ਨਕੋਦਰ ਵਿਖੇ ਸੰਮੇਲਨ ‘ਚ ਸ਼ਾਮਲ ਹੋਏ ਰਾਜਪਾਲ ਕਟਾਰੀਆ, ਬਾਬਾ ਬਲਦੇਵ ਦੇ ਉਪਰਾਲਿਆਂ ਦੀ ਕੀਤੀ ਸ਼ਲਾਘਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਕੋਦਰ ਦੇ ਦਰਬਾਰ ਸ੍ਰੀ ਬੁਲੰਦਪੁਰੀ ਸਾਹਿਬ ਵਿਖੇ 8ਵੇਂ ਕੌਮਾਂਤਰੀ ਸੰਮੇਲਨ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਬਾਬਾ ਬਲਦੇਵ ਜੀ ਵੱਲੋਂ 100 ਤੋਂ ਵੱਧ ਦੇਸ਼ਾਂ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਫੈਲਾਉਣ ਦੀ ਸ਼ਲਾਘਾ ਕਰਦਿਆਂ ਵਿਸ਼ਵ ਨੂੰ ਯੁੱਧ ਦੀ ਬਜਾਏ ਸ਼ਾਂਤੀ, ਨਿਮਰਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਐਤਵਾਰ ਨੂੰ ਨਕੋਦਰ ਦੇ ਮਹਿਤਪੁਰ ਸਥਿਤ ਦਰਬਾਰ ਸ੍ਰੀ ਬੁਲੰਦਪੁਰੀ ਸਾਹਿਬ ਵਿਖੇ ਆਯੋਜਿਤ ਅੱਠਵੇਂ ਅੰਤਰਰਾਸ਼ਟਰੀ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਬਾਬਾ ਬਲਦੇਵ ਜੀ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮਹਿਜ਼ ਦੋ ਸਾਲ ਅਤੇ ਦੋ ਦਿਨਾਂ ਦੇ ਥੋੜ੍ਹੇ ਸਮੇਂ ਅੰਦਰ ਉਨ੍ਹਾਂ ਨੇ ਭਾਰਤ ਅਤੇ ਸਿੱਖ ਗੁਰੂ ਸਾਹਿਬਾਨ ਦੇ ਮਹਾਨ ਵਿਚਾਰਾਂ ਨੂੰ 100 ਤੋਂ ਵੱਧ ਦੇਸ਼ਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਪਵਿੱਤਰ ਧਰਤੀ ਤੋਂ ਇਸ ਵਿਚਾਰਧਾਰਾ ਦਾ ਪ੍ਰਸਾਰ ਸ਼ੁਰੂ ਹੋਇਆ, ਉੱਥੇ ਹੀ ਅੱਜ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਦੇਸ਼ਾਂ ਦੇ ਲੋਕ ਇਕੱਤਰ ਹੋ ਕੇ ਮਨੁੱਖਤਾ, ਪ੍ਰੇਮ ਅਤੇ ਵਿਸ਼ਵ ਸ਼ਾਂਤੀ ਵਰਗੇ ਅਹਿਮ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ।
ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਸੰਮੇਲਨ ਦਾ ਮੁੱਖ ਸੰਦੇਸ਼ ਤਿੰਨ ਮਹੱਤਵਪੂਰਨ ਗੁਣਾਂ ‘ਤੇ ਆਧਾਰਿਤ ਹੈ, ਜਿਨ੍ਹਾਂ ਵਿੱਚ ਨਿਮਰਤਾ, ਦਇਆ ਅਤੇ ਪ੍ਰੇਮ ਸ਼ਾਮਲ ਹਨ। ਮਨੁੱਖ ਦੇ ਅੰਦਰ ਮੌਜੂਦ ਇਹ ਗੁਣ ਉਸ ਨੂੰ ਅਸਲ ਅਰਥਾਂ ਵਿੱਚ ਇੱਕ ਬਿਹਤਰ ਇਨਸਾਨ ਬਣਾਉਂਦੇ ਹਨ। ਪ੍ਰੇਮ ਦਾ ਧਾਗਾ ਵੱਖ-ਵੱਖ ਜਾਤਾਂ, ਭਾਈਚਾਰਿਆਂ ਅਤੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਸਮਾਜ ਨੂੰ ਇੱਕ ਸੁੰਦਰ ਗੁਲਦਸਤੇ ਦਾ ਰੂਪ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਮੁੱਚੀ ਮਨੁੱਖਤਾ ਨੂੰ ਜੀਵਨ ਜਿਊਣ ਦਾ ਸਹੀ ਮਾਰਗ ਦਿਖਾਇਆ ਹੈ। ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦਾ ਸਿਧਾਂਤ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨ, ਮਿਹਨਤ ਨਾਲ ਕਮਾਈ ਕਰਨ ਅਤੇ ਆਪਣੀ ਨੇਕ ਕਮਾਈ ਲੋੜਵੰਦਾਂ ਨਾਲ ਵੰਡਣ ਦੀ ਪ੍ਰੇਰਨਾ ਦਿੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮਾਜ ਦਾ ਕੋਈ ਵਿਅਕਤੀ ਬੇਸਹਾਰਾ ਜਾਂ ਅਸਹਾਏ ਹੈ ਅਤੇ ਅਸੀਂ ਉਸ ਦੀ ਮਦਦ ਲਈ ਅੱਗੇ ਆਉਂਦੇ ਹਾਂ, ਤਾਂ ਉਸ ਨੂੰ ਵੀ ਬਰਾਬਰੀ ਨਾਲ ਜੀਵਨ ਜਿਊਣ ਦਾ ਮੌਕਾ ਮਿਲਦਾ ਹੈ ਅਤੇ ਇਹੀ ਅਸਲ ਮਨੁੱਖਤਾ ਹੈ। ਉਨ੍ਹਾਂ ਬਾਬਾ ਬਲਦੇਵ ਜੀ ਦੇ ਸੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਵਿੱਤਰ ਅਸਥਾਨ ‘ਤੇ ਆ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪੰਜਾਬ ਦੀ ਸੇਵਾ ਅਤੇ ਆਪਣੇ ਕਾਰਜਾਂ ਵਿੱਚ ਇਮਾਨਦਾਰੀ ਨਾਲ ਲਾਗੂ ਕਰਨ ਲਈ ਆਸ਼ੀਰਵਾਦ ਵੀ ਮੰਗਿਆ।
ਦੁਨੀਆ ਨੂੰ ਯੁੱਧ ਨਹੀਂ, ਸ਼ਾਂਤੀ ਦੇ ਸੰਦੇਸ਼ ਦੀ ਲੋੜ
ਰੂਸ-ਯੂਕਰੇਨ ਜੰਗ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਅੱਜ ਵਿਸ਼ਵ ਜੰਗ ਵਰਗੇ ਹਾਲਾਤ ਅਤੇ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਦਰਬਾਰ ਸ੍ਰੀ ਬੁਲੰਦਪੁਰੀ ਸਾਹਿਬ ਤੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਸਿਰਫ਼ ਉਸ ਦਾ ਹੀ ਵਿਚਾਰ ਸਹੀ ਹੈ। ਦੂਜਿਆਂ ਦੀ ਗੱਲ ਸੁਣਨ ਅਤੇ ਆਪਸੀ ਗੱਲਬਾਤ ਰਾਹੀਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ, ਜਿਸ ਨਾਲ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਵੇਗੀ।
ਕਟਾਰੀਆ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਅਤੇ ਪੰਗਤ ਦੀ ਮਹਾਨ ਪਰੰਪਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੰਗਰ ਵਿੱਚ ਸਾਰੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਉੱਥੇ ਜਾਤ, ਧਰਮ, ਊਚ-ਨੀਚ ਅਤੇ ਅਮੀਰ-ਗਰੀਬ ਦਾ ਕੋਈ ਭੇਦਭਾਵ ਨਹੀਂ ਰਹਿੰਦਾ। ਪ੍ਰਮਾਤਮਾ ਨੇ ਸਾਰੇ ਮਨੁੱਖਾਂ ਨੂੰ ਇੱਕੋ ਜਿਹਾ ਬਣਾਇਆ ਹੈ, ਇਸ ਲਈ ਸਮਾਜ ਵਿੱਚ ਵੀ ਹਰੇਕ ਵਿਅਕਤੀ ਨੂੰ ਬਰਾਬਰੀ ਦਾ ਸਤਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੰਕਾਰ ਦਾ ਤਿਆਗ ਕਰਕੇ ਹੀ ਇਨਸਾਨ ਸਮਾਜ ਲਈ ਉਪਯੋਗੀ ਬਣ ਸਕਦਾ ਹੈ।
ਇਹ ਵੀ ਪੜ੍ਹੋ
ਬਾਬਾ ਬਲਦੇਵ ਜੀ ਦੇ ਉਪਰਾਲਿਆਂ ਨੂੰ ਦੱਸਿਆ ਪ੍ਰੇਰਨਾਦਾਇਕ
ਰਾਜਪਾਲ ਨੇ ਆਪਣੇ 49 ਸਾਲਾਂ ਦੇ ਲੰਬੇ ਸਿਆਸੀ ਜੀਵਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਤਜਰਬੇ ਦੌਰਾਨ ਕਈ ਸ਼ਖ਼ਸੀਅਤਾਂ ਨੂੰ ਦੇਖਿਆ ਹੈ, ਪਰ ਬਾਬਾ ਬਲਦੇਵ ਜੀ ਵਾਂਗ ਇੰਨੇ ਘੱਟ ਸਮੇਂ ਵਿੱਚ ਵਿਚਾਰਧਾਰਾ ਨੂੰ 100 ਤੋਂ ਵੱਧ ਦੇਸ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ ਬੇਹੱਦ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਸ਼ਰਧਾਲੂ ਗੁਰਬਾਣੀ ਸਰਵਣ ਕਰਕੇ ਰੂਹਾਨੀ ਪ੍ਰੇਰਨਾ ਪ੍ਰਾਪਤ ਕਰਦੇ ਹਨ ਅਤੇ ਸਮਾਜ ਦੀ ਭਲਾਈ ਲਈ ਕੁਝ ਚੰਗਾ ਕਰਨ ਦਾ ਸੰਕਲਪ ਲੈ ਕੇ ਜਾਂਦੇ ਹਨ।
ਛੱਠ ਪੁਰਬ ਤੋਂ ਵੀ ਮਿਲਦਾ ਹੈ ਸਮਾਨਤਾ ਅਤੇ ਸੰਘਰਸ਼ ਦਾ ਸੰਦੇਸ਼
ਛੱਠ ਪੂਜਾ ਦਾ ਜ਼ਿਕਰ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਇਸ ਪੁਰਬ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਚੜ੍ਹਦੇ ਸੂਰਜ ਦੇ ਨਾਲ-ਨਾਲ ਡੁੱਬਦੇ ਸੂਰਜ ਨੂੰ ਵੀ ਅਰਘ ਦੇ ਕੇ ਸਤਿਕਾਰ ਦਿੱਤਾ ਜਾਂਦਾ ਹੈ। ਆਮ ਤੌਰ ‘ਤੇ ਮਨੁੱਖ ਉੱਭਰਦੇ ਅਤੇ ਅੱਗੇ ਵਧਦੇ ਵਿਅਕਤੀ ਦਾ ਹੀ ਸਵਾਗਤ ਕਰਦਾ ਹੈ, ਪਰ ਛੱਠ ਪੁਰਬ ਸਾਨੂੰ ਸਿਖਾਉਂਦਾ ਹੈ ਕਿ ਜੀਵਨ ਦੇ ਉਤਰਾਅ-ਚੜ੍ਹਾਅ ਦੌਰਾਨ ਵੀ ਸਾਰਿਆਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਸੂਰਜ ਪੂਰਾ ਦਿਨ ਪ੍ਰਕਾਸ਼ ਅਤੇ ਊਰਜਾ ਦੇਣ ਤੋਂ ਬਾਅਦ ਅਸਤ ਹੁੰਦਾ ਹੈ, ਜੋ ਜੀਵਨ ਵਿੱਚ ਸੰਘਰਸ਼ ਅਤੇ ਹਾਲਾਤਾਂ ਦੇ ਬਦਲਾਅ ਦਾ ਪ੍ਰਤੀਕ ਵੀ ਹੈ। ਇਸ ਪੁਰਬ ਰਾਹੀਂ ਕੁਦਰਤ, ਸੂਰਜ ਦੇਵਤਾ ਅਤੇ ਛੱਠੀ ਮਈਆ ਪ੍ਰਤੀ ਆਸਥਾ ਦੇ ਨਾਲ-ਨਾਲ ਸਮਾਨਤਾ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦਾ ਸੰਦੇਸ਼ ਮਿਲਦਾ ਹੈ।
