ਪੰਜਾਬ ਸਰਕਾਰ ਨੇ ਟਰੈਕਟਰ ਨਾਲ ਸਟੰਟ ਕਰਨ ‘ਤੇ ਲਾਈ ਪਾਬੰਦੀ, ਸੀਐੱਮ ਮਾਨ ਬੋਲੇ – ਖੇਤਾਂ ਦੇ ਰਾਜਾ ਨੂੰ ਨਾ ਬਣਾਓ ਮੌਤ ਦਾ ਦੂਤ
ਛਿੰਝ ਮੇਲੇ ਦੌਰਾਨ ਸੁਖਮਨਦੀਪ ਸਿੰਘ ਠੱਠਾ ਨੇ ਸਟੰਟ ਕਰਨ ਲਈ ਆਪਣੇ ਟਰੈਕਟਰ ਦੇ ਅਗਲੇ ਪਹੀਏ ਨੂੰ ਉੱਚਾ ਕੀਤਾ, ਪਿਛਲੇ ਟਾਇਰਾਂ ਨੂੰ ਮਿੱਟੀ ਵਿੱਚ ਦਬਾ ਦਿੱਤਾ, ਦੌੜਦੇ ਹੋਏ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਟਰੈਕਟਰ ਦੇ ਨਾਲ-ਨਾਲ ਚੱਲਣ ਲੱਗਾ। ਦੇਖਦਿਆਂ ਹੀ ਦੇਖਦਿਆਂ ਟਰੈਕਟਰ ਬੇਕਾਬੂ ਹੋ ਗਿਆ ਅਤੇ ਮਿੱਟੀ 'ਚੋਂ ਨਿਕਲ ਕੇ ਮੇਲਾ ਦੇਖ ਰਹੇ ਲੋਕਾਂ ਵੱਲ ਭੱਜਣ ਲੱਗਾ। ਜਿਸ ਨੂੰ ਸੁਖਮਨਦੀਪ ਸਿੰਘ ਵੱਲੋਂ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਹ ਟਰੈਕਟਰ ਦੀ ਲਪੇਟ 'ਚ ਆ ਗਿਆ।
ਪੰਜਾਬ ਸਰਕਾਰ ਨੇ ਟਰੈਕਟਰ ਨਾਲ ਸਟੰਟ ਕਰਨ ਤੇ ਬੈਨ ਲਗਾ ਦਿੱਤਾ ਹੈ। ਇਹ ਫੈਸਲਾ ਬੀਤੇ ਦਿਨ ਟਰੈਕਟਰ ਨਾਲ ਸੰਟਟ ਦਿਖਾਉਣ ਦੌਰਾਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਕਿਹਾ ਕਿ ਉਹ ਟਰੈਕਟਰ ਨਾਲ ਖ਼ਤਰਨਾਕ ਸਟੰਟ ਕਰਕੇ ਇਸਨੂੰ ਮੌਤ ਦਾ ਦੂਤ ਨਾ ਬਣਾਓ। ਪੰਜਾਬ ਸਰਕਾਰ ਇਸ ਤਰ੍ਹਾਂ ਦੇ ਸਟੰਟ ਕਰਨ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਰਹੀ ਹੈ।
ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ.. pic.twitter.com/qxEA6gUdmy
— Bhagwant Mann (@BhagwantMann) October 30, 2023
ਮੇਲਾ ਕਮੇਟੀ ਨੇ ਨਹੀਂ ਲਈ ਸੀ ਮਨਜੂਰੀ – ਡੀਸੀ
ਇਸ ਦਰਦਨਾਕ ਹਾਦਸੇ ਨੂੰ ਲੈ ਕੇ ਇਲਾਕੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਖੁਲਾਸਾ ਕੀਤਾ ਹੈ ਕਿ ਮੇਲਾ ਕਮੇਟੀ ਨੇ ਪ੍ਰਸ਼ਾਸਨ ਤੋਂ ਸਟੰਟ ਦੀ ਮਨਜ਼ੂਰੀ ਨਹੀਂ ਲਈ ਸੀ। ਉਹਨਾਂ ਕਿਹਾ ਕਿ ਮੇਲਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਜੇਕਰ ਅਜਿਹੇ ਸਟੰਟ ਕਰਵਾਣੇ ਹੋਣ ਤਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਚਾਅ ਦੇ ਪੂਰੇ ਇੰਤਜ਼ਾਮ ਕਰਨ ਤੋ ਬਾਅਦ ਹੀ ਅਜਿਹੇ ਪ੍ਰੋਗਰਾਮ ਕਰਵਾਉਣ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਲੱਗਣ ਵਾਲੇ ਅਜਿਹੇ ਮੇਲਿਆਂ ‘ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਕੋਈ ਵੀ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜਿਸ ਵਿੱਚ ਅਜਿਹਾ ਕੋਈ ਸਟੰਟ ਕਰਵਾਇਆ ਜਾਣਾ ਹੋਵੇ ਜਿਸ ਵਿੱਚ ਜਾਨ ਦਾ ਖਤਰਾ ਹੋਵੇ।
ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਐਸ.ਡੀ.ਐਮ ਫਤਿਹਗੜ੍ਹ ਚੂੜੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਐਡਵਾਈਜ਼ਰੀ ਜਾਰੀ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣਗੇ
ਸਟੰਟ ਦੌਰਾਨ ਹੋਈ ਸੀ ਸੁਖਮਨਦੀਪ ਦੀ ਮੌਤ
ਜਿਕਰਯੋਗ ਹੈ ਕਿ ਬਟਾਲਾ ਦੇ ਪਿੰਡ ਸਰਚੂਰ ਵਿੱਚ ਛਿੰਝ ਮੇਲੇ ਵਿੱਚ ਟਰੈਕਟਰ ਨਾਲ ਸਟੰਟ ਕਰ ਰਹੇ ਸਟੰਟਮੈਨ ਸੁਖਮਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਸ ਦੀ ਉਮਰ 29 ਸਾਲ ਦੇ ਕਰੀਬ ਸੀ। ਹਲਕਾ ਫਤਿਹਪੁਰ ਚੂੜੀਆਂ ਦਾ ਰਹਿਣ ਵਾਲਾ ਸੁਖਮਨਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ।ਸੁਖਮਨਦੀਪ ਸਿੰਘ ਨੇ ਕਿਸਾਨੀ ਅੰਦੋਲਨ ਦੌਰਾਨ ਸਟੰਟ ਕਰਨਾ ਸਿਖਿਆ ਸੀ ਇਸ ਦੌਰਾਨ ਸੁਖਮਨਦੀਪ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਮੇਲਾ ਪ੍ਰਬੰਧਕਾਂ ਨੇ ਸੁਖਮਨਦੀਪ ਦੀ ਮੌਤ ਤੋਂ ਬਾਅਦ ਮੇਲਾ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।