ਕਣਕ ਦੇ ਭਾਅ ਵਿੱਚ ਕੱਟ ਲਾਉਣ ਦਾ ਵਿਰੋਧ, ਕਿਸਾਨਾਂ ਨੇ ਕੇਂਦਰ ਖਿਲਾਫ ਖੋਲ੍ਹਿਆ ਮੋਰਚਾ।
ਪੰਜਾਬ ਨਿਊਜ। ਕਣਕ ਦੀ ਖਰੀਦ (Wheat Procurement) ਤੇ
ਕੇਂਦਰ ਸਰਕਾਰ (Central Govt) ਵੱਲੋਂ ਬੇਲੋੜੀਆਂ ਸ਼ਰਤਾਂ ਮੜ੍ਹ ਕੇ ਅਤੇ ਕਣਕ ਦੇ ਭਾਅ ‘ਤੇ ਲਗਾਏ ਕੱਟ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਮੰਗਲਵਾਰ ਨੂੰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਲੋ ਅੰਦੋਲਨ ਕਰੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰ ਦੇਣਗੇ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਕੇਂਦਰ ਦੇ ਇਸ ਫੈਸਲੇ ਨੂੰ ਲੈ ਕੇ ਭਾਰੀ ਰੋਸ ਜਤਾਇਆ ਗਿਆ।
ਕੇਂਦਰ ਸਰਕਾਰ ਕਿਸਾਨਾਂ ਨੂੰ ਕਰ ਰਹੀ ਪਰੇਸ਼ਾਨ
ਆਗੂਆਂ ਨੇ ਕਿਹਾ ਕਿ ਅੱਜ ਜਿਥੇ ਦੁਨੀਆਂ ਪੱਧਰ ਤੇ 53 ਮੁਲਕਾਂ ਵਿੱਚ ਅਨਾਜ਼ ਦਾ ਵੱਡਾ ਸੰਕਟ ਹੈ ਅਤੇ ਉਥੇ ਜੰਗ ਵਰਗੇ ਹਾਲਾਤ ਬਣੇ ਹਨ ਤਾਂ ਅਜਿਹੇ ਸਮੇਂ ਕਿਸਾਨਾਂ ਨੂੰ ਵੱਧ ਮੁੱਲ ਦੇਣ ਦੀ ਥਾਂ ਕੱਟ ਲਾ ਕੇ ਮੋਦੀ ਸਰਕਾਰ ਕਾਰਪੋਰੇਟ ਦੇ ਪੱਖ ਵਿੱਚ ਭੁਗਤ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਹਰੇਕ ਸਾਲ ਲੱਖਾਂ ਕਰੋੜਾਂ ਦੇ ਕਰਜ਼ੇ ਵੱਟੇ ਖਾਤੇ ਪਾਉਂਦੀ ਹੈ ਅਤੇ ਸਬਸਿਡੀਆਂ ਦਿੰਦੀ ਹੈ, ਪਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ
ਬੀਜੇਪੀ (BJP) ਦੀ ਮੋਦੀ ਸਰਕਾਰ ਤੋਂ ਦੁਖੀ ਹਨ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਕਹਿੰਦੇ ਹਨ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਬਹੁਤ ਕੰਮ ਕਰ ਰਹੀ ਹੈ ਪਰ ਅਜਿਹਾ ਨਹੀਂ ਕਿਸਾਨ ਕੇਂਦਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹਨ। ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣਦੀ।
ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਕੀਤਾ ਨੁਕਸਾਨ
ਇਸ ਮੌਕੇ ਆਗੂਆਂ ਨੇ ਕਿਹਾ ਕਿ
ਗੜ੍ਹੇਮਾਰੀ (Hailstorm) ਤੇ ਬੇਮੌਸਮੀ ਕੁਦਰਤੀ ਮਾਰ ਤੋਂ ਬਾਅਦ ਕਿਸਾਨਾਂ ਉੱਤੇ ਸਰਕਾਰ ਵੱਲੋਂ ਇਹਨਾਂ ਸ਼ਰਤਾਂ ਦੇ ਰੂਪ ਵਿਚ ਹੋਏ ਹਮਲੇ ਦੇ ਖਿਲਾਫ਼ ਲੋਕਾਂ ਵਿੱਚ ਗੁੱਸਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਾ ਸਿਰਫ 6-18% ਸੁੰਗੜੇ ਦਾਣੇ ਅਤੇ 10-80% ਬਦਰੰਗੇ ਦਾਣੇ ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਤੱਕ ਦੇ ਕੱਟਾਂ ਨੂੰ ਵਾਪਿਸ ਲਵੇ, ਸਗੋਂ ਮੌਸਮੀ ਤਬਦੀਲੀ ਕਾਰਨ ਪੈ ਰਹੀ ਬੇਮੌਸਮੀ ਬਰਸਾਤ ਦੀ ਮਾਰ ਕਾਰਨ ਨੁਕਸਾਨ ਨਾਲ ਘਟੇ ਝਾੜ ਦੀ ਭਰਪਾਈ ਲਈ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ।
ਕਈ ਥਾਵਾਂ ‘ਤੇ ਕਣਕ ਦੀ ਬੋਲੀ ਦਾ ਕੀਤਾ ਬਾਈਕਾਟ
ਇਸ ਤੋਂ ਇਲ਼ਾਵਾ ਕਣਕ ਦੇ ਭਾਅ ਵਿੱਚ ਕੇਂਦਰ ਵੱਲੋਂ ਲਗਾਏ ਕੱਟ ਦੇ ਖਿਲਾਫ ਪੰਜਾਬ ਵਿੱਚ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੇ ਕਣਕ ਦੀ ਬੋਲੀ ਦਾ ਮੁਕੰਮਲ ਬਾਈਕਾਟ ਕੀਤਾ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਜਤਾਇਆ। ਤੇ ਮੰਗ ਕੀਤੀ ਕਿ ਕਣਕ ਦੇ ਭਾਅ ਵਿੱਛ ਜਿਹੜੀ ਕਟੌਤੀ ਕੀਤੀ ਹੈ ਉਸਨੂੰ ਤੁਰੰਤ ਵਾਪਸ ਲਿਆ ਜਾਵੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ