3 ਮਹੀਨੇ ਪਹਿਲਾਂ ਵਿਆਹ, 8 ਦਿਨ ਤੋਂ ਗਾਇਬ, ਐਨਕਾਉਂਟਰ ਚ ਮਾਰੇ ਗਏ ਜਸ਼ਨ ਦੀ Inside Story
23 ਦਸੰਬਰ ਨੂੰ ਸਵੇਰ ਸਮੇਂ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਰਵਾਈ ਕਰਦਿਆਂ 3 ਨੌਜਵਾਨਾਂ ਦਾ ਐਨਕਾਉਂਟਰ ਕਰ ਦਿੱਤਾ। ਤਿੰਨੋਂ ਨੌਜਵਾਨ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਉਹਨਾਂ ਵਿੱਚ ਇੱਕ ਸੀ ਜਸ਼ਨ ਪ੍ਰੀਤ ਸਿੰਘ। ਜਿਸ ਦੀ ਉਮਰ ਸਿਰਫ਼ 18 ਸਾਲ ਸੀ। ਪਰ ਉਹ ਜ਼ੁਰਮ ਦੇ ਰਾਹ ਤੇ ਕਿਵੇਂ ਆਇਆ ਆਓ ਜਾਣਨ ਦੀ ਕੋਸ਼ਿਸ ਕਰਦੇ ਹਾਂ।
ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੋਂ 17 ਅਤੇ ਗੁਰਦਾਸਪੁਰ ਤੋਂ 35 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਕਸਬਾ ਕਲਾਨੌਰ, ਇਤਿਹਾਸਿਕ ਅਤੇ ਸੁਰੱਖਿਆ ਦੇ ਨਜ਼ਰੀਏ ਨਾਲ ਇਹ ਇਲਾਕਾ ਕਾਫ਼ੀ ਅਹਿਮ ਹੈ। ਪਰ ਅੱਜ ਅਸੀਂ ਗੱਲ ਨਾ ਇਤਿਹਾਸ ਦੀ ਕਰ ਰਹੇ ਹਾਂ ਅਤੇ ਨਾ ਸੁਰੱਖਿਆ ਦੀ। ਅੱਜ ਗੱਲ 18 ਸਾਲਾਂ ਦੇ ਉਸ ਜਸ਼ਨ ਦੀ, ਜਿਸ ਕਾਰਨ ਘਰ ਵਿੱਚ ਮਾਤਮ ਛਾਅ ਗਿਆ ਹੈ।
23 ਦਸੰਬਰ ਸਵੇਰ ਇਸ ਪਰਿਵਾਰ ਦੀ ਮਾਤਮ ਦਾ ਮਾਹੌਲ ਲੈਕੇ ਆਈ। ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਰਵਾਈ ਕਰਦਿਆਂ 3 ਨੌਜਵਾਨਾਂ ਦਾ ਐਨਕਾਉਂਟਰ ਕਰ ਦਿੱਤਾ। ਤਿੰਨੋਂ ਨੌਜਵਾਨ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਉਹਨਾਂ ਵਿੱਚ ਇੱਕ ਸੀ ਜਸ਼ਨ ਪ੍ਰੀਤ ਸਿੰਘ। ਜਿਸ ਦੀ ਉਮਰ ਸਿਰਫ਼ 18 ਸਾਲ ਸੀ ਅਤੇ ਉਹ ਡਰਾਈਵਰੀ ਕਰਿਆ ਕਰਦਾ ਸੀ। ਪਰ ਡਰਾਈਵਰੀ ਕਰਦਿਆਂ ਕਰਦਿਆਂ ਉਸ ਦੇ ਹੱਥਾਂ ਵਿੱਚ ਹਥਿਆਰ ਕਿਵੇਂ ਆ ਗਏ ਸ਼ਾਇਦ ਉਸ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੋਵੇਗਾ।
ਘਰੋਂ ਗਿਆ ਸੀ ਕੰਮ ਤੇ…
ਮ੍ਰਿਤਕ ਜਸ਼ਨ ਦੀ ਮਾਂ ਨੇ ਦੱਸਿਆ ਕਿ ਉਹ ਡਰਾਈਵਰੀ ਕਰਦਾ ਸੀ ਅਤੇ ਘਰੋਂ ਕੰਮ ਤੇ ਗਿਆ ਸੀ। ਪਰਿਵਾਰ ਅਨੁਸਾਰ ਕਰੀਬ ਅੱਠ ਦਿਨ ਤੋਂ ਇਸ ਨਾਲ ਕੋਈ ਸਪੰਰਕ ਨਹੀਂ ਸੀ ਹੋਇਆ। ਨਾ ਫੋਨ ਲੱਗ ਰਿਹਾ ਸੀ ਨਾ ਕੋਈ ਜਾਣਕਾਰੀ। ਸਵੇਰ ਚੜਦੀ ਸਾਰ ਹੀ ਪਤਾ ਲੱਗਿਆ ਕਿ ਐਨਕਾਉਂਟਰ ਹੋ ਗਿਆ।
ਮਾਂ ਤਾਂ ਆਖਿਰ ਮਾਂ ਹੁੰਦੀ ਹੈ। ਜਸ਼ਨ ਦੀ ਮਾਂ ਕਹਿੰਦੀ ਹੈ ਕਿ ਦੁਨੀਆਂ ਚਾਹੇ ਜੋ ਕੁੱਝ ਵੀ ਕਹੀ ਜਾਵੇ ਪਰ ਉਸ ਦਾ ਬੱਚਾ ਅਜਿਹਾ ਨਹੀਂ ਸੀ। ਅਸੀਂ ਤਾਂ ਗਰੀਬ ਹਾਂ ਜੇ ਹਮਲੇ ਜੋਗੇ ਹੁੰਦੇ ਤਾਂ…। ਮਾਂ ਨੂੰ ਅਜੇ ਵੀ ਉਮੀਦ ਹੈ ਕਿ ਉਸ ਦਾ ਪੁੱਤ ਘਰ ਆ ਜਾਵੇ ਤੇ ਕੰਮ ਕਰੇ। ਪਰ ਸ਼ਾਇਦ ਉਸ ਨੂੰ ਨਹੀਂ ਪਤਾ ਕੀ ਐਨਕਾਉਂਟਰ ਦਾ ਮਤਲਬ ਕੀ ਹੁੰਦਾ ਹੈ।
3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਜਸ਼ਨ ਦਾ ਵਿਆਹ 3 ਕੁ ਮਹੀਨੇ ਪਹਿਲਾਂ ਹੀ ਹੋਇਆ ਸੀ। ਅਜੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਇਹ ਘਟਨਾ ਵਾਪਰ ਗਈ। ਪਰਿਵਾਰ ਪ੍ਰੇਸ਼ਾਨ ਹੈ ਉਹਨਾਂ ਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਇਹ ਸਭ ਕਿਵੇਂ ਵਾਪਰ ਗਿਆ।