ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਅੰਮ੍ਰਿਤਸਰ ‘ਚ ਪੁਖ਼ਤਾ ਸੁਰੱਖਿਆ ਪ੍ਰਬੰਧ, ਬਾਜ਼ਾਰ ਰਹਿਣਗੇ ਬੰਦ
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੌਕੇ 'ਤੇ ਪੰਜਾਬ ਪੁਲਿਸ ਨੇ ਤਕਰੀਬਨ 4 ਹਜ਼ਾਰ ਪੁਲਿਸ ਕਰਮਚਾਰੀ ਅੰਮ੍ਰਿਤਸਰ 'ਚ ਤੈਨਾਨ ਕੀਤੇ ਹਨ, ਇਨ੍ਹਾਂ 'ਚ ਪੰਜਾਬ ਆਰਮਡ ਪੁਲਿਸ ਦੇ ਜਵਾਨ ਵੀ ਸ਼ਾਮਲ ਹਨ। ਅੰਮ੍ਰਿਤਸਰ 'ਚ 62 ਅਲੱਗ-ਅਲੱਗ ਥਾਵਾਂ 'ਤੇ ਪੁਲਿਸ ਨੇ ਨਾਕੇ ਲਗਾਏ ਹਨ, ਜਿਨ੍ਹਾਂ 'ਚੋਂ 14 ਨਾਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਲੱਗਦੇ ਰਸਤਿਆਂ 'ਤੇ ਲਗਾਏ ਗਏ ਹਨ।

ਅੰਮ੍ਰਿਤਸਰ ‘ਚ ਅੱਜ ਯਾਨੀ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਦੇ ਤਹਿਤ ਕਈ ਸਿੱਖ ਜਥੇਬੰਦੀਆਂ ਨੇ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਸ਼ਹਿਰ ‘ਚ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਲਈ ਪੁਲਿਸ ਫ਼ੋਰਸ ਪੂਰੀ ਤਰ੍ਹਾਂ ਚੌਕਸ ਹੈ। ਆਪ੍ਰੇਸ਼ਨ ਬਲੂ ਸਟਾਰ ਦੇ ਮੌਕੇ ‘ਤੇ ਪੰਜਾਬ ਪੁਲਿਸ ਨੇ ਤਕਰੀਬਨ 4 ਹਜ਼ਾਰ ਪੁਲਿਸ ਕਰਮਚਾਰੀ ਅੰਮ੍ਰਿਤਸਰ ‘ਚ ਤੈਨਾਨ ਕੀਤੇ ਹਨ, ਇਨ੍ਹਾਂ ‘ਚ ਪੰਜਾਬ ਆਰਮਡ ਪੁਲਿਸ ਦੇ ਜਵਾਨ ਵੀ ਸ਼ਾਮਲ ਹਨ। ਅੰਮ੍ਰਿਤਸਰ ‘ਚ 62 ਅਲੱਗ-ਅਲੱਗ ਥਾਂਵਾ ‘ਤੇ ਪੁਲਿਸ ਨੇ ਨਾਕੇ ਲਗਾਏ ਹਨ, ਜਿਨ੍ਹਾਂ ‘ਚੋਂ 14 ਨਾਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਲੱਗਦੇ ਰਸਤਿਆਂ ‘ਤੇ ਲਗਾਏ ਗਏ ਹਨ।
ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਵੱਖ ਹਨ, ਕਿਉਂਕਿ ਪਿਛਲੇ ਸਾਲ ਦਸੰਬਰ ‘ਚ ਬਦਲੇ ਗਏ ਜਥੇਦਾਰ ਨੂੰ ਲੈ ਕੇ ਕਈ ਸਿੱਖ ਸੰਗਠਨ ਨਾਰਾਜ਼ ਹਨ। ਦਮਦਮੀ ਟਕਸਾਲ ਮੁੱਖੀ ਹਰਨਾਮ ਸਿਘ ਖਾਲਸਾ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਨੇ ਸੰਦੇਸ਼ ਵੀ ਜਾਰੀ ਕੀਤਾ ਸੀ ਕਿ ਜਥੇਦਾਰ ਗਿਆਨੀ ਗੜਗੱਜ ਨੂੰ ਪੰਥ ਦੇ ਨਾਂ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ ਹੈ, ਜੇਕਰ ਜਥੇਦਾਰ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਸਿੱਖ ਸੰਗਤ ਤੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਹਨ। ਸਵੇਰ ਤੋਂ ਹੀ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਤੇ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਰਸਤਿਆਂ ‘ਤੇ ਸਿੱਖ ਸੰਗਤ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ।
ਪੁਲਿਸ ਫ਼ੋਰਸ ਅਲਰਟ
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਹਨ। ਅੰਮ੍ਰਿਤਸਰ ‘ਚ ਕੁੱਲ 62 ਨਾਕੇ ਲਗਾਏ ਗਏ ਹਨ। 20 ਨਾਕੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ‘ਚ ਲਗਾਏ ਗਏ ਹਨ ਤੇ 10 ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਲਗਾਏ ਗਏ ਹਨ। ਨਾਕਿਆਂ ‘ਤੇ ਪੁਲਿਸ 24 ਘੰਟੇ ਤੈਨਾਤ ਰਹੇਗੀ। ਪੁਲਿਸ ਫ਼ੋਰਸ ਹਰ ਸ਼ੱਕੀ ਘਟਨਾ ‘ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ 40 ਡੀਐਸਪੀ ਤੇ ਐਸਪੀ ਲੈਵਲ ਦੇ ਅਧਿਕਾਰੀ ਵੀ ਸ਼ਹਿਰ ‘ਚ ਨਿਗਰਾਨੀ ‘ਤੇ ਰਹਿਣਗੇ। ਪੁਲਿਸ ਸ਼ਹਿਰ ‘ਚ ਫਲੈਗ ਮਾਰਚ ਵੀ ਕੱਢ ਰਹੀ ਹੈ।