ਸਰਹੱਦੀ ਖੇਤਰ ਲਈ ‘ਆਪ’ ਦਾ ਵੱਡਾ ਤੋਹਫ਼ਾ, ਬਿਕਰਾਊਰ ਨੂੰ ਮਿਲੇਗਾ ਨਵਾਂ ਸਰਕਾਰੀ ਕਾਲਜ

Updated On: 

29 Oct 2025 17:21 PM IST

ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਬੱਚੇ ਹੁਣ ਉੱਚ ਸਿੱਖਿਆ ਲਈ ਅੰਮ੍ਰਿਤਸਰ ਜਾਂ ਹੋਰ ਦੂਰਲੇ ਇਲਾਕਿਆਂ ਤੱਕ ਜਾਣ ਲਈ ਮਜਬੂਰ ਨਹੀਂ ਰਹਿਣਗੇ। ਕਾਲਜ ਬਣਨ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਤੇ ਨੌਜਵਾਨਾਂ ਨੂੰ ਆਪਣੇ ਖੇਤਰ ਵਿਚ ਹੀ ਗੁਣਵੱਤਾਪੂਰਨ ਸਿੱਖਿਆ ਮਿਲੇਗੀ।

ਸਰਹੱਦੀ ਖੇਤਰ ਲਈ ਆਪ ਦਾ ਵੱਡਾ ਤੋਹਫ਼ਾ, ਬਿਕਰਾਊਰ ਨੂੰ ਮਿਲੇਗਾ ਨਵਾਂ ਸਰਕਾਰੀ ਕਾਲਜ
Follow Us On

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਵੱਡਾ ਐਲਾਨ ਕੀਤਾ ਗਿਆ ਹੈ। ਹਲਕਾ ਅਜਨਾਲਾ ਦੇ ਪਿੰਡ ਬਿਕਰਾਊਰ ਨੂੰ ਨਵਾਂ ਸਰਕਾਰੀ ਕਾਲਜ ਮਿਲਣ ਜਾ ਰਿਹਾ ਹੈ। ਇਹ ਕਾਲਜ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਨਾਲ ਨਾ ਸਿਰਫ ਪਿੰਡ ਬਿਕਰਾਓਰ, ਸਗੋਂ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਸਹੂਲਤ ਮਿਲੇਗੀ।

ਅਜਨਾਲਾ ਹਲਕੇ ਦੇ ਵਿਧਾਇਕ ਤੇ ਸਾਬਕਾ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕਾਲਜ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਨੇ ਕਾਲਜ ਬਣਾਉਣ ਦਾ ਵਾਅਦਾ ਤਾਂ ਕੀਤਾ ਸੀ, ਪਰ ਕਿਸੇ ਨੇ ਵੀ ਉਹ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਇਕ ਇਤਿਹਾਸਕ ਕਦਮ ਚੁੱਕਿਆ ਹੈ।

ਧਾਲੀਵਾਲ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਬੱਚੇ ਹੁਣ ਉੱਚ ਸਿੱਖਿਆ ਲਈ ਅੰਮ੍ਰਿਤਸਰ ਜਾਂ ਹੋਰ ਦੂਰਲੇ ਇਲਾਕਿਆਂ ਤੱਕ ਜਾਣ ਲਈ ਮਜਬੂਰ ਨਹੀਂ ਰਹਿਣਗੇ। ਕਾਲਜ ਬਣਨ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਤੇ ਨੌਜਵਾਨਾਂ ਨੂੰ ਆਪਣੇ ਖੇਤਰ ਵਿਚ ਹੀ ਗੁਣਵੱਤਾਪੂਰਨ ਸਿੱਖਿਆ ਮਿਲੇਗੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਤੱਕ ਵਿਕਾਸ ਪਹੁੰਚਾਉਣਾ ਤੇ ਸਰਹੱਦੀ ਖੇਤਰਾਂ ਨੂੰ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਮਾਮਲੇ ‘ਚ ਮਜ਼ਬੂਤ ਕਰਨਾ ਹੈ। ਇਸ ਪ੍ਰੋਜੈਕਟ ਨਾਲ ਅਜਨਾਲਾ ਹਲਕੇ ਦੀ ਤਸਵੀਰ ਬਦਲਣ ਦੀ ਉਮੀਦ ਹੈ।