ਕਿਸਾਨ ਆਗੂਆਂ ‘ਚ ਤਕਰਾਰ ਤੇਜ਼, ਰਾਜੇਵਾਲ ਦੇ ਆਰੋਪਾਂ ‘ਤੇ ਪੰਧੇਰ ਦਾ ਪਲਟਵਾਰ; ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

Published: 

18 Aug 2026 23:11 PM IST

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਿਹਾ ਅੰਦਰੂਨੀ ਵਿਵਾਦ ਹੁਣ ਖੁੱਲ੍ਹ ਕੇ ਜਨਤਕ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਸ ਦੇ ਆਗੂ ਸਰਵਣ ਸਿੰਘ ਪੰਧੇਰ 'ਤੇ ਲਗਾਏ ਗਏ ਗੰਭੀਰ ਦੋਸ਼ਾਂ ਦਾ ਕਮੇਟੀ ਨੇ ਬੇਹੱਦ ਤਿੱਖਾ ਤੇ ਠੋਕਵਾਂ ਜਵਾਬ ਦਿੱਤਾ ਹੈ।

ਕਿਸਾਨ ਆਗੂਆਂ ਚ ਤਕਰਾਰ ਤੇਜ਼, ਰਾਜੇਵਾਲ ਦੇ ਆਰੋਪਾਂ ਤੇ ਪੰਧੇਰ ਦਾ ਪਲਟਵਾਰ; ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਿਹਾ ਅੰਦਰੂਨੀ ਵਿਵਾਦ ਹੁਣ ਖੁੱਲ੍ਹ ਕੇ ਜਨਤਕ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਸ ਦੇ ਆਗੂ ਸਰਵਣ ਸਿੰਘ ਪੰਧੇਰ ‘ਤੇ ਲਗਾਏ ਗਏ ਗੰਭੀਰ ਦੋਸ਼ਾਂ ਦਾ ਕਮੇਟੀ ਨੇ ਬੇਹੱਦ ਤਿੱਖਾ ਤੇ ਠੋਕਵਾਂ ਜਵਾਬ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਾਜੇਵਾਲ ਦੀ ਸਮੁੱਚੀ ਬਿਆਨਬਾਜ਼ੀ ਨੂੰ ਪੂਰੀ ਤਰ੍ਹਾਂ ਤੱਥਹੀਣ ਕਰਾਰ ਦਿੰਦਿਆਂ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਜਨਤਕ ਬਹਿਸ ਕਰਨ ਦੀ ਸਿੱਧੀ ਚੁਣੌਤੀ ਦਿੱਤੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਪੰਜ ਸਾਲਾਂ ਤੋਂ ਉਨ੍ਹਾਂ ਦੀ ਜਥੇਬੰਦੀ ਵਿਰੁੱਧ ਅਧੂਰੀ ਜਾਣਕਾਰੀ ਦੇ ਆਧਾਰ ‘ਤੇ ਜਾਂ ਕਿਸੇ ਖ਼ਾਸ ਏਜੰਡੇ ਤਹਿਤ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਨਾਲ ਕਿਸਾਨ ਜਥੇਬੰਦੀਆਂ ਦੇ ਆਪਸੀ ਏਕੇ ਨੂੰ ਭਾਰੀ ਢਾਹ ਲੱਗ ਰਹੀ ਹੈ ਅਤੇ ਸੰਗਠਨ ਦੇ ਵੱਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਮੇਟੀ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਦੀ ਏਕਤਾ ਨੂੰ ਕਮਜ਼ੋਰ ਨਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ।

ਸਿੰਘੂ ਬਾਰਡਰ ਪਹੁੰਚਣ ਦੇ ਦਾਅਵਿਆਂ ਨੂੰ ਸਬੂਤਾਂ ਸਮੇਤ ਨਕਾਰਿਆ

ਕਮੇਟੀ ਨੇ ਰਾਜੇਵਾਲ ਦੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ 2020 ਦੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਲਗਭਗ 20 ਦਿਨਾਂ ਦੀ ਦੇਰੀ ਨਾਲ ਸਿੰਘੂ ਬਾਰਡਰ ‘ਤੇ ਪਹੁੰਚੇ ਸਨ। ਕਮੇਟੀ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ 27 ਨਵੰਬਰ 2020 ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ ਸਨ ਅਤੇ 29 ਨਵੰਬਰ ਨੂੰ ਸਿੰਘੂ ਬਾਰਡਰ ‘ਤੇ ਡੇਰੇ ਲਾ ਲਏ ਗਏ ਸਨ।

ਆਪਣੇ ਦਾਅਵੇ ਦੇ ਸਮਰਥਨ ਵਿੱਚ ਕਮੇਟੀ ਨੇ ਉਸ ਸਮੇਂ ਦੀਆਂ ਅਖ਼ਬਾਰੀ ਰਿਪੋਰਟਾਂ, ਸੁਰਖ਼ੀਆਂ, ਤਸਵੀਰਾਂ ਅਤੇ ਵੀਡੀਓ ਫੁਟੇਜ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ 29 ਨਵੰਬਰ 2020 ਨੂੰ ਦਿੱਲੀ ਦੇ ਅਲੀਪੁਰ ਥਾਣੇ ਵਿੱਚ ਦਰਜ ਐਫ.ਆਈ.ਆਰ. ਨੰਬਰ 813 ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਕਮੇਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ 29 ਨਵੰਬਰ ਨੂੰ ਸਿੰਘੂ ਬਾਰਡਰ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੇਜ ‘ਤੇ ਪਹੁੰਚਣ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪਾਂ ਵੀ ਜਲਦ ਜਨਤਕ ਕਰਨਗੇ।

ਇਸੇ ਦੌਰਾਨ ਰਾਜੇਵਾਲ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ‘ਤੇ ਸਰਕਾਰ ਨਾਲ ਮਿਲੀਭੁਗਤ ਕਰਕੇ ‘ਬੱਤੀਆਂ ਵਾਲੇ ਚੌਕ’ ਤੱਕ ਪਹੁੰਚਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਰਾਜੇਵਾਲ ਕੋਲ ਇਸ ਸਬੰਧੀ ਕੋਈ ਠੋਸ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖਣ। ਕਮੇਟੀ ਨੇ ਦੁਹਰਾਇਆ ਕਿ ਉਹ ਹਰ ਤੱਥ ਦੀ ਜਾਂਚ ਅਤੇ ਜਨਤਕ ਚਰਚਾ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

26 ਜਨਵਰੀ ਦੀਆਂ ਘਟਨਾਵਾਂ ਬਾਰੇ ਦਿੱਤਾ ਸਪੱਸ਼ਟੀਕਰਨ

26 ਜਨਵਰੀ 2021 ਨੂੰ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਵੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਵਿੱਚ ਵਾਰ-ਵਾਰ ਕੀਤੇ ਬਦਲਾਵਾਂ ਮਗਰੋਂ ਰਿੰਗ ਰੋਡ ‘ਤੇ ਜਾਣ ਦੀ ਜੋ ਕਾਲ ਦਿੱਤੀ ਗਈ ਸੀ, ਉਸੇ ਅਨੁਸਾਰ ਹੀ ਜਥੇਬੰਦੀ ਨੇ ਅਗਲੀ ਕਾਰਵਾਈ ਕੀਤੀ ਸੀ। ਕਮੇਟੀ ਨੇ ਕਿਹਾ ਕਿ ਇਸ ਘਟਨਾ ਨੂੰ ਵਾਰ-ਵਾਰ ਗ਼ਲਤ ਢੰਗ ਨਾਲ ਪੇਸ਼ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਤੁਰੰਤ ਬੰਦ ਹੋਣਾ ਚਾਹੀਦਾ ਹੈ।

ਮੋਗਾ ਰੈਲੀ ਦੇ ਏਕਤਾ ਮਤੇ ਅਤੇ ਦੋਹਰੀ ਨੀਤੀ ‘ਤੇ ਘੇਰਿਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਗਾ ਰੈਲੀ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਸ ਕੀਤੇ ਗਏ ਏਕਤਾ ਮਤੇ ਦਾ ਹਵਾਲਾ ਦਿੱਤਾ। ਆਗੂਆਂ ਨੇ ਕਿਹਾ ਕਿ ਉਸ ਮਤੇ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਏਕਤਾ ਬਣਾਈ ਰੱਖਣ ਲਈ ਕੋਈ ਵੀ ਧਿਰ ਜਨਤਕ ਤੌਰ ‘ਤੇ ਪਿਛਲੀਆਂ ਘਟਨਾਵਾਂ ਨੂੰ ਲੈ ਕੇ ਦੂਜੀ ਜਥੇਬੰਦੀ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕਰੇਗੀ। ਕਮੇਟੀ ਦਾ ਦੋਸ਼ ਹੈ ਕਿ ਰਾਜੇਵਾਲ ਲਗਾਤਾਰ ਇਸ ਮਤੇ ਦੀ ਭਾਵਨਾ ਦੇ ਉਲਟ ਜਾ ਕੇ ਬਿਆਨਬਾਜ਼ੀ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।

ਕਮੇਟੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕਰੀਬ ਦੋ ਸਾਲ ਪਹਿਲਾਂ ਵੀ ਰਾਜੇਵਾਲ ਤੱਕ ਸਾਰੇ ਤੱਥ ਪਹੁੰਚਾਉਣ ਅਤੇ ਇਨ੍ਹਾਂ ਮੁੱਦਿਆਂ ‘ਤੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਵੀ ਉਨ੍ਹਾਂ ਨੇ ਗੱਲਬਾਤ ਲਈ ਸਹਿਮਤੀ ਨਹੀਂ ਦਿੱਤੀ। ਇਸ ਦੇ ਬਾਵਜੂਦ ਜਨਤਕ ਮੰਚਾਂ ਤੋਂ ਸੰਗਠਨ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰੱਖੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਅੰਦਰੂਨੀ ਮੀਟਿੰਗਾਂ ਵਿੱਚ ਏਕੇ ਨੂੰ ਬਚਾਉਣ ਦੀਆਂ ਗੱਲਾਂ ਹੁੰਦੀਆਂ ਹਨ ਪਰ ਜਨਤਕ ਤੌਰ ‘ਤੇ ਇਸ ਦੇ ਬਿਲਕੁਲ ਉਲਟ ਰੁਖ਼ ਅਪਣਾਇਆ ਜਾਂਦਾ ਹੈ। ਅਜਿਹੀ ਦੋਹਰੀ ਨੀਤੀ ਸਮੁੱਚੇ ਕਿਸਾਨ ਅੰਦੋਲਨ ਲਈ ਬੇਹੱਦ ਘਾਤਕ ਹੈ।

ਹੁਣ ਚੁੱਪ ਨਹੀਂ ਰਹੇਗਾ ਸੰਗਠਨ; ਸਿੱਧੀ ਬਹਿਸ ਦਾ ਸੱਦਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨ-ਮਜ਼ਦੂਰ ਏਕਤਾ ਅਤੇ ਅੰਦੋਲਨ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦਿਆਂ ਜਥੇਬੰਦੀ ਨੇ ਹਰ ਦੋਸ਼ ਦਾ ਜਨਤਕ ਜਵਾਬ ਦੇਣ ਤੋਂ ਜਾਣਬੁੱਝ ਕੇ ਸੰਕੋਚ ਕੀਤਾ ਸੀ। ਪਰ ਜੇਕਰ ਹੁਣ ਵੀ ਇਸੇ ਤਰ੍ਹਾਂ ਦੋਸ਼ਬਾਜ਼ੀ ਜਾਰੀ ਰਹੀ ਤਾਂ ਸੰਗਠਨ ਤੱਥਾਂ ਅਤੇ ਪੁਖ਼ਤਾ ਸਬੂਤਾਂ ਨਾਲ ਆਪਣਾ ਪੱਖ ਹੋਰ ਮਜ਼ਬੂਤੀ ਨਾਲ ਜਨਤਕ ਕਰਨ ਲਈ ਮਜਬੂਰ ਹੋਵੇਗਾ।

ਅੰਤ ਵਿੱਚ ਕਮੇਟੀ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਮੀਡੀਆ ਦੀ ਮੌਜੂਦਗੀ ਵਿੱਚ ਆਹਮੋ-ਸਾਹਮਣੇ ਬੈਠ ਕੇ ਸਾਰੇ ਮੁੱਦਿਆਂ ‘ਤੇ ਖੁੱਲ੍ਹੀ ਚਰਚਾ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਰਾਜੇਵਾਲ ਆਪਣੇ ਲਗਾਏ ਦੋਸ਼ਾਂ ‘ਤੇ ਕਾਇਮ ਹਨ ਤਾਂ ਉਹ ਜਨਤਕ ਬਹਿਸ ਲਈ ਅੱਗੇ ਆਉਣ ਤਾਂ ਜੋ ਦੋਵੇਂ ਧਿਰਾਂ ਆਪੋ-ਆਪਣੇ ਸਬੂਤ ਜਨਤਾ ਦੀ ਕਚਹਿਰੀ ਵਿੱਚ ਰੱਖ ਸਕਣ। ਕਮੇਟੀ ਨੇ ਦੁਹਰਾਇਆ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ ਪੰਜਾਬ ਅਤੇ ਪੂਰੇ ਦੇਸ਼ ਦੇ ਹਿੱਤ ਵਿੱਚ ਜ਼ਰੂਰੀ ਹੈ ਅਤੇ ਇਸ ਏਕਤਾ ਨੂੰ ਕਮਜ਼ੋਰ ਕਰਨ ਵਾਲੀ ਹਰ ਕੋਸ਼ਿਸ਼ ਦਾ ਤੱਥਾਂ ਦੇ ਆਧਾਰ ‘ਤੇ ਜਵਾਬ ਦਿੱਤਾ ਜਾਵੇਗਾ।

Loading...
Unable to load recommendations.
Follow Us
Related Stories