ਪੰਜਾਬ ਨੂੰ ਮਿਲਿਆ ਏਆਈਐਫ ਸਕੀਮ ਦੇ ਤਹਿਤ ਭਾਰਤ ਵਿੱਚ “ਬੈਸਟ ਪਰਫਾਰਮਿੰਗ ਸਟੇਟ ਅਵਾਰਡ”

Updated On: 

05 Sep 2024 17:30 PM

Best Performing Award in AIF: ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਇਹ ਪਸਾਰ ਸੂਬੇ ਦੇ ਕਿਸਾਨਾਂ ਅਤੇ ਉੱਦਮੀਆਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਤੇ ਬੁਨਿਆਦੀ ਢਾਂਚੇ ਨੂੰ ਅਪਣਾਉਣ ਦੇ ਹੋਰ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਕਿਸਾਨ ਏਆਈਐਫ ਸਕੀਮ ਦਾ ਲਾਭ ਲੈਂਦੇ ਰਹਿਣਗੇ ਕਿਉਂਕਿ ਇਸ ਦਾ ਮੌਜੂਦਾ ਵਿਸਤਾਰ ਸਕੀਮ ਨੂੰ ਹੋਰ ਲਾਭਦਾਇਕ ਬਣਾ ਰਿਹਾ ਹੈ।

ਪੰਜਾਬ ਨੂੰ ਮਿਲਿਆ ਏਆਈਐਫ ਸਕੀਮ ਦੇ ਤਹਿਤ ਭਾਰਤ ਵਿੱਚ ਬੈਸਟ ਪਰਫਾਰਮਿੰਗ ਸਟੇਟ ਅਵਾਰਡ

ਪੰਜਾਬ ਨੂੰ ਮਿਲਿਆ AIF ਸਕੀਮ ਦੇ ਤਹਿਤ ਭਾਰਤ ਵਿੱਚ "ਬੈਸਟ ਪਰਫਾਰਮਿੰਗ ਸਟੇਟ ਅਵਾਰਡ

Follow Us On

ਪੰਜਾਬ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਸਕੀਮ ਤਹਿਤ ਸਾਲ 2023-24 ਲਈ “ਬੈਸਟ ਪਰਫਾਰਮਿੰਗ ਸਟੇਟ” ਦਾ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨੈਸ਼ਨਲ ਐਗਰੀਕਲਚਰਲ ਸਾਇੰਸ ਕੰਪਲੈਕਸ, ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਯੋਜਿਤ ਏਆਈਐਫ ਐਕਸੀਲੈਂਸ ਅਵਾਰਡ ਸਮਾਰੋਹ ਦੌਰਾਨ ਦਿੱਤਾ।

ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਸਮੁੱਚੀ ਏਆਈਐਫ ਟੀਮ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਇਸ ਸਕੀਮ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਵੀਰਵਾਰ ਨੂੰ ਇਹ ਐਵਾਰਡ ਡਾਇਰੈਕਟਰ ਬਾਗਬਾਨੀ ਸ਼ਲਿੰਦਰ ਕੌਰ ਆਈਐਫਐਸ, ਸੰਯੁਕਤ ਡਾਇਰੈਕਟਰ ਤਜਿੰਦਰ ਬਾਜਵਾ, ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਅਤੇ ਏਆਈਐਫ ਦੀ ਟੀਮ ਲੀਡਰ ਰਵਦੀਪ ਕੌਰ ਨੇ ਉਨ੍ਹਾਂ ਦੇ ਦਫ਼ਤਰ ਵਿਖੇ ਸੌਂਪਿਆ।

ਜੋੜਾਮਾਜਰਾ ਨੇ ਪੰਜਾਬ ਵੱਲੋਂ ਕੀਤੇ ਸ਼ਾਨਦਾਰ ਵਿਕਾਸ ਬਾਰੇ ਦੱਸਿਆ

ਇਸ ਸਕੀਮ ਤਹਿਤ ਪੰਜਾਬ ਵੱਲੋਂ ਕੀਤੇ ਗਏ ਸ਼ਾਨਦਾਰ ਵਿਕਾਸ ਬਾਰੇ ਚਾਨਣਾ ਪਾਉਂਦਿਆਂ ਕੈਬਨਿਟ ਮੰਤਰੀ ਜੋੜਾਮਾਜਰਾ ਨੇ ਦੱਸਿਆ ਕਿ ਵਿੱਤੀ ਸਾਲ 2021-22 ਦੌਰਾਨ ਸਿਰਫ਼ 164 ਪ੍ਰਾਜੈਕਟ ਹੀ ਮਨਜ਼ੂਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ (ਜੋ ਏਆਈਐਫ ਲਈ ਸਟੇਟ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ) ਦੀ ਰਣਨੀਤਕ ਯੋਜਨਾਬੰਦੀ ਅਤੇ ਇੱਕ ਸਮਰਪਿਤ ਪ੍ਰੋਜੈਕਟ ਨਿਗਰਾਨੀ ਯੂਨਿਟ (ਪੀਐੱਮਯੂ) ਦੀ ਸ਼ੁਰੂਆਤ ਨਾਲ ਅਗਲੇ ਸਾਲ ਉਚਾਈਆਂ ਨੂੰ ਛੁਹਿਆ ਅਤੇ ਵਿੱਤੀ ਸਾਲ 2022-23 ਤੱਕ ਰਾਜ ਨੇ 3,480 ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ, ਜੋ ਵਿੱਤੀ ਸਾਲ 2023-24 ਦੌਰਾਨ ਲਗਭਗ ਚਾਰ ਗੁਣਾ ਵੱਧ ਕੇ 12,064 ਹੋ ਗਈ। ਉਨ੍ਹਾਂ ਦੱਸਿਆ ਕਿ ਅਗਸਤ 2024 ਤੱਕ ਪ੍ਰਵਾਨਿਤ ਪ੍ਰੋਜੈਕਟਾਂ ਦੀ ਕੁੱਲ ਗਿਣਤੀ 16,680 ਤੱਕ ਪਹੁੰਚ ਗਈ ਹੈ।

ਜਿਕਰਯੋਗ ਹੈ ਕਿ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਇਨ੍ਹਾਂ ਪ੍ਰੋਜੈਕਟਾਂ ਤਹਿਤ 6,626 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਗਿਆ। ਇਹਨਾਂ ਵਿੱਚੋਂ, ਭਾਗੀਦਾਰ ਬੈਂਕਾਂ ਨੇ ਕੁੱਲ 3,941 ਕਰੋੜ ਰੁਪਏ ਦੇ ਮਿਆਦੀ ਕਰਜ਼ੇ ਮਨਜ਼ੂਰ ਕੀਤੇ, ਜੋ ਪੰਜਾਬ ਭਰ ਵਿੱਚ ਖੇਤੀਬਾੜੀ ਸੈਕਟਰ ਵਿੱਚ ਸੁਧਾਰ ਕਰਨ ਲਈ ਇੱਕ ਮਜ਼ਬੂਤ ​​ਵਿੱਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ ਇਸ ਸਕੀਮ ਅਧੀਨ ਸਥਾਪਤ ਕੀਤੇ ਗਏ ਪ੍ਰੋਜੈਕਟਾਂ ਦੀਆਂ ਪ੍ਰਮੁੱਖ ਸ਼੍ਰੇਣੀਆਂ ਵਿੱਚ ਕਸਟਮ ਹਾਇਰਿੰਗ ਸੈਂਟਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਛਾਂਟੀ ਯੂਨਿਟ, ਕੋਲਡ ਸਟੋਰੇਜ, ਵਾਢੀ ਤੋਂ ਬਾਅਦ ਪ੍ਰਬੰਧਨ ਲਈ ਬੁਨਿਆਦੀ ਢਾਂਚਾ, ਸੋਲਰ ਪੈਨਲਾਂ ਦੀ ਸਥਾਪਨਾ ਅਤੇ ਮੌਜੂਦਾ ਬੁਨਿਆਦੀ ਢਾਂਚੇ ‘ਤੇ ਸੋਲਰ ਪੈਨਲ ਅਤੇ ਸੋਲਰ ਪੰਪ ਲਗਾਉਣਾ ਆਦਿ ਸ਼ਾਮਲ ਹਨ।

ਪੰਜਾਬ ਵਿੱਚ ਸਕੀਮ ਦੇ 70 ਫੀਸਦੀ ਤੋਂ ਵੱਧ ਲਾਭਪਾਤਰੀ ਕਿਸਾਨ

ਜੋੜਾਮਾਜਰਾ ਦੀ ਅਗਵਾਈ ਹੇਠ ਅਤੇ ਕੇ.ਏ.ਪੀ. ਸਿਨਹਾ, ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਦੇ ਰਣਨੀਤਕ ਸਹਿਯੋਗ ਨਾਲ ਇਸ ਸਕੀਮ ਨੂੰ ਪੰਜਾਬ ਵਿੱਚ ਸਰਗਰਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਇਸ ਸਕੀਮ ਦੇ 70 ਫੀਸਦੀ ਤੋਂ ਵੱਧ ਲਾਭਪਾਤਰੀ ਕਿਸਾਨ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਯੋਜਨਾ ਦਾ ਲਾਭ ਖੇਤੀ ਖੇਤਰ ਤੱਕ ਪਹੁੰਚਾਉਣ ਵਿੱਚ ਪੰਜਾਬ ਦੀ ਅਗਾਉਂ ਭੂਮਿਕਾ ਉਜਾਗਰ ਕਰਨ ਸਮੇਤ ਖੇਤੀ ਖੇਤਰ ਵਿੱਚ ਯੋਜਨਾ ਨੂੰ ਲਾਗੂ ਕਰਨ ਵੱਲ ਇੱਕ ਵਿਲੱਖਣ ਪ੍ਰਗਤੀ ਹੈ।

ਡਾਇਰੈਕਟਰ ਬਾਗਬਾਨੀ ਸ਼ਲਿੰਦਰ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੈਫਲਾਵਰ ਕੰਪੋਨੈਂਟ-ਏ ਅਤੇ ਏਕੀਕ੍ਰਿਤ ਪ੍ਰਾਇਮਰੀ-ਸੈਕੰਡਰੀ ਪ੍ਰੋਸੈਸਿੰਗ ਪ੍ਰੋਜੈਕਟ ਹੁਣ ਵਿਸਤ੍ਰਿਤ ਏ.ਆਈ.ਐਫ ਸਕੀਮ ਅਧੀਨ ਯੋਗ ਗਤੀਵਿਧੀਆਂ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਹੁਣ ਖੁੰਬਾਂ ਦੀ ਕਾਸ਼ਤ, ਪੋਲੀਹਾਊਸ/ਗਰੀਨਹਾਊਸ ਸਥਾਪਤ ਕਰਨ, ਵਰਟੀਕਲ ਫਾਰਮਿੰਗ, ਹਾਈਡ੍ਰੋਪੋਨਿਕ ਅਤੇ ਐਰੋਪੋਨਿਕ ਫਾਰਮਿੰਗ ਦੇ ਨਾਲ-ਨਾਲ ਲੌਜਿਸਟਿਕਸ ਸਹੂਲਤਾਂ ਵਰਗੇ ਪ੍ਰੋਜੈਕਟਾਂ ਲਈ ਅਪਲਾਈ ਕਰ ਸਕਦੇ ਹਨ।