Punjab Floods: ਸੀਐਮ ਭਗਵੰਤ ਮਾਨ ਨੇ 631 ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਜਾਰੀ

Updated On: 

13 Oct 2025 14:06 PM IST

Punjab Flood Relief: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇੱਕ ਮਹੀਨੇ ਵਿਚਕਾਰ 631 ਕਿਸਾਨਾਂ ਨੂੰ ਘਰ ਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਆਏ ਹਾਂ। ਅਸੀਂ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਜਾ ਰਹੇ ਹਾਂ। ਇਹ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਪ੍ਰਤੀ ਏਕੜ 20 ਹਜ਼ਾਰ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨਾਂ ਨੂੰ ਪੈਸੇ ਖਾਤੇ 'ਚ ਆਉਣ ਦੇ ਮੈਸੇਜ ਵੀ ਆ ਵੀ ਗਏ ਹਨ ਤੇ ਮੈਂ ਮੁਆਵਜ਼ੇ ਦੀ ਰਾਸ਼ੀ ਮਿਲਣ ਤੋਂ ਬਾਅਦ ਆਇਆ ਹਾਂ।

Punjab Floods: ਸੀਐਮ ਭਗਵੰਤ ਮਾਨ ਨੇ 631 ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਜਾਰੀ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਜਨਾਲਾ, ਅੰਮ੍ਰਿਤਸਰ ਵਿਖੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਅਜਾਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਸਮੇਤ ਹੋਰ ਵੀ ਕਈ ਆਗੂ ਮੌਜੂਦ ਰਹੇ। ਸੀਐਮ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਕਿਸੇ ਖੁਸ਼ੀ ਦੇ ਮੌਕੇ ਮੈਂ ਇੱਥੇ ਆਉਂਦਾ, ਪਰ ਪਰਮਾਤਮਾ ਦਾ ਭਾਣਾ ਹੈ ਕਿ ਕੁੱਝ ਕਰ ਨਹੀਂ ਸਕਦੇ।

631 ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇੱਕ ਮਹੀਨੇ ਵਿਚਕਾਰ 631 ਕਿਸਾਨਾਂ ਨੂੰ ਘਰ ਤੇ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਆਏ ਹਾਂ। ਅਸੀਂ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਜਾ ਰਹੇ ਹਾਂ। ਇਹ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਪ੍ਰਤੀ ਏਕੜ 20 ਹਜ਼ਾਰ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨਾਂ ਨੂੰ ਪੈਸੇ ਖਾਤੇ ਚ ਆਉਣ ਦੇ ਮੈਸੇਜ ਵੀ ਆ ਵੀ ਗਏ ਹਨ ਤੇ ਮੈਂ ਮੁਆਵਜ਼ੇ ਦੀ ਰਾਸ਼ੀ ਮਿਲਣ ਤੋਂ ਬਾਅਦ ਆਇਆ ਹਾਂ। ਇਹ ਨਹੀਂ ਹੋ ਰਿਹਾ ਕਿ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਤੇ ਬਾਅਦ ਚ ਲੋਕ ਦੇਖਦੇ ਰਹਿਣ ਕਿ ਕਿੱਥੇ ਜਾਣਾ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ 5 ਕਰੋੜ 70 ਲੱਖ ਰੁਪਏ ਸਿਰਫ਼ ਅਜਨਾਲੇ ਦੇ 52 ਪਿੰਡਾਂ ਲਈ ਜਾਰੀ ਕਰਕੇ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਚੋਂ 3 ਕਰੋੜ 84 ਲੱਖ ਘਰਾਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਏ ਫਸਲਾਂ ਲਈ, ਜਦਕਿ 73.50 ਲੱਖ ਪਸ਼ੂਆਂ ਦਾ ਮੁਆਵਜ਼ਾ ਹੈ। ਅੱਜ ਇਹ ਸਿਰਫ਼ ਸ਼ੁਰੂਆਤ ਹੋਈ ਹੈ ਤੇ ਇਹ ਨਾ ਸੋਚਿਓ ਕਿ ਬੱਸ ਹੁਣ ਹੋ ਗਿਆ ਅੱਗੇ ਕੁੱਝ ਮੁਆਵਜ਼ਾ ਜਾਰੀ ਨਹੀਂ ਹੋਵੇਗਾ। ਇਸ ਤਰ੍ਹਾਂ ਹੋਰ ਵੀ ਕੈਂਪ ਲਗਾਏ ਜਾਣਗੇ ਤੇ ਰਾਸ਼ੀ ਵੰਡੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਦੀ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਵੀ ਤਾਰੀਫ਼ ਕੀਤੀ।

ਪਹਿਲੇ 25-25 ਰੁਪਏ ਦੀ ਚੈੱਕ ਜਾਰੀ ਕਰਕੇ ਹੁੰਦਾ ਸੀ ਮਜ਼ਾਕ: ਸੀਐਮ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ 11 ਸਤੰਬਰ ਨੂੰ ਐਲਾਨ ਕੀਤਾ ਸੀ ਕਿ 45 ਦਿਨਾਂ ਅੰਦਰ ਮੁਆਵਜ਼ਾ ਰਾਸ਼ੀ ਵੰਡਣੀ ਸ਼ੁਰੂ ਕਰ ਦਿਆਂਗੇ। ਅੱਜ ਸਿਰਫ਼ 32 ਦਿਨ ਹੋਏ ਹਨ ਕਿ ਅਸੀਂ ਅੱਜ 32 ਦਿਨਾਂ ਅੰਦਰ ਇਸ ਗੁਰੂਆਂ ਦੀ ਧਰਤੀ ਤੋਂ ਮੁਆਵਜ਼ੇ ਦੇ ਚੈੱਕ ਵੰਡਣੇ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਪਹਿਲੇ ਵੀ ਕੁਦਰਤੀ ਆਫ਼ਤਾਂ ਆਈਆ ਹਨ, ਉਸ ਸਮੇਂ 25-25, 37-37, 72-72 ਰੁਪਏ ਦੇ ਮੁਆਵਜ਼ੇ ਦੇ ਚੈੱਕ ਆਉਂਦੇ ਸਨ। ਇਸ ਤਰ੍ਹਾਂ ਦੇ ਮਜ਼ਾਕ ਵੀ ਲੋਕਾਂ ਨਾਲ ਹੁੰਦੇ ਰਹੇ। ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਾਈ ਹੈ, ਅਸੀਂ ਕਿਸੇ ਨਾਲ ਵਿਤਕਰਾ ਨਹੀਂ ਹੋਣ ਦਿਆਂਗੇ।

ਮੁੱਖ ਮੰਤਰੀ ਮਾਨ ਨੇ ਇਸ ਮੌਕੇ ਐਨਜੀਓਜ਼, ਧਾਰਮਿਕ ਸੰਸਥਾਵਾਂ, ਨੌਜਵਾਨਾਂ ਸਮੇਤ ਹਰ ਇੱਕ ਮਦਦ ਕਰਨ ਵਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਇਹ ਉਹ ਲੋਕ ਹਨ, ਜਿਨ੍ਹਾਂ ਨੇ ਲੋਕਾਂ ਨੂੰ ਖ਼ਤਰੇ ਤੋਂ ਕੱਢਿਆ, ਉਨ੍ਹਾਂ ਨੂੰ ਰਾਸ਼ਨ ਵੰਡਿਆ ਤੇ ਹਰ ਮਦਦ ਕੀਤੀ। ਉਨ੍ਹਾਂ ਕਿਹਾ ਕਿ ਕੋਈ ਹੋਰ ਸੂਬਾ ਹੁੰਦਾ ਤਾਂ ਉਸ ਨੂੰ ਮੁੜ ਖੜ੍ਹੇ ਹੋਣ ਲਈ ਲੰਬਾ ਸਮਾਂ ਲੱਗ ਜਾਂਦਾ। ਪਰ ਇਹ ਪੰਜਾਬੀਆਂ ਦੀ ਇਕਜੁੱਟਤਾ ਹੈ ਕਿ ਜਿੱਥੇ ਵੀ ਸੰਕਟ ਹੋਵੇ ਅਸੀਂ ਉੱਥੇ ਪਹੁੰਚ ਕੇ ਲੰਗਰ ਲਗਾਉਂਦੇ ਹਾਂ।