Peddy Scam: ਦੀਵਾਲੀ ਮੌਕੇ ਬੰਦ ਸਨ ਮੰਡੀਆਂ ਤਾਂ ਕਿਵੇਂ ਹੋਈ 4.3 ਮੀਟ੍ਰਿਕ ਟਨ ਝੋਨੇ ਦੀ ਆਮਦ! ਵਿਜੀਲੈਂਸ ਨੇ ਘੁਟਾਲੇ ਦੀ ਜਾਂਚ ਆਰੰਭੀ ਜਾਂਚ, 44 ਟੀਮਾਂ ਦਾ ਗਠਨ
Vigilance Probe of Peddy Scam: ਫੂਡ ਤੇ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਸਿੰਘ ਨੇ ਇਹ ਵੀ ਕਿਹਾ ਕਿ ਦੀਵਾਲੀ ਵਾਲੇ ਦਿਨ ਸਰਹੱਦੀ ਜ਼ਿਲ੍ਹਿਆਂ ਸੰਗਰੂਰ, ਰੂਪਨਗਰ, ਪਠਾਨਕੋਟ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਮੁਕਤਸਰ ਸਣੇ ਸੂਬਿਆਂ ਦੀਆਂ ਸਾਰੀਆਂ ਮੰਡੀਆਂ ਬੰਦ ਸਨ। ਕੁੱਝ ਅਣ-ਪੁਸ਼ਟ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਗੁਆਂਢੀ ਸੂਬਿਆਂ ਤੋਂ ਝੋਨਾ ਲਿਆਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਸਕਦੀਆਂ ਹਨ।
ਦੀਵਾਲੀ ਮੌਕੇ ਪੰਜਾਬ ਦੀਆਂ ਮੰਡੀਆਂ ਵਿੱਚ 4.7 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਨੇ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ (Vigilance) ਵੱਲੋਂ ਝੋਨੇ ਦੀ ਆਮਦ ਦੇ ਘਪਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਵਿੱਚ ਕਿੰਨੇ ਮੀਟ੍ਰਿਕ ਟਨ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚਿਆ? ਝੋਨੇ (Peddy) ਦੇ ਇਸ ਘਪਲੇ ਨੂੰ ਲੈ ਕੇ ਵਿਜੀਲੈਂਸ ਦੇ ਡਾਇਰੈਕਟਰ ਵਰਿੰਦਰ ਕੁਮਾਰ ਵੱਲੋਂ 44 ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਵਿਜੀਲੈਂਸ ਦੀਆਂ ਟੀਮਾਂ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਝੋਨੇ ਦੀ ਆਮਦ ਦੇ ਰਿਕਾਰਡਾਂ ਨੂੰ ਵੀ ਸੀਜ਼ ਕੀਤਾ ਗਿਆ।
ਸੂਤਰਾਂ ਮੁਤਬਾਕ ਵਿਜੀਲੈਂਸ ਨੇ ਆੜ੍ਹਤੀਆਂ ਤੋਂ ਵੀ ਝੋਨੇ ਦੀ ਆਮਦ ਦੇ ਰਿਕਾਰਡਾਂ ਦੀ ਮੰਗ ਕੀਤੀ ਹੈ ਤਾਂ ਕਿ ਮੰਡੀਆਂ ਵਿੱਚ ਅਸਲ ਅੰਕੜਿਆਂ ਦਾ ਪਤਾ ਲੱਗ ਸਕੇ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਇੱਕ ਬਹੁਤ ਵੱਡਾ ਘੁਟਾਲਾ ਜਾਪਦਾ ਹੈ। ਫ਼ਿਲਹਾਲ ਪਹਿਲੇ ਪੜਾਅ ਅਧੀਨ ਰਿਕਾਰਡਾਂ ਨੂੰ ਸੀਜ਼ ਕੀਤਾ ਗਿਆ ਹੈ ਅਤੇ ਝੋਨੇ ਦੀ ਆਮਦ ਦੀਆਂ ਐਂਟਰੀਆਂ ਨੂੰ ਪਿਛਲੇ ਦਿਨਾਂ ਦੇ ਰਿਕਾਰਡ ਨਾਲ ਦੁਬਾਰਾ ਮਿਲਾਨ ਕੀਤਾ ਜਾਵੇਗਾ।
‘ਕਥਿਤ ਘੁਟਾਲੇ ਦਾ ਸਬੰਧ ਕਾਫੀ ਦੁਰ ਤੱਕ’
ਫੂਡ ਤੇ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵੱਲੋਂ ਸੋਮਵਾਰ ਨੂੰ ਇਹ ਜਾਂਚ ਆਰੰਭੀ ਗਈ ਹੈ। ਇਸ ਕਥਿਤ ਘੁਟਾਲੇ ਦਾ ਸਬੰਧ ਕਾਫੀ ਦੁਰ ਤੱਕ ਦੱਸਿਆ ਜਾ ਰਿਹਾ ਹੈ। ਪੰਜਾਬ ਝੋਨੇ ਦੀ ਖ਼ਰੀਦ ਪ੍ਰਕਿਰਿਆ ਅਧੀਨ, ਕੇਂਦਰ ਸਰਕਾਰ ਅਧੀਨ ਆਉਂਦੇ ਮਹਿਕਮੇ ਭਾਰਤੀ ਫ਼ੂਡ ਕਾਰਪੋਰੇਸ਼ਨ ਦੇ ਹਵਾਲੇ ਤੋਂ ਕਿਸਾਨਾਂ ਤੋਂ ਫ਼ਸਲਾਂ ਦੀ ਖ਼ਰੀਦਦਾਰੀ ਕਰਦਾ ਹੈ। ਬਾਅਦ ਵਿੱਚ ਜਿਸ ਦੇ ਲਈ ਸੂਬਾ ਸਰਕਾਰ ਕੇਂਦਰ ਤੋਂ ਪੇਮੈਂਟ ਦਾ ਕਲੇਮ ਮੰਗਦਾ ਹੈ। ਇਸ ਪ੍ਰਕਿਰਿਆ ਵਿੱਚ ਝੋਨੇ ਦਾ ਕਥਿਤ ਘੁਟਾਲਾ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ।
ਗੁਰਕੀਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਪਿਛਲੇ ਦਿਨਾਂ ਵਿੱਚ ਝੋਨੇ ਦੀ ਆਮਦ ਦੇ ਤਰੀਕੇ ਵਿੱਚ ਕਾਫ਼ੀ ਤਰੁੱਟੀਆਂ ਪਾਈਆਂ ਗਈਆਂ ਹਨ। ਮੰਡੀ ਕਮੇਟੀਆਂ ਦੇ ਅਧਿਕਾਰੀਆਂ ਵੱਲੋਂ ਦੀਵਾਲੀ ਵਾਲੇ ਦਿਨ ਝੋਨੇ ਦੀ 4.7 ਲੱਖ ਮੀਟ੍ਰਿਕ ਟਨ ਬੇਮਿਸਾਲੀ ਆਮਦ ਦਰਜ ਕੀਤੀ ਗਈ ਹੈ ਜੋ ਕਿ ਤਿਓਹਾਰੀ ਸੀਜ਼ਨ ਦੌਰਾਨ ਪਹਿਲਾਂ ਕਦੇ ਵੀ ਨਹੀਂ ਕੀਤੀ ਗਈ, ਜਦਕਿ ਕਿਸਾਨ ਇਸ ਗੱਲ ਤੋਂ ਜਾਣੂ ਹਨ ਕਿ ਮੰਡੀ ਦਾ ਸਟਾਫ਼, ਮਜ਼ਦੂਰ ਤੇ ਆੜ੍ਹਤੀਏ ਉਪਲੱਭਧ ਨਹੀਂ ਹੁੰਦੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੁੱਝ ਫਰਜੀ ਲੋਕਾਂ ਵੱਲੋਂ ਝੋਨੇ ਦੀ ਫਰਜੀ ਖ਼ਰੀਦਦਾਰੀ ਦਰਸਾਈ ਗਈ ਹੈ।”