ਕੀਤਾ, ਪਰ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਜਦੋਂ ਮੁਲਾਜ਼ਮ ਨਾਲ ਕੋਈ ਸੰਪਰਕ ਨਹੀਂ ਹੋਇਆ ਤਾਂ ਪਰਿਵਾਰਕ ਮੈਂਬਰ ਚਿੰਤਾਂ ਕਰਨ ਲੱਗੇ ਤੇ ਪੁਲਿਸ ਨਾਲ ਸੰਪਰਕ ਕੀਤਾ।

ਮਾਮਲੇ ਦੀ ਜਾਣਕਾਰੀ ਸਿਆਣਾ ਥਾਣੇ ਦੇ ਅਧੀਨ ਆਉਂਦੀ ਡਕਾਲਾ ਚੌਕੀ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਪਰਿਵਾਰਕ ਮੈਂਬਰਾਂ ਨੇ ਪੂਰੀ ਤਹਿਕੀਕਾਤ ਦੀ ਮੰਗ ਕੀਤੀ ਹੈ। ਪਰਿਵਾਰ ਦੇ ਅੰਦਰ ਇਸ ਘਟਨਾ ਤੋਂ ਬਾਅਦ ਚਿੰਤਾ ਅਤੇ ਮਾਯੂਸੀ ਦਾ ਮਾਹੌਲ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਸਤਿੰਦਰ ਸਿੰਘ ਨੂੰ ਲੱਭਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇ।

ਪੁਲਿਸ ਲਈ ਸਤਿੰਦਰ ਸਿੰਘ ਦਾ ਗਾਇਬ ਹੋਣਾ ਇੱਕ ਪਹੇਲੀ ਬਣਿਆ ਹੋਇਆ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕਰ ਰਹੀ ਹੈ। ਮੁਲਾਜ਼ਮ ਦੇ ਫ਼ੋਨ ਦੀ ਲੋਕੇਸ਼ਨ ਟ੍ਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।