ਸੁਨੀਲ ਜਾਖੜ ਨੇ ਦੁਹਰਾਈ BJP-ਅਕਾਲੀ ਦਲ ਗਠਜੋੜ ਦੀ ਗੱਲ, ਸੁਖਬੀਰ ਬਾਦਲ ਨੇ ਦਿੱਤਾ ਜਵਾਬ
BJP-Akali Dal alliance: 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 6.6% ਵੋਟਾਂ ਮਿਲੀਆਂ ਸਨ, ਜੋ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਧ ਕੇ 18.56% ਹੋ ਗਈਆਂ। ਉਨ੍ਹਾਂ ਕਾਂਗਰਸ 'ਤੇ ਧਰਮ ਦੇ ਨਾਮ 'ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਇਆ ਅਤੇ ਹੁਣ ਇਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਤੋਂ BJP-ਅਕਾਲੀ ਦਲ ਗਠਜੋੜ ਦੀ ਵਕਾਲਤ ਕੀਤੀ ਹੈ। ਇੱਕ ਇੰਟਰਵਊ ‘ਚ ਸੁਨੀਲ ਜਾਖੜ ਫਿਰ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦੀ ਗੱਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇੱਕ ਵਾਰ ਫਿਰ 1996 ਵਰਗੀ ਸਥਿਤੀ ਬਣ ਹੋਈ ਹੈ। ਇਹ ਗੱਠਜੋੜ ਧਾਰਮਿਕ ਸਦਭਾਵਨਾ ਤੇ ਸ਼ਾਂਤੀ ਲਈ ਬਣਾਇਆ ਗਿਆ ਸੀ। ਅੱਜ ਫਿਰ ਤੋਂ ਇਸ ਦੀ ਲੋੜ ਹੈ, ਇਸ ਲਈ ਦੋਵੇਂ ਧਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 6.6% ਵੋਟਾਂ ਮਿਲੀਆਂ ਸਨ, ਜੋ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਧ ਕੇ 18.56% ਹੋ ਗਈਆਂ। ਉਨ੍ਹਾਂ ਕਾਂਗਰਸ ‘ਤੇ ਧਰਮ ਦੇ ਨਾਮ ‘ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਇਆ ਅਤੇ ਹੁਣ ਇਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਜਾਖੜ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2021 ਵਿੱਚ ਅਸਤੀਫਾ ਦੇ ਦਿੱਤਾ ਸੀ, ਤਾਂ ਕਾਂਗਰਸ ਨੇ ਉਨ੍ਹਾਂ ਨੂੰ ਸਿਰਫ਼ ਇਸ ਲਈ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਕਿਉਂਕਿ ਉਹ ਇੱਕ ਹਿੰਦੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਦੇਖਣਾ ਗਲਤ ਹੈ। ਪੰਜਾਬੀਅਤ ਦਾ ਅਰਥ ਹੈ ਧਰਮ ਨਿਰਪੱਖਤਾ, ਜਿਸਨੂੰ ਕਾਂਗਰਸ ਸਮਝਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਾਂਗਰਸ ਨੂੰ ਪੰਜਾਬ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।
ਸੁਖਬੀਰ ਬਾਦਲ ਨੇ ਦਿੱਤਾ ਇਹ ਜਵਾਬ
ਸੁਖਬੀਰ ਸਿੰਘ ਬਾਦਲ ਨੇ ਜਾਖੜ ਅਤੇ ਗੱਠਜੋੜ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸੁਨੀਲ ਜਾਖੜ ਦਾ ਬਿਆਨ ਅਖ਼ਬਾਰ ਵਿੱਚ ਪੜ੍ਹਿਆ ਹੈ, ਇਸ ਬਾਰੇ ਅਜੇ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੀ ਤਰੱਕੀ ਚਾਹੁੰਦੇ ਹਨ ਉਨ੍ਹਾਂ ਵਰਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।
