ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ-ਸ਼ਾਮ ਵਧੀ ਠੰਢ; ਜਾਣੋ ਮੌਸਮ ਦਾ ਹਾਲ

Updated On: 

07 Nov 2026 07:07 AM IST

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦੇ ਤੇਵਰ ਪੂਰੀ ਤਰ੍ਹਾਂ ਬਦਲਦੇ ਹੋਏ ਨਜ਼ਰ ਆ ਰਹੇ ਹਨ। ਦਿਨ ਵੇਲੇ ਜਿੱਥੇ ਤੇਜ਼ ਧੁੱਪ ਖਿੜ ਰਹੀ ਹੈ, ਉੱਥੇ ਹੀ ਸਵੇਰ ਅਤੇ ਦੇਰ ਸ਼ਾਮ ਵੇਲੇ ਹਲਕੀ ਠੰਢ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਹਲਕੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਅੱਜ 7 ਨਵੰਬਰ ਨੂੰ ਸੂਬੇ ਭਰ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ।

ਪੰਜਾਬ ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ-ਸ਼ਾਮ ਵਧੀ ਠੰਢ; ਜਾਣੋ ਮੌਸਮ ਦਾ ਹਾਲ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦੇ ਤੇਵਰ ਪੂਰੀ ਤਰ੍ਹਾਂ ਬਦਲਦੇ ਹੋਏ ਨਜ਼ਰ ਆ ਰਹੇ ਹਨ। ਦਿਨ ਵੇਲੇ ਜਿੱਥੇ ਤੇਜ਼ ਧੁੱਪ ਖਿੜ ਰਹੀ ਹੈ, ਉੱਥੇ ਹੀ ਸਵੇਰ ਅਤੇ ਦੇਰ ਸ਼ਾਮ ਵੇਲੇ ਹਲਕੀ ਠੰਢ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਲੋਕਾਂ ਨੂੰ ਹਲਕੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਅੱਜ 7 ਨਵੰਬਰ ਨੂੰ ਸੂਬੇ ਭਰ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ। ਇਸ ਦੇ ਨਾਲ ਹੀ ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਵੀ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਤੋਂ ਬਾਅਦ ਤਾਪਮਾਨ ਹੁਣ ਆਮ ਦੇ ਨੇੜੇ-ਤੇੜੇ ਬਣਿਆ ਹੋਇਆ ਹੈ। ਲੰਘੀ 6 ਨਵੰਬਰ ਨੂੰ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੱਛਮੀ ਗੜਬੜੀ ਦਾ ਪ੍ਰਭਾਵ

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਅੱਗੇ ਨਿਕਲ ਚੁੱਕੀ ਹੈ। ਹੁਣ ਇੱਕ ਹੋਰ ਨਵੀਂ ਪੱਛਮੀ ਗੜਬੜੀ 10 ਨਵੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵਿਭਾਗ ਦੇ ਪੂਰਵ-ਅਨੁਮਾਨ ਮੁਤਾਬਕ ਪੰਜਾਬ ਵਿੱਚ ਅਗਲੇ ਪੰਜ ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਬਣਿਆ ਰਹੇਗਾ। ਹਾਲਾਂਕਿ ਇਸ ਪ੍ਰਣਾਲੀ ਦੇ ਸਰਗਰਮ ਹੋਣ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਫ਼ਿਲਹਾਲ ਆਉਣ ਵਾਲੇ ਕੁਝ ਦਿਨਾਂ ਤੱਕ ਮੌਸਮ ਦੇ ਰੁਖ਼ ਵਿੱਚ ਕਿਸੇ ਵੱਡੇ ਫੇਰਬਦਲ ਦੀ ਗੁੰਜਾਇਸ਼ ਨਹੀਂ ਹੈ।

ਅਗਲੇ 3 ਦਿਨ ਸਵੇਰੇ ਅਤੇ ਰਾਤ ਵੇਲੇ ਧੁੰਦ ਪੈਣ ਦੇ ਆਸਾਰ

ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਅਤੇ ਤੜਕਸਾਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵੱਲੋਂ ਮੈਦਾਨੀ ਇਲਾਕਿਆਂ ਵਿੱਚ ਦਾਖ਼ਲ ਹੋ ਰਹੀਆਂ ਠੰਢੀਆਂ ਹਵਾਵਾਂ ਕਾਰਨ ਸਵੇਰ ਅਤੇ ਸ਼ਾਮ ਦੀ ਠੰਢ ਹੋਰ ਜ਼ਿਆਦਾ ਪ੍ਰਭਾਵੀ ਹੋ ਜਾਵੇਗੀ।

ਇਸ ਹਫ਼ਤੇ ਰਾਤਾਂ ਰਹਿਣਗੀਆਂ ਠੰਢੀਆਂ

ਇਸ ਚੱਲ ਰਹੇ ਹਫ਼ਤੇ ਦੌਰਾਨ ਪੰਜਾਬ ਵਿੱਚ ਕਿਸੇ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਜਤਾਈ ਗਈ ਹੈ। ਸੂਬੇ ਦੇ ਪੂਰਬੀ ਜ਼ਿਲ੍ਹਿਆਂ ਜਿਵੇਂ ਕਿ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ, ਰੂਪਨਗਰ ਅਤੇ ਲੁਧਿਆਣਾ ਦੇ ਨਾਲ-ਨਾਲ ਉੱਤਰੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਉੱਥੇ ਹੀ ਦੂਜੇ ਪਾਸੇ ਬਾਕੀ ਜ਼ਿਲ੍ਹਿਆਂ ਵਿੱਚ ਦਿਨ ਦਾ ਪਾਰਾ 30 ਤੋਂ 32 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਸਕਦਾ ਹੈ। ਸਮੁੱਚੇ ਹਫ਼ਤੇ ਦੌਰਾਨ ਦਿਨ ਦਾ ਤਾਪਮਾਨ ਆਮ ਜਾਂ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਦਾ ਅਨੁਮਾਨ ਹੈ।

ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਉੱਤਰੀ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਡਿੱਗ ਕੇ 10 ਤੋਂ 12 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਦਕਿ ਬਾਕੀ ਬਚਦੇ ਜ਼ਿਲ੍ਹਿਆਂ ਵਿੱਚ ਇਹ 12 ਤੋਂ 14 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਪੂਰੇ ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਦੇ ਨੇੜੇ-ਤੇੜੇ ਹੀ ਰਹੇਗਾ, ਜਿਸ ਕਰਕੇ ਆਉਣ ਵਾਲੇ ਦਿਨਾਂ ਦੌਰਾਨ ਰਾਤਾਂ ਕਾਫ਼ੀ ਠੰਢੀਆਂ ਰਹਿਣ ਵਾਲੀਆਂ ਹਨ।

Loading...
Unable to load recommendations.
Follow Us