11 ਫਰਵਰੀ ਨੂੰ ਪੰਜਾਬ ਆਉਣਗੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਿੱਧੂ ਦੀ ਮੌਗਾ ਰੈਲੀ ਦੇ ਪ੍ਰਬੰਧਕਾਂ ਨੂੰ ਨੋਟਿਸ

Updated On: 

25 Jan 2024 11:33 AM

Malikarjun Kharge in Punjab: ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਅਨੁਸ਼ਾਸਨਹੀਣਤਾ ਦੱਸ ਰਹੇ ਹਨ। ਜਿੱਤੇਗਾ ਪੰਜਾਬ, ਕਾਂਗਰਸ ਜਿੱਤੇਗੀ ਦੇ ਬੈਨਰ ਹੇਠ ਸਿੱਧੂ ਨੇ ਸੂਬਾਈ ਲੀਡਰਸ਼ਿਪ ਤੋਂ ਵੱਖ ਤਿੰਨ ਰੈਲੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋ ਬਠਿੰਡਾ ਅਤੇ ਇੱਕ ਹੁਸ਼ਿਆਰਪੁਰ ਵਿੱਚ ਸ਼ਾਮਲ ਹਨ। ਦੱਸ ਦੇਈਏ ਕਿ ਮੋਗਾ ਰੈਲੀ ਦਾ ਆਯੋਜਨ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਕੀਤਾ ਸੀ।

11 ਫਰਵਰੀ ਨੂੰ ਪੰਜਾਬ ਆਉਣਗੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਿੱਧੂ ਦੀ ਮੌਗਾ ਰੈਲੀ ਦੇ ਪ੍ਰਬੰਧਕਾਂ ਨੂੰ ਨੋਟਿਸ

ਪੰਜਾਬ ਕਾਂਗਰਸ (ਫਾਇਲ ਫੋਟੋ)

Follow Us On

ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਦੇ ਲੀਡਰ ਆਪਸ ਵਿੱਚ ਵਟੇ ਹੋਏ ਹਨ ਤਾਂ ਇਸੇ ਵਿਚਾਲੇ ਖ਼ਬਰ ਆਈ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ 11 ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਉਹ ਪਾਰਟੀ ਲੀਡਰਸ਼ਿਪ ਤੋਂ ਇਲਾਵਾ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਇਸ ਵੇਲ੍ਹੇ ਨਵਜੋਤ ਸਿੰਘ ਸਿੱਧੂ ਦੇ ਵੱਖਰੀਆਂ ਰੈਲੀਆਂ ਕਰਨ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜ੍ਹਿੰਗ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਾਫੀ ਗੁੱਸੇ ਵਿੱਚ ਹਨ। ਵੜਿੰਗ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪਾਰਟੀ ਦਾ ਅਨੁਸ਼ਾਸਨ ਤੋੜਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਦੇ ਦੌਰਾਨ ਖੜਗੇ ਦੀ ਇਸ ਫੇਰੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ, ਉਹ ਸਾਰੀ ਲੀਡਰਸ਼ਿੱਪ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਵੀ ਕਰ ਸਕਦੇ ਹਨ। ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਵੱਖ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਵੀ ਡੁੰਘਾਈ ਨਾਲ ਚਰਚਾ ਕਰ ਸਕਦੇ ਹਨ। ਨਾਲ ਹੀ ਸੂਬੇ ਵਿੱਚ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਤੈਅ ਕਰਨ ਨੂੰ ਲੈ ਕੇ ਵੀ ਸੀਨੀਅਰ ਆਗੂਆਂ ਤੇ ਵਰਕਰਾਂ ਕੋਲੋਂ ਫੀਡਬੈਕ ਲੈ ਸਕਦੇ ਹਨ।

ਸਿੱਧੂ ਲਗਾਤਾਰ ਕਰ ਰਹੇ ਵੱਖਰੀਆਂ ਰੈਲੀਆਂ

ਉੱਧਰ, ਨਵਜੋਤ ਸਿੰਘ ਸਿੱਧੂ ਹਾਲੇ ਵੀ ਲਗਾਤਾਰ ਵਖਰੀਆਂ ਰੈਲੀਆਂ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਮੋਗਾ ‘ਚ ਰੈਲੀ ਕੀਤੀ। ਹੁਣ ਪੰਜਾਬ ਕਾਂਗਰਸ ਨੇ ਇਸ ਰੈਲੀ ਨੂੰ ਲੈ ਕੇ ਨਵਜੋਤ ਸਿੱਧੂ ਦੇ ਸਾਥੀ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਸ਼ਿਕਾਇਤ ਤੇ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ – ਸਿੱਧੂ ਖਿਲਾਫ਼ ਐਕਸ਼ਨ ਦੀ ਤਿਆਰੀ ਚ ਕਾਂਗਰਸ, ਦੇਵੇਂਦਰ ਯਾਦਵ ਨੇ ਦਿੱਤੇ ਸੰਕੇਤ!

ਜਾਣਕਾਰੀ ਅਨੁਸਾਰ, ਮਹੇਸ਼ਇੰਦਰ ਸਿੰਘ ਅਤੇ ਉਨ੍ਹਾਂ ਦੇ ਲੜਕੇ ਕਰਮਪਾਲ ਸਿੰਘ ਨੇ ਰੈਲੀ ਕੀਤੀ ਸੀ। ਹੁਣ ਸੂਬਾ ਕਾਂਗਰਸ ਨੇ ਨੋਟਿਸ ਜਾਰੀ ਕਰਕੇ ਦੋ ਦਿਨਾਂ ਅੰਦਰ ਜਵਾਬ ਮੰਗਿਆ ਹੈ। 21 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਪਲੇਟਫਾਰਮ ਤੋਂ ਵੱਖ ਹੋ ਕੇ ਮੋਗਾ ਵਿੱਚ ਰੈਲੀ ਕੀਤੀ ਸੀ। ਜਿਕਰਯੋਗ ਹੈ ਕਿ ਜਾਰੀ ਪੱਤਰ ਵਿੱਚ ਪ੍ਰਦੇਸ਼ ਕਾਂਗਰਸ ਦਫ਼ਤਰ, ਜ਼ਿਲ੍ਹਾ ਮੁਖੀ ਅਤੇ ਸਥਾਨਕ ਲੀਡਰਸ਼ਿਪ ਨੂੰ ਮੀਟਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

ਸਿੱਧੂ ਦੀ ਮੋਗਾ ਰੈਲੀ ‘ਤੇ ਸਖਤ ਪਾਰਟੀ

ਦਰਅਸਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਨੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਨੂੰ ਗੰਭੀਰਤਾ ਨਾਲ ਲਿਆ ਹੈ। ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਦੀ ਰੈਲੀ ਬਾਰੇ ਪਾਰਟੀ ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਇਕਾਈ ਕੋਲ ਇਹ ਰੈਲੀ ਕਰਨ ਦੀ ਇਜਾਜ਼ਤ ਨਹੀਂ ਸੀ।

ਸਿੱਧੂ ਦੀ ਸੂਬਾ ਇੰਚਾਰਜ ਨਾਲ ਮੀਟਿੰਗ

ਇਹ ਰੈਲੀ ਇਸ ਲਈ ਅਹਿਮ ਸੀ ਕਿਉਂਕਿ ਸਿੱਧੂ ਨੇ ਆਪਣੇ ਹਾਲੀਆ ਪੰਜਾਬ ਦੌਰੇ ਦੌਰਾਨ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਰੈਲੀ ਵਿੱਚ ਸ਼ਮੂਲੀਅਤ ਕੀਤੀ। ਸਿੱਧੂ ਨੇ ਦਾਅਵਾ ਕੀਤਾ ਸੀ ਕਿ ਉਹ ਇੰਚਾਰਜ ਦੇਵੇਂਦਰ ਯਾਦਵ ਨੂੰ ਪਹਿਲਾਂ ਤੋਂ ਹੀ ਨਿਰਧਾਰਤ ਰੈਲੀਆਂ ਬਾਰੇ ਸੂਚਿਤ ਕਰ ਚੁੱਕੇ ਹਨ।

ਸੂਬਾ ਲੀਡਰਸ਼ਿਪ ਤੋਂ ਵੱਖ ਰੈਲੀਆਂ

ਉੱਧਰ, ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਅਨੁਸ਼ਾਸਨਹੀਣਤਾ ਦੱਸ ਰਹੇ ਹਨ। ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਸਿੱਧੂ ਨੇ ਸੂਬਾਈ ਲੀਡਰਸ਼ਿਪ ਤੋਂ ਵੱਖ ਤਿੰਨ ਰੈਲੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦੋ ਬਠਿੰਡਾ ਅਤੇ ਇੱਕ ਹੁਸ਼ਿਆਰਪੁਰ ਦੀਆਂ ਰੈਲੀਆ ਸ਼ਾਮਲ ਹਨ।

ਕਾਂਗਰਸੀ ਆਗੂਆਂ ਨੇ ਪ੍ਰੋਗਰਾਮ ਤੋਂ ਦੂਰੀ ਬਣਾਈ

ਦੱਸ ਦੇਈਏ ਕਿ ਮੋਗਾ ਰੈਲੀ ਦਾ ਆਯੋਜਨ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਕੀਤਾ ਸੀ। ਮਹੇਸ਼ਇੰਦਰ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪਰ ਮੋਗਾ ਦੇ ਕਾਂਗਰਸੀ ਆਗੂਆਂ ਨੇ ਵੀ ਇਸ ਪ੍ਰੋਗਰਾਮ ਤੋਂ ਦੂਰੀ ਬਣਾ ਲਈ ਸੀ ਕਿਉਂਕਿ ਇਹ ਸੂਬਾ ਪਾਰਟੀ ਇਕਾਈ ਦਾ ਪ੍ਰੋਗਰਾਮ ਨਹੀਂ ਸੀ।