ਚੰਡੀਗੜ੍ਹ ‘ਚ ਧਰਨੇ ਤੋਂ ਇੱਕ ਦਿਨ ਪਹਿਲਾਂ ਪੰਜਾਬ-ਹਰਿਆਣਾ ‘ਚ ਕਿਸਾਨ ਆਗੂਆਂ ਦੀ ਫੜੋ-ਫੜੀ; ਨਰਾਜ਼ ਕਿਸਾਨਾਂ ਨੇ ਲਾਏ ਜਾਮ

Updated On: 

21 Aug 2023 16:09 PM

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁੱਖ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਸੀ। ਹਜ਼ਾਰਾਂ ਕਿਸਾਨ 22 ਅਗਸਤ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਸਨ।ਪਟਿਆਲਾ ਤੋਂ ਇੰਦਰਪਾਲ ਸਿੰਘ, ਗੁਰਦਾਸਪੁਰ ਤੋਂ ਅਵਤਾਰ ਸਿੰਘ ਅਤੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ

ਚੰਡੀਗੜ੍ਹ ਚ ਧਰਨੇ ਤੋਂ ਇੱਕ ਦਿਨ ਪਹਿਲਾਂ ਪੰਜਾਬ-ਹਰਿਆਣਾ ਚ ਕਿਸਾਨ ਆਗੂਆਂ ਦੀ ਫੜੋ-ਫੜੀ; ਨਰਾਜ਼ ਕਿਸਾਨਾਂ ਨੇ ਲਾਏ ਜਾਮ
Follow Us On

ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਵਿੱਚ ਧਰਨਾ ਦੇਣ ਦੀ ਤਿਆਰੀ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਹੋ ਗਈ ਹੈ। ਦੋਵਾਂ ਰਾਜਾਂ ਵਿੱਚ ਸੋਮਵਾਰ ਸਵੇਰ ਤੋਂ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਕਿਸਾਨ ਆਗੂਆਂ ਦੀ ਘੇਰਾਬੰਦੀ ਅਤੇ ਘਰਾਂ ਚ ਨਜ਼ਰਬੰਦੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਵਿੱਚ ਕਿਸਾਨ ਆਗੂਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇੱਥੇ ਗੁਰਦਾਸਪੁਰ ਵਿੱਚ ਸਵੇਰੇ 5 ਵਜੇ ਕੁਝ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਤਰਨਤਾਰਨ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਬਹਿਰਾਮਕੇ ਅਤੇ ਹੋਰ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸਾਨ ਯੂਨੀਅਨਾਂ ਦੇ ਕਈ ਹੋਰ ਆਗੂਆਂ ਅਤੇ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਬਾਹਰ ਪੁਲਿਸ ਦਾ ਪਹਿਰਾ ਲਗਾ ਦਿੱਤਾ ਗਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਤਰਨਤਾਰਨ ‘ਚ ਸੜਕਾਂ ‘ਤੇ ਉਤਰੇ ਕਿਸਾਨ

ਤਰਨਤਾਰਨ ‘ਚ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਕਿਸਾਨ ਸੜਕਾਂ ‘ਤੇ ਉਤਰ ਆਏ। ਕਿਸਾਨ ਟੋਲ ਪਲਾਜ਼ਾ ਨੇੜੇ ਧਰਨੇ ਤੇ ਬੈਠ ਗਏ। ਖਬਰ ਲਿੱਖੇ ਜਾਣ ਤੱਕ ਵਾਹਨਾਂ ਨੂੰ ਟੋਲ ਪਲਾਜ਼ਾ ਤੋਂ ਲੰਘਣ ਦਿੱਤਾ ਜਾ ਰਿਹਾ ਸੀ। ਪੁਲਿਸ-ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਰੀਆਂ ਜੱਥੇਬੰਦੀਆਂ ਦੇ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਜਾਮ ਕਰ ਦੇਣਗੇ।

ਕੁਰੂਕਸ਼ੇਤਰ ਵਿੱਚ ਹਿਰਾਸਤ ਵਿੱਚ ਕਿਸਾਨ ਆਗੂ

ਕੁਰੂਕਸ਼ੇਤਰ ‘ਚ ਕਿਸਾਨ ਆਗੂ ਸੰਜੀਵ ਆਲਮਪੁਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਕਿਸਾਨ ਆਗੂ ਸੰਜੀਵ ਆਲਮਪੁਰ ਨੇ ਵੀਡੀਓ ਜਾਰੀ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮਜ਼ਦੂਰਾਂ-ਕਿਸਾਨਾਂ ਅਤੇ ਵਪਾਰੀਆਂ ਨੂੰ ਮੁਆਵਜ਼ਾ ਦਿਵਾਉਣ ਲਈ ਚੰਡੀਗੜ੍ਹ ਨੂੰ ਘੇਰਨ ਦੀ ਗੱਲ ਕਹੀ ਸੀ।

ਪੰਜਾਬ ਦੇ ਰਾਜਪਾਲ ਤੋਂ ਨਹੀਂ ਮਿਲੀ ਰਾਹਤ

ਕਿਸਾਨ ਆਗੂ ਸੰਜੀਵ ਆਲਮਪੁਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕੱਲ੍ਹ ਰਾਜਪਾਲ ਬੀਐਲ ਪੁਰੋਹਿਤ ਨਾਲ ਮੀਟਿੰਗ ਕੀਤੀ ਸੀ, ਪਰ ਰਾਜਪਾਲ ਵੱਲੋਂ ਮਹਿਜ਼ ਭਰੋਸੇ ਤੋਂ ਇਲਾਵਾ ਕੋਈ ਰਾਹਤ ਨਹੀਂ ਮਿਲ ਸਕੀ। ਪ੍ਰਸ਼ਾਸਨ ਵੱਲੋਂ ਅੱਜ ਗੱਲਬਾਤ ਦੀ ਗੱਲ ਕਹੀ ਗਈ ਸੀ, ਪਰ ਪੰਜਾਬ ਵਿੱਚ ਸਵੇਰ ਤੋਂ ਹੀ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ। ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਹਰਿਆਣਾ ਵਿੱਚ ਵੀ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾਣਾ ਸ਼ੁਰੂ ਹੋ ਗਿਆ।

ਪਰੇਡ ਗਰਾਊਂਡ ਵਿੱਚ ਪ੍ਰਦਰਸ਼ਨ ਨੂੰ ਮਨਜ਼ੂਰੀ ਨਹੀਂ

ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ 20 ਅਗਸਤ ਤੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਧਰਨੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ, ਪਰ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਧਰਨੇ ਵਾਲੀ ਥਾਂ ਪਰੇਡ ਗਰਾਊਂਡ ਵਿੱਚ ਦਿੱਤੀ ਜਾਵੇ। ਇਸ ਤੇ ਸਹਿਮਤੀ ਨਾ ਬਣਨ ਕਾਰਨ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਦੀ ਹੱਦ ਨੇੜੇ ਪਹੁੰਚਣਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ