ਮੁੜ ਵਿਵਾਦਾਂ ਵਿਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ , ਸਹਾਇਕ ਜੇਲ੍ਹ ਸੁਪਰਡੈਂਟ ਤੇ ਲੱਗੇ ਕੈਦੀ ਨਾਲ ਕੁੱਟਮਾਰ ਦੇ ਇਲਜਾਮ
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਕਰ ਕੇ ਜੇਲ੍ਹ ਦੀਆ ਚੱਕੀਆ ਵਿਚ ਬੰਦ ਕਰਨ ਦੇ ਇਲਜਾਮ ਲਗਾਏ ਗਏ ਹਨ। ਜਦੋਂਕਿ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਨੇ ਸਾਰੇ ਦੋਸਾਂ ਨੂੰ ਨਕਾਰ ਕਰ ਦਿੱਤਾ ਗਿਆ ਹੈ।
ਫਰੀਦਕੋਟ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਤਾਜਾ ਮਾਮਲੇ ਵਿਚ ਇਸ ਜੇਲ੍ਹ ਵਿਚ ਬੰਦ ਇਕ ਕੈਦੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਕੁੱਟਮਾਰ ਕਰ ਕੇ ਜੇਲ੍ਹ ਦੀਆ ਚੱਕੀਆ ਵਿਚ ਬੰਦ ਕਰਨ ਦੇ ਇਲਜਾਮ ਲਗਾਏ ਗਏ ਹਨ। ਕੈਦੀ ਨੇ ਆਪਣੇ ਨਾਲ ਹੋਈ ਤਸ਼ਦੱਦ ਦਾ ਇਨਸਾਫ ਮੰਗਨ ਅਤੇ ਇਲਾਜ ਕਰਵਾਉਣ ਲਈ ਮਾਨਯੋਗ ਅਦਾਲਤ ਦਾ ਸਹਾਰਾ ਲਿਆ। ਅਦਾਲਤ ਦੇ ਹੁਕਮਾਂ ਮੁਤਾਬਕ, ਪੀੜਤ ਕੈਦੀ ਨੂੰ ਮੈਡੀਕਲ ਜਾਂਚ ਅਤੇ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਧਰ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਨੇ ਸਾਰੇ ਦੋਸਾਂ ਨੂੰ ਨਕਾਰ ਕਰ ਦਿੱਤਾ ਗਿਆ ਹੈ।
ਕੈਦੀ ਨੇ ਦੱਸੀ ਆਪਬੀਤੀ
ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਲਿਆਂਦੇ ਗਏ ਕੈਦੀ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ ਤਾਂ ਉਸ ਨੇ ਜੇਲ੍ਹ ਸਟਾਫ ਨੂੰ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਲਿਜਾਣ ਬਾਰੇ ਕਿਹਾ ਸੀ ਜਿਸ ਤੋਂ ਗੁੱਸੇ ਵਿਚ ਆਏ ਸਹਾਇਕ ਸੁਪਰਡੈਂਟ ਜੇਲ੍ਹ ਜੋ ਨਵਾਂ ਹੀ ਹੌਲਦਾਰ ਤੋਂ ਡਿਪਟੀ ਬਣਿਆ ਹੈ, ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜੇਲ੍ਹ ਅੰਦਰ ਚੱਕੀਆਂ ਵਿਚ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਰਾਤ ਵੇਲੇ ਉਸ ਨੂੰ ਦੌਰਾ ਪੈ ਗਿਆ ਤਾਂ ਮੌਕੇ ਤੇ ਤੈਨਾਤ ਜੇਲ੍ਹ ਸੁਰੱਖਿਆ ਮੁਲਾਜਮ ਵੱਲੋਂ ਉਸ ਨੂੰ ਜੇਲ੍ਹ ਦੇ ਹਸਪਤਾਲ ਵਿਚ ਇਲਾਜ ਲਈ ਲੈਜਾਇਆ ਗਿਆ ਜਿਥੇ ਪਹੁੰਚੇ ਸਹਾਇਕ ਸੁਪਰਡੈਂਟ ਨੇ ਹਸਪਤਾਲ ਅੰਦਰ ਹੀ ਮੁੜ ਉਸ ਦੀ ਕੁੱਟਮਾਰ ਕੀਤੀ।
ਜੇਲ੍ਹ ਸੁਪਰਡੈਂਟ ਨੇ ਇਲਜਾਮਾਂ ਤੋਂ ਕੀਤਾ ਇਨਕਾਰ
ਇਸ ਪੂਰੇ ਮਾਮਲੇ ਬਾਰੇ ਜਦੋਂ ਜੇਲ੍ਹ ਸੁਪਰਡੈਂਟ ਸੰਜੀਵ ਅਰੋੜਾ ਨਾਲ ਉਹਨਾਂ ਦੇ ਮੋਬਾਇਲ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਜੇਲ੍ਹ ਦੇ ਅੰਦਰ ਕੰਮਕਾਰ ਵਿਚ ਵਿਅਸਤ ਹਨ ਇਸ ਲਈ ਮਿਲ ਨਹੀਂ ਸਕਦੇ। ਉਹਨਾਂ ਫੋਨ ਤੇ ਹੀ ਦੱਸਿਆ ਕਿ ਮਨਪ੍ਰੀਤ ਮਨੀ ਵੱਲੋਂ ਲਗਾਏ ਗਏ ਸਾਰੇ ਇਲਾਜਮ ਗਲਤ ਹਨ ਉਨ੍ਹਾਂ ਦੀ ਕਿਸੇ ਨੇ ਵੀ ਕੋਈ ਕੁੱਟਮਾਰ ਨਹੀਂ ਕੀਤੀ। ਉਹਨਾਂ ਕਿਹਾ ਕਿ ਮਾਮਲਾ ਮਾਨਯੋਗ ਅਦਾਲਤ ਵਿਚ ਹੈ ਅਤੇ ਜੋ ਵੀ ਤਫਤੀਸ਼ ਵਿਚ ਸਾਹਮਣੇ ਆਵੇਗਾ, ਪਤਾ ਲੱਗ ਹੀ ਜਾਵੇਗਾ।
ਪੀੜਤ ਕੈਦੀ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ
ਇਸ ਮੌਕੇ ਪੀੜਤ ਕੈਦੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਮਨਪ੍ਰੀਤ ਸਿੰਘ ਮਨੀ ਦੀ ਨਜਾਇਜ ਕੁੱਟਮਾਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੁੱਟਮਾਰ ਕਰਨ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜਖਮੀ ਹੋਏ ਮਨਪ੍ਰੀਤ ਮਨੀ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਨਹੀਂ ਕਰਵਾਇਆ। ਉਹਨਾਂ ਕਿਹਾ ਇਸ ਮਾਮਲੇ ਵਿੱਚ ਇਨਸਾਫ ਲਈ ਉਹਨਾਂ ਨੇ ਅਦਾਲਤ ਦਾ ਸਹਾਰਾ ਲਿਆ ਹੈ। ਨਾਲ ਹੀ ਪਰਿਵਾਰ ਨੇ ਸਰਕਾਰ ਤੋਂ ਛੇਤੀ ਤੋਂ ਛੇਤੀ ਇਨਸਾਫ ਦੀ ਮੰਗ ਕੀਤੀ ਹੈ