ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਘਰ ਲਿਆਂਦੀ ਗਈ ਝੋਟੇ ਦੀ ਮ੍ਰਿਤਕ ਦੇਹ, ਅੱਜ ਹੋਵੇਗੀ ਅੰਤਿਮ ਵਿਦਾਈ

Published: 

08 Nov 2026 12:04 PM IST

ਮਾਨਸਾ ਪਹੁੰਚਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ ਹੈ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਲੋਕਾਂ ਵੱਲੋਂ ਅੰਤਿਮ ਦਰਸ਼ਨ ਕੀਤੇ ਜਾ ਰਹੇ ਹਨ। ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਚਕੇਰੀਆ ਰੋਡ ਸਥਿਤ ਜੱਦੀ ਖੇਤ 'ਚ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਘਰ ਲਿਆਂਦੀ ਗਈ ਝੋਟੇ ਦੀ ਮ੍ਰਿਤਕ ਦੇਹ, ਅੱਜ ਹੋਵੇਗੀ ਅੰਤਿਮ ਵਿਦਾਈ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਕਰੀਬ 26 ਦਿਨਾਂ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ। ਬੀਤੇ ਦਿਨ ਚੰਡੀਗੜ੍ਹ ਦੇ ਪੀਜੀਆਈ ਵਿਖੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਵਿਸ਼ੇਸ਼ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਮਾਨਸਾ ਲਿਆਂਦਾ ਗਿਆ। ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਉਸ ‘ਤੇ ਪਰਵਿੰਦਰ ਝੋਟਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਰਸਤੇ ‘ਚ ਵੱਖ-ਵੱਖ ਥਾਵਾਂ ‘ਤੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ।

ਜੱਦੀ ਖੇਤ ‘ਚ ਹੋਵੇਗਾ ਅੰਤਿਮ ਸਸਕਾਰ

ਮਾਨਸਾ ਪਹੁੰਚਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ ਹੈ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਲੋਕਾਂ ਵੱਲੋਂ ਅੰਤਿਮ ਦਰਸ਼ਨ ਕੀਤੇ ਜਾ ਰਹੇ ਹਨ। ਪਰਿਵਾਰ ਵੱਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਚਕੇਰੀਆ ਰੋਡ ਸਥਿਤ ਜੱਦੀ ਖੇਤ ‘ਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ‘ਚ ਮ੍ਰਿਤਕ ਦੇਹ ਰੱਖ ਕੇ ਸ਼ਹਿਰ ਵਿੱਚੋਂ ਅੰਤਿਮ ਯਾਤਰਾ ਕੱਢੀ ਜਾਵੇਗੀ। ਦੁਪਹਿਰ ਕਰੀਬ 12 ਤੋਂ 1 ਵਜੇ ਦਰਮਿਆਨ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ‘ਤੇ ਗੋਲੀ ਮਾਰ ਕੇ ਪਰਵਿੰਦਰ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਕਰੀਬ 26 ਦਿਨਾਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਹੋਣ ਜਾ ਰਿਹਾ ਹੈ।

ਭੁੱਖ ਹੜਤਾਲ ‘ਤੇ ਪਿਤਾ ਭੀਮ ਸਿੰਘ, ਐਸਐਸਪੀ ਦੇ ਤਬਾਦਲੇ ਦੀ ਮੰਗ

ਇੱਕ ਪਾਸੇ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਉਨ੍ਹਾਂ ਦੇ ਪਿਤਾ ਭੀਮ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦਾ ਤਬਾਦਲਾ ਕਰਨ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ। ਭੀਮ ਸਿੰਘ ਦਾ ਇਲਜ਼ਾਮ ਹੈ ਕਿ ਇਲਾਕੇ ‘ਚ ਨਸ਼ਿਆਂ ਨੂੰ ਰੋਕਣ ‘ਚ ਪੁਲਿਸ ਦੀ ਨਾਕਾਮੀ ਕਾਰਨ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਐਸਐਸਪੀ ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਪਰਿਵਾਰ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।

ਪੀਜੀਆਈ ‘ਚ ਵਿਸ਼ੇਸ਼ ਡਾਕਟਰੀ ਬੋਰਡ ਨੇ ਕੀਤਾ ਪੋਸਟਮਾਰਟਮ

ਸ਼ਨੀਵਾਰ ਨੂੰ ਚੰਡੀਗੜ੍ਹ ਦੇ PGI ‘ਚ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ ਸੀ। ਦੱਸਿਆ ਗਿਆ ਕਿ ਮ੍ਰਿਤਕ ਦੇਹ ਲੰਬੇ ਸਮੇਂ ਤੱਕ ਬਹੁਤ ਘੱਟ ਤਾਪਮਾਨ ‘ਤੇ ਫ੍ਰੀਜ਼ਰ ਵਿੱਚ ਰੱਖੇ ਜਾਣ ਕਾਰਨ ਡਾਕਟਰਾਂ ਤੇ ਫੋਰੈਂਸਿਕ ਮਾਹਿਰਾਂ ਨੂੰ ਪਹਿਲਾਂ ਸਰੀਰ ਦੀ ਸਥਿਤੀ ਦਾ ਮੁਲਾਂਕਣ ਕਰਨਾ ਪਿਆ। ਪੋਸਟਮਾਰਟਮ ਦੀ ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ, ਸੀਬੀਆਈ ਅਤੇ ਐਸਡੀਐਮ ਦੀਆਂ ਟੀਮਾਂ ਵੀ ਮੌਜੂਦ ਰਹੀਆਂ।

ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ ਲੜਾਈ

ਪਰਵਿੰਦਰ ਝੋਟਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਲਾਕੇ ‘ਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਤੇ ਇਸ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁੱਤਰ ਦੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤੇ ਪਰਿਵਾਰ ਨੂੰ ਪੂਰਾ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

Loading...
Unable to load recommendations.
Follow Us