Unseasonal Rain: ਬੇਮੌਸਮੀ ਬਰਸਾਤ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਵਿਚ ਪਛੜੀ ਪੰਜਾਬ ਸਰਕਾਰ

Published: 

20 May 2023 15:41 PM

ਫਰੀਦਕੋਟ ਜਿਲੇ ਵਿਚ ਗੜੇਮਾਰੀ ਕਾਰਨ 100 ਫੀਸਦੀ ਨੁਕਸਾਨ ਵਾਲੇ ਕਿਸਾਨਾਂ ਨੂੰ ਵੀ ਨਹੀਂ ਮਿਲਿਆ ਮੁਆਵਜ਼ਾ,, ਜਿਸ ਕਾਰਨ ਜੈਤੋ ਦੇ ਪਿੰਡ ਸੇਵੇਵਾਲਾ ਵਿਖੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਹੈ।

Unseasonal Rain: ਬੇਮੌਸਮੀ ਬਰਸਾਤ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਵਿਚ ਪਛੜੀ ਪੰਜਾਬ ਸਰਕਾਰ
Follow Us On

ਫਰੀਦਕੋਟ। ਪਿਛਲੇ ਮਹੀਨੇ ਪੰਜਾਬ ਭਰ ਦੇ ਵਿੱਚ ਬੇਮੌਸਮੀ ਬਰਸਾਤ (Unseasonal Rain) ਅਤੇ ਗੜੇਮਾਰੀ ਦੇ ਕਾਰਨ ਕਣਕ ਦੀ ਫਸਲਾਂਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ। ਫਰੀਦਕੋਟ ਜਿਲੇ ਵਿਚ ਵੀ ਗੜੇਮਾਰੀ ਦੇ ਕਾਰਨ ਜਿਆਦਾਤਰ ਪਿੰਡਾਂ ਚ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀ ਫਸਲਾਂ ਨਸ਼ਟ ਹੋ ਗਈਆਂ ਅਤੇ ਜਿਲੇ ਦੇ ਜੈਤੋ ਸਬਡਵੀਜਨ ਨਾਲ ਸੰਬੰਧਤ ਕਈ ਪਿੰਡਾਂ ਵਿੱਚ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਸੋ ਫੀਸਦੀ ਤੱਕ ਨੁਕਸਾਨ ਹੋ ਗਿਆ।

ਸੋ ਫੀਸਦੀ ਨੁਕਸਾਨ ਵਾਲੇ ਪਿੰਡਾਂ ਚ ਸ਼ਾਮਲ ਜੈਤੋ ਦੇ ਪਿੰਡ ਸੇਵੇਵਾਲਾ ਦੇ ਕਿਸਾਨ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਮੁਆਵਜੇ ਦਾ ਹਾਲੇ ਤੱਕ ਇੰਤਜਾਰ ਕਰ ਰਹੇ ਹਨ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੜੇਮਾਰੀ ਤੋਂ ਤੁਰੰਤ ਬਾਅਦ ਗਿਰਦਾਵਰੀ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਵਿਸਾਖ ਵਾਲੇ ਦਿਨ ਮੁਆਵਜਾ ਜਾਰੀ ਕਰ ਦਿੱਤਾ ਜਾਵੇਗਾ। ਲੇਕਿਨ ਵਿਸਾਖੀ ਬੀਤਣ ਦੇ ਇੱਕ ਮਹੀਨੇ ਬਾਅਦ ਮੁਆਵਜੇ ਦਾ ਕੁੱਝ ਪਤਾ ਨਹੀਂ ਚਲ ਰਿਹਾ।

ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ‘ਚ ਰੋਸ

ਇਸ ਸੰਬੰਧ ਵਿੱਚ ਗਲਬਾਤ ਕਰਦੇ ਹੋਏ ਪਿੰਡ ਸੇਵੇਵਾਲਾ ਦੇ ਕਿਸਾਨਾਂ ਨੇ ਸਰਕਾਰ ਦੇ ਪ੍ਰਤੀ ਰੋਸ ਜਤਾਇਆ ਕਿ ਮੁਆਵਜਾ ਨਾ ਮਿਲਣ ਦੇ ਕਾਰਨ ਉਹ ਆਪਣੇ ਖਾਣ ਜੋਗੀ ਕਣਕ ਖਰੀਦਣ ਤੋਂ ਵੀ ਵਾਂਝੇ ਹਨ।ਕਿਸਾਨ ਹਰਦੇਵ ਸਿੰਘ ਪਿੰਡ ਸੇਵੇਵਾਲਾ ਨੇ ਕਿਹਾ ਕਿ ਉਸ ਪਾਸ ਤਿੰਨ ਏਕੜ ਜਮੀਨ ਹੈ ਕਿ ਜਦਕਿ ਚਾਰ ਏਕੜ ਜਮੀਨ ਉਹ ਠੇਕੇ ਤੇ ਵਾਹ ਰਿਹਾ ਸੀ। ਗੜੇਮਾਰੀ ਦੇ ਕਾਰਨ ਸਾਰੀ ਫਸਲ ਖਰਾਬ ਹੋ ਗਈ ਅਤੇ ਉਸ ਦੇ ਖੇਤਾਂ ਵਿਚੋਂ ਪਸ਼ੂਆਂ ਦੇ ਚਾਰੇ ਲਈ ਤੂੜੀ ਵੀ ਨਹੀਂ ਨਿਕਲ ਸਕੀ। ਭਾਵੇਂ ਸਰਕਾਰ ਦੇ ਪੰਦਰਾਂ ਹਜਾਰ ਰੁਪਏ ਪ੍ਰਤੀ ਏਕੜ ਮੁਆਵਜੇ ਨਾਲ ਉਹਨਾਂ ਦਾ ਘਰ ਪੂਰਾ ਨਹੀਂ ਹੋਵੇਗਾ, ਪ੍ਰੰਤੂ ਗੁਜਾਰੇ ਦਾ ਸਹਾਰਾ ਜਰੂਰ ਬਣ ਜਾਵੇਗਾ।

ਪੰਜਾਬ ਸਰਕਾਰ ਤੁਰੰਤ ਮੁਆਵਜਾ ਜਾਰੀ ਕਰੇ

ਪੰਜਾਬ ਸਰਕਾਰ (Punjab Govt) ਨੂੰ ਤੁਰੰਤ ਮੁਆਵਜਾ ਜਾਰੀ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕਿਸਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਦੀ ਪੰਜ ਏਕੜ ਕਣਕ ਦੀ ਫਸਲ ਗੜੇਮਾਰੀ ਕਾਰਨ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਰੋਟੀ ਰੋਟੀ ਦੇ ਵੀ ਲਾਲੇ ਪੈ ਗਏ ਹਨ। ਬੱਚਿਆਂ ਦੇ ਸਕੂਲਾਂ ਦੀ ਫੀਸਾਂ ਭਰਨ ਜੋਗੇ ਵੀ ਉਨ੍ਹਾਂ ਪਾਸ ਪੈਸੇ ਨਹੀਂ ਹਨ ਅਤੇ ਨਵੀਂ ਫਸਲ ਬੀਜਨ ਲਈ ਵੀ ਬੀਜ ਲੈਣ ਨੂੰ ਪੈਸੇ ਨਹੀਂ ਹਨ। ਗੁਰਸੇਵਕ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਅਗਲੀ ਫਸਲ ਬੀਜ ਸਕਣ ਅਤੇ ਆਪਣੇ ਖਾਣ ਜੋਗੀ ਕਣਕ ਖਰੀਦ ਸਕਣ।

ਗੜ੍ਹੇਮਾਰੀ ਕਾਰਨ ਹੋਇਆ ਨੁਕਸਾਨ

ਇਸ ਤੋਂ ਇਲਾਵਾ ਇਕ ਹੋਰ ਕਿਸਾਨ ਹਰਮੇਲ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਹੀ ਇਕ ਕਿਸਾਨ ਦੀ 16 ਏਕੜ ਜਮੀਨ ਠੇਕੇ ਤੇ ਲੈ ਕੇ ਵਾਹੀ ਕਰ ਰਿਹਾ ਹੈ ਅਤੇ ਇਸ ਵਾਰ ਗੜੇਮਾਰੀ ਦੇ ਕਾਰਨ ਸਾਰੀ ਦੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ। ਅਸੀ ਤਾਂ ਸਰਕਾਰ ਦੇ ਮੁਆਵਜੇ ਦੀ ਉਡੀਕ ਕਰ ਰਹੇ ਹਾਂ।ਇਸ ਮਾਮਲੇ ਚ ਕਿਸਾਨ ਆਗੂ ਜਤਿੰਦਰਜੀਤ ਸਿੰਘ ਭਿੰਡਰ ਨੇ ਕਿਹਾ ਕਿ ਜੈਤੋ ਹਲਕੇ ਦੇ ਕਈ ਪਿੰਡਾਂ ਡੋਡ, ਸੇਵੇਵਾਲਾ, ਬਾਜਾਖਾਨ, ਭਗਤੂਆਣਾ ਆਦਿ ਚ ਸੋ ਫੀਸਦੀ ਨੁਕਸਾਨ ਹੋਇਆ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫੌਕੀ ਬਿਆਨਬਾਜੀ ਹੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਅਵਜਾ ਨਹੀਂ ਮਿਲ ਰਿਹਾ ਅਤੇ ਕਿਸਾਨ ਇਸ ਕਾਰਨ ਬਹੁਤ ਪ੍ਰੇਸ਼ਾਨੀ ਦੀ ਹਾਲਤ ਚੋਂ ਲੰਘ ਰਹੇ ਹਨ। ਇਸ ਮਾਮਲੇ ਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਜੈਤੋ ਹਲਕੇ ਚ ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਸੀ। ਜਿਸ ਦੀ ਰਿਪੋਰਟ ਜਿਲਾ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਕਈ ਪਿੰਡਾਂ ਚ ਕਿਸਾਨਾਂ ਨੂੰ ਮੁਆਵਜਾ ਮਿਲ ਚੁੱਕਾ ਹੈ ਅਤੇ ਬਾਕੀ ਪਿੰਡਾਂ ਚ ਵੀ ਜਲਦ ਹੀ ਮੁਅਵਜਾ ਮਿਲ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ