Corona in Punjab: ਵੱਧਦੇ ਕੋਰੋਨਾ ਮਾਮਲੇ, ਵੈਕਸੀਨ ਖਤਮ, ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗੀਆਂ 35 ਹਜਾਰ ਖੁਰਾਕਾਂ

kusum-chopra
Published: 

19 Apr 2023 12:08 PM

Punjab Corona Situation: ਸਿਹਤ ਮੰਤਰੀ ਮੁਤਾਬਕ, ਫਿਲਹਾਲ ਸੂਬੇ ਵਿੱਚ ਬਹੁਤ ਜਿਆਦਾ ਪਾਬੰਦੀਆਂ ਲਗਾਉਣ ਦੀ ਲੋੜ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਵੇਲ੍ਹੇ ਮਾਸਕ ਪਹਿਣਨ ਦੀ ਅਪੀਲ ਵੀ ਕੀਤੀ ਹੈ।

Loading video
Follow Us On

ਚੰਡੀਗੜ੍ਹ ਨਿਊਜ: ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਵੱਧਦੇ ਮਾਮਲਿਆਂ ਵਿਚਾਲੇ ਸੂਬੇ ਵਿੱਚ ਕੋਰੋਨਾ ਵੈਕਸੀਨ ਖਤਮ ਹੋ ਗਈ ਹੈ। ਜਿਸ ਨੂੰ ਲੈ ਕੇ ਸਰਕਾਰ ਚੌਕਸ ਨਜਰ ਆ ਰਹੀ ਹੈ। ਸਰਕਾਰ ਨੇ ਕੇਂਦਰ ਕੋਲੋ 35000 ਖੁਰਾਕਾਂ ਮੰਗੀਆਂ ਹਨ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਪੁਰੀ ਤਰ੍ਹਾਂ ਨਾਲ ਕੰਟਰੋਲ ਹੇਠ ਹਨ। ਲੋਕਾਂ ਨੂੰ ਘਬਰਾਉਣ ਦੀ ਬਿਲਕੁੱਲ ਵੀ ਲੋੜ ਨਹੀਂ ਹੈ।

ਪੰਜਾਬ ਵਿੱਚ ਇਸ ਵੇਲ੍ਹੇ 2798 ਐਕਟਿਵ ਮਾਮਲੇ ਹਨ। ਬੀਤੇ ਦਿਨ 225 ਨਵੇਂ ਮਾਮਲੇ ਆਏ ਸਨ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉੱਧਰ ਸਿਹਤ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਸਰਕਾਰ ਦੀ ਤਿਆਰੀ ਵੀ ਪੂਰੀ ਹੈ।

ਕੇਂਦਰ ਤੋਂ ਕੋਵਿਡ ਵੈਕਸੀਨ ਦੀ ਮੰਗ

ਇਸ ਵਿਚਾਲੇ ਸੂਬੇ ਵਿੱਚ ਕੋਰੋਨਾ ਵੈਕਸੀਨ ਖਤਮ ਹੋ ਗਈ ਹੈ। ਜਿਸ ਨੂੰ ਵੇਖਦਿਆਂ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿੱਖ ਕੇ 35000 ਕੋਰੋਨਾ ਵੈਕਸੀਨ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕੰਪਨੀ ਨੇ ਵੈਕਸੀਨ ਬਣਾਉਣੀ ਬੰਦ ਕਰ ਦਿੱਤੀ ਸੀ, ਜਿਸ ਕਰਕੇ ਪੰਜਾਬ ਨੂੰ ਇਸਦੀ ਸਪਲਾਈ ਨਹੀਂ ਹੋ ਸਕੀ ਸ਼ੀ। ਵੈਕਸੀਨ ਖਤਮ ਹੋਣ ਦੇ ਚੱਲਦਿਆਂ ਕਈ ਲੋਕਾਂ ਨੂੰ ਹਾਲੇ ਤੱਕ ਦੂਜੀ ਖੁਰਾਕ ਵੀ ਨਹੀਂ ਮਿਲ ਸਕੀ ਸੀ। ਜਦਕਿ ਕਈ ਤਾਂ ਵੈਕਸੀਨ ਦੀ ਦੂਜੀ ਡੋਜ ਨਾ ਲੈ ਸਕਣ ਕਰਕੇ ਵਿਦੇਸ਼ ਵੀ ਨਹੀਂ ਜਾ ਸਕੇ ਹਨ।

ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ- ਸਿਹਤ ਮੰਤਰੀ

ਡਾ. ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਦੀਆਂ ਤਿਆਰੀਆਂ ਪੂਰੀਆਂ ਹਨ। ਦਵਾਈਆਂ ਤੋਂ ਲੈ ਕੇ ਆਕਸੀਜਨ ਤੱਕ, ਹਰ ਚੀਜ ਹਸਪਤਾਲਾਂ ਵਿਚ ਮੌਜੂਦ ਹੈ। ਛੇਤੀ ਹੀ ਕੇਂਦਰ ਵੱਲੋਂ ਵੈਕਸੀਨ ਵੀ ਦਿੱਤੇ ਜਾਣ ਦੀ ਉਮੀਦ ਹੈ, ਜਿਸ ਤੋਂ ਬਾਅਦ ਜੰਗੀ ਪੱਧਰ ਤੇ ਯੋਗ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਸੂਬੇ ਵਿੱਚ ਬਹੁਤ ਜਿਆਦਾ ਪਾਬੰਦੀਆਂ ਲਗਾਉਣ ਦੀ ਲੋੜ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਵੇਲ੍ਹੇ ਮਾਸਕ ਜਰੂਰ ਪਾਓ। ਨਾਲ ਹੀ ਉਨ੍ਹਾਂ ਨੇ ਗੰਭੀਰ ਬਿਮਾਰੀਆਂ ਵਾਲੇ ਮਰੀਜਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਵੀ ਅਪੀਲ ਕੀਤੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ