PM ਮੋਦੀ ਦਾ ਪੰਜਾਬ ਦੌਰਾ ਪੂਰੀ ਤਰ੍ਹਾਂ ਫਲਾਪ… ਕੁਲਦੀਪ ਧਾਲੀਵਾਲ ਬੋਲੇ- ਸਿਆਸੀ ਭਾਸ਼ਣਾਂ ਤੱਕ ਹੀ ਸੀਮਤ ਰਿਹਾ

Updated On: 

18 Jul 2026 14:39 PM IST

ਧਾਲੀਵਾਲ ਨੇ ਨਸ਼ਿਆਂ ਦੇ ਮੁੱਦੇ 'ਤੇ ਵੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ 532 ਕਿਲੋਮੀਟਰ ਲੰਬੀ ਸਰਹੱਦ 'ਤੇ ਐਂਟੀ-ਡ੍ਰੋਨ ਸਿਸਟਮ ਲਗਾਉਣ ਦੀ ਮੰਗ ਕਰ ਰਹੀ ਹੈ, ਪਰ ਕੇਂਦਰ ਵੱਲੋਂ ਲੋੜੀਂਦੀ ਮਦਦ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਕੀਤੀ ਜਾਵੇ ਤਾਂ ਨਸ਼ਿਆਂ ਦੀ ਤਸਕਰੀ 'ਤੇ ਵੱਡਾ ਅਸਰ ਪਵੇਗਾ।

PM ਮੋਦੀ ਦਾ ਪੰਜਾਬ ਦੌਰਾ ਪੂਰੀ ਤਰ੍ਹਾਂ ਫਲਾਪ... ਕੁਲਦੀਪ ਧਾਲੀਵਾਲ ਬੋਲੇ- ਸਿਆਸੀ ਭਾਸ਼ਣਾਂ ਤੱਕ ਹੀ ਸੀਮਤ ਰਿਹਾ

ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਪੰਜਾਬ ਦੌਰੇ ‘ਤੇ ਤਿੱਖਾ ਹਮਲਾ ਬੋਲਿਆ। ਧਾਲੀਵਾਲ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਪੰਜਾਬ ਲਈ ਕੋਈ ਨਵਾਂ ਪ੍ਰੋਜੈਕਟ ਜਾਂ ਆਰਥਿਕ ਪੈਕੇਜ ਲੈ ਕੇ ਨਹੀਂ ਆਏ ਤੇ ਉਨ੍ਹਾਂ ਦਾ ਦੌਰਾ ਸਿਰਫ਼ ਸਿਆਸੀ ਭਾਸ਼ਣਾਂ ਤੱਕ ਹੀ ਸੀਮਤ ਰਿਹਾ।

ਕੇਂਦਰ ਨੇ ਫੰਡ ਰੋਕੇ: ਧਾਲੀਵਾਲ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਆਰ.ਡੀ.ਐੱਫ. (RDF), ਜੀ.ਐੱਸ.ਟੀ. ਤੇ ਹੋਰ ਫੰਡ ਰੋਕ ਰੱਖੇ ਹਨ, ਜਿਸ ਕਾਰਨ ਸੂਬੇ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕਰਜ਼ਾ ਵਿਕਾਸ ਕਾਰਜਾਂ, ਸੜਕਾਂ, ਹਸਪਤਾਲਾਂ, ਸਕੂਲਾਂ ਤੇ ਲੋਕ ਭਲਾਈ ਯੋਜਨਾਵਾਂ ਲਈ ਲੈ ਰਹੀ ਹੈ, ਨਾ ਕਿ ਕਿਸੇ ਨਿੱਜੀ ਲਾਭ ਲਈ।

ਨਸ਼ੇ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਿਆ

ਧਾਲੀਵਾਲ ਨੇ ਨਸ਼ਿਆਂ ਦੇ ਮੁੱਦੇ ‘ਤੇ ਵੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ 532 ਕਿਲੋਮੀਟਰ ਲੰਬੀ ਸਰਹੱਦ ‘ਤੇ ਐਂਟੀ-ਡ੍ਰੋਨ ਸਿਸਟਮ ਲਗਾਉਣ ਦੀ ਮੰਗ ਕਰ ਰਹੀ ਹੈ, ਪਰ ਕੇਂਦਰ ਵੱਲੋਂ ਲੋੜੀਂਦੀ ਮਦਦ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਕੀਤੀ ਜਾਵੇ ਤਾਂ ਨਸ਼ਿਆਂ ਦੀ ਤਸਕਰੀ ‘ਤੇ ਵੱਡਾ ਅਸਰ ਪਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਵੱਲੋਂ ਕੀਤੇ ਗਏ ਐਲਾਨਾਂ ਦਾ ਵੀ ਜ਼ਿਕਰ ਕੀਤਾ ਤੇ ਇਲਜ਼ਾਮ ਲਗਾਇਆ ਕਿ ਐਲਾਨੀ ਗਈ ਵਿੱਤੀ ਮਦਦ ਅਜੇ ਤੱਕ ਪੰਜਾਬ ਨੂੰ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਪੰਜਾਬ ਸਰਕਾਰ ਨੇ ਆਪਣੇ ਸਰੋਤਾਂ ਨਾਲ ਕੀਤੀ।

“ਬੇਅਦਬੀ ਦੇ ਹਰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ”

ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਕਥਿਤ ਹਮਲੇ ਦੇ ਇਲਜ਼ਾਮ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਬੇਵਜ੍ਹਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਖਡੂਰ ਸਾਹਿਬ ਵਿੱਚ ਮਹਿਲਾਵਾਂ ਦੇ ਖਾਤਿਆਂ ‘ਚ ਗੜਬੜ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਗਰੀਬਾਂ ਦੇ ਪੈਸਿਆਂ ‘ਚ ਹੇਰਾਫੇਰੀ ਕਰਦਾ ਮਿਲਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੁਖਬੀਰ ਸਿੰਘ ਬਾਦਲ ਨੂੰ ਸੰਮਨ ਜਾਰੀ ਹੋਣ ਸਬੰਧੀ ਸਵਾਲ ‘ਤੇ ਧਾਲੀਵਾਲ ਨੇ ਕਿਹਾ ਕਿ ਐੱਸ.ਆਈ.ਟੀ. ਆਪਣਾ ਕੰਮ ਕਰ ਰਹੀ ਹੈ ਤੇ ਕਾਨੂੰਨ ਆਪਣਾ ਰਸਤਾ ਅਪਣਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹਰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Follow Us