ਗਡਕਰੀ ਨੇ ਅਟਾਰੀ ਬਾਰਡਰ ‘ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਦਿੱਲੀ-ਕਟਰਾ ਗ੍ਰੀਨ ਫੀਲਡ ਐਕਸਪ੍ਰੈਸ ਵੇਅ ਦਾ ਲਿਆ ਜਾਇਜ਼ਾ

Updated On: 

19 Oct 2023 18:53 PM

Nitin Gadkari Amritsar Visit: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਦਾ ਹਵਾਈ ਅੱਡੇ 'ਤੇ ਪੰਜਾਬ ਦੇ ਮੰਤਰੀਆਂ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਇੱਥੋਂ ਸਿੱਧਾ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋ ਗਏ। ਬਾਅਦ ਉਹ ਦਿੱਲੀ-ਕਟੜਾ ਨੈਸ਼ਨਲ ਹਾਈਵੇ ਦਾ ਦੌਰਾ ਕਰਨ ਵੀ ਗਏ। ਨਾਲ ਹੀ ਉਨ੍ਹਾਂ ਨੇ ਅਟਾਰੀ ਬਾਰਡਰ ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਵੀ ਲਹਿਰਾਇਆ ਹੈ।

ਗਡਕਰੀ ਨੇ ਅਟਾਰੀ ਬਾਰਡਰ ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਦਿੱਲੀ-ਕਟਰਾ ਗ੍ਰੀਨ ਫੀਲਡ ਐਕਸਪ੍ਰੈਸ ਵੇਅ ਦਾ ਲਿਆ ਜਾਇਜ਼ਾ
Follow Us On

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਵੀਰਵਾਰ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਅਟਾਰੀ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਲਗਾਇਆ ਗਿਆ ਇਹ ਤਿਰੰਗਾ ਖਾਸ ਸਰਵਿਲਾਂਸ ਤਕਨੀਕ ਨਾਲ ਲੈਸ ਹੈ। ਇਸ ਦੇ ਉੱਪਰ ਇੱਕ ਸਿਸਟਮ ਲਗਾਇਆ ਗਿਆ ਹੈ, ਜੋ ਸਰਹੱਦ ‘ਤੇ ਸਾਡੇ ਸੈਨਿਕਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ।

ਅਟਾਰੀ ਸਰਹੱਦ ‘ਤੇ ਲਗਾਇਆ ਗਿਆ ਇਹ ਤਿਰੰਗਾ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ ਤਿਆਰ ਕੀਤੇ ਗਏ 418 ਫੁੱਟ ਲੰਬੇ ਝੰਡੇ ਦੇ ਖੰਭੇ ‘ਤੇ ਭਾਰਤ ਦਾ ਤਿਰੰਗਾ ਲਹਿਰਾ ਰਿਹਾ ਹੈ।

3.5 ਕਰੋੜ ਰੁਪਏ ਕੀਤੇ ਗਏ ਖਰਚ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ 3.5 ਕਰੋੜ ਰੁਪਏ ਵਿੱਚ ਇਹ ਫਲੈਗ ਪੋਲ ਲਗਾਇਆ ਗਿਆ ਹੈ। ਹੁਣ ਤੱਕ ਕਰਨਾਟਕ ਦੇ ਬੇਲਗਾਮ ਵਿੱਚ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾ ਰਿਹਾ ਹੈ। ਜਿਸ ਦੀ ਉਚਾਈ 110 ਮੀਟਰ ਯਾਨੀ ਕਿ 360.8 ਫੁੱਟ ਹੈ, ਜੋ ਕਿ ਅਟਾਰੀ ਸਰਹੱਦ ‘ਤੇ ਹੁਣ ਤੱਕ ਲਹਿਰਾਏ ਗਏ ਤਿਰੰਗੇ ਤੋਂ ਮਹਿਜ਼ 0.8 ਫੁੱਟ ਜ਼ਿਆਦਾ ਹੈ, ਪਰ ਨਵੇਂ ਝੰਡੇ ਦੀ ਪੋਲ ‘ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਬਣ ਗਿਆ ਹੈ।

ਸੂਬੇ ਦੀ ਖੁਸ਼ਹਾਲੀ ਦਾ ਮੁੱਢ ਬਣੇਗਾ ਐਕਸਪ੍ਰੈਸਵੇਅ – ਸੀਐਮ

ਮੁਖ ਮੰਤਰੀ ਭਗਵੰਤ ਮਾਨ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦਾ ਜਾਇਜ਼ਾ ਲੈਣ ਤੋਂ ਬਾਅਦ ਟਵੀਟ ਰਾਹੀਂ ਕਿਹਾ ਕਿ ਇਹ ਰੂਟ ਨਾ ਸਿਰਫ਼ ਪੰਜਾਬ ਲਈ ਸਗੋਂ ਪੂਰੇ ਉੱਤਰ ਭਾਰਤ ਲਈ ਵਿਕਾਸ ਦਾ ਮਾਰਗ ਸਾਬਿਤ ਹੋਵੇਗਾ। ਉਨ੍ਹਾਂ ਭਰੋਸਾ ਦੁਆਇਆ ਕਿ ਬਹੁਤ ਹੀ ਛੇਤੀ ਇਸ ਹਾਈਵੇਅ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ, ਜਿਸ ਤੋਂ ਨਾ ਸਿਰਫ਼ ਪੈਸੇ ਦੀ ਸਗੋਂ ਹੁਣ ਤੱਕ ਲੱਗਣ ਵਾਲੇ ਸਮੇਂ ਦੀ ਵੀ ਵੱਡੀ ਬਚਤ ਹੋਵੇਗੀ।

ਪੰਜਾਬ ਲਈ ਮਹੱਤਵਪੂਰਨ ਹਨ ਇਹ ਪ੍ਰੋਜੈਕਟਸ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਵਿੱਚ 29,000 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰੀਨ ਫੀਲਡ ਅਤੇ ਆਰਥਿਕ ਗਲਿਆਰੇ ਬਣਾਏ ਜਾ ਰਹੇ ਹਨ। 669 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨ ਫੀਲਡ ਐਕਸਪ੍ਰੈਸਵੇਅ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਣ ਨਾਲ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਵਿਚ ਅਤੇ ਕਟੜਾ ਤੋਂ 6 ਘੰਟੇ ਵਿਚ ਪਹੁੰਚਿਆ ਜਾ ਸਕਦਾ ਹੈ। ਫਿਲਹਾਲ ਦਿੱਲੀ ਤੋਂ ਕਟੜਾ ਦੀ ਦੂਰੀ 727 ਕਿਲੋਮੀਟਰ ਹੈ, ਇਸ ਮਾਰਗ ਦੇ ਬਣਨ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ।

ਦਿੱਲੀ ਦੇ ਕੇਐਮਪੀ ਤੋਂ ਸ਼ੁਰੂ ਹੋ ਕੇ ਇਹ ਐਕਸਪ੍ਰੈਸਵੇਅ ਹਰਿਆਣਾ ਵਿੱਚ 137 ਕਿਲੋਮੀਟਰ ਤੱਕ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਐਕਸਪ੍ਰੈਸ ਵੇਅ ਦੀ ਲੰਬਾਈ 399 ਕਿਲੋਮੀਟਰ ਹੈ। ਜਿਸ ਵਿਚ 296 ਕਿਲੋਮੀਟਰ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ‘ਚ ਐਕਸਪ੍ਰੈੱਸ ਵੇਅ ਦੀ ਲੰਬਾਈ 135 ਕਿਲੋਮੀਟਰ ਹੈ, ਜਿਸ ‘ਚੋਂ 120 ਕਿਲੋਮੀਟਰ ‘ਤੇ ਕੰਮ ਚੱਲ ਰਿਹਾ ਹੈ। ਪੰਜਾਬ ਵਿੱਚ, ਇਹ ਐਕਸਪ੍ਰੈਸਵੇਅ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਵਰਗੇ ਉਦਯੋਗਿਕ ਖੇਤਰਾਂ ਵਿੱਚੋਂ ਲੰਘੇਗਾ।

ਪੰਜਾਬ ਦੇ ਪ੍ਰੋਜੈਕਟਾਂ ਬਾਰੇ ਦਿੱਤੀ ਜਾਣਕਾਰੀ

ਨਿਤਿਨ ਗਡਕਰੀ ਨੇ ਪੰਜਾਬ ਵਿੱਚ ਚੱਲ ਰਹੇ ਹਾਈਵੇਅ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਪੈਦਾ ਹੋਏ ਪਾਣੀ ਦੇ ਵਿਵਾਦ ਦਾ ਹੱਲ ਵੀ ਦੱਸਿਆ ਹੈ। ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਕਾਫੀ ਪਾਣੀ ਹੈ। ਆਜ਼ਾਦੀ ਤੋਂ ਬਾਅਦ ਭਾਰਤ ਦੇ ਹਿੱਸੇ ਵਿਚ ਤਿੰਨ ਅਤੇ ਪਾਕਿਸਤਾਨ ਦੇ ਹਿੱਸੇ ਵਿਚ ਤਿੰਨ ਦਰਿਆ ਸਨ ਪਰ ਅੱਜ ਤੱਕ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਵਿਚ ਪਹੁੰਚ ਰਿਹਾ ਹੈ। ਜੇਕਰ ਅਸੀਂ ਉਸ ਪਾਣੀ ਨੂੰ ਚੈਨਲਾਈਜ਼ ਕਰਦੇ ਹਾਂ ਤਾਂ ਅਸੀਂ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਵੀ ਪਾਣੀ ਮੁਹੱਈਆ ਕਰਵਾ ਸਕਦੇ ਹਾਂ।

ਅੰਮ੍ਰਿਤਸਰ, ਪੰਜਾਬ ਲਈ ਰੋਪਵੇਅ ਦਾ ਐਲਾਨ

ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ, ਪੰਜਾਬ ਲਈ ਰੋਪਵੇਅ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਮੇਸ਼ਾ ਭਵਿੱਖ ਲਈ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਕਿਸਾਨ ਅੱਜ ਪਰਾਲੀ ਸਾੜਦੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਪਰਾਲੀ ਨੂੰ ਲੈ ਕੇ ਲੜਾਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਜੋ ਵੀ ਕਹਿੰਦੇ ਹਨ, 100 ਟਕਾ ਸੋਚ ਕੇ ਕਹਿੰਦੇ ਹਨ। ਇਸ ਪਰਾਲੀ ਤੋਂ ਈਥਾਨੌਲ ਤਿਆਰ ਕੀਤਾ ਜਾ ਸਕਦਾ ਹੈ।

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ ਬਿਆਸ ਓਵਰ ਬ੍ਰਿਜ

ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਹਾਈਵੇਅ ਪ੍ਰੋਜੈਕਟ ਵਿੱਚ ਬਿਆਸ ਦਰਿਆ ਉੱਤੇ ਇੱਕ ਪੁਲ ਬਣਾਇਆ ਜਾ ਰਿਹਾ ਹੈ, ਜਿਸ ਨੂੰ ਸੈਰ ਸਪਾਟੇ ਦੇ ਹਿਸਾਬ ਨਾਲ ਬਣਾਇਆ ਜਾ ਸਕਦਾ ਹੈ। ਜੇਕਰ ਇਸ ਪੁਲ ‘ਤੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਇਹ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਇੱਥੇ ਕੈਫੇ ਦੀ ਸਹੂਲਤ ਵੀ ਹੋਵੇਗੀ। ਪੰਜਾਬ ਸਰਕਾਰ ਇਸ ਬਾਰੇ ਵਿਚਾਰ ਕਰ ਸਕਦੀ ਹੈ।

ਇਸ ਤੋਂ ਇਲਾਵਾ ਸੀਐਮ.ਭਗਵੰਤ ਮਾਨ ਨੂੰ ਬਿਜਲੀ ‘ਤੇ ਆਧਾਰਿਤ ਆਵਾਜਾਈ ਦੇ ਰਸਤੇ ਬਾਰੇ ਦੱਸਿਆ ਗਿਆ। ਜਿਸ ਦੀ ਸਪੀਡ 600 ਕਿਲੋਮੀਟਰ ਹੈ। ਇਸ ਨੂੰ ਹਾਈਵੇਅ ਦੇ ਵਿਚਕਾਰ ਬਣਾਇਆ ਜਾ ਸਕਦਾ ਹੈ। ਜਿਸ ਕਾਰਨ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ ਸਿਰਫ 40 ਮਿੰਟਾਂ ‘ਚ ਸੰਭਵ ਹੋਵੇਗਾ। ਪੰਜਾਬ ਸਰਕਾਰ ਇਸ ਬਾਰੇ ਵਿਚਾਰ ਕਰ ਸਕਦੀ ਹੈ।

ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਰੋਪਵੇਅ ਦੇ ਨਾਲ-ਨਾਲ 15 ਹਜ਼ਾਰ ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦਾ ਵੀ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਜ਼ਮੀਨ ਐਕੁਆਇਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ, ਕੇਂਦਰ ਸਰਕਾਰ ਇਸ ਲਈ ਫੰਡ ਵੀ ਰਿਲੀਜ਼ ਕਰੇਗੀ।

ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੀ ਇੱਛਾ ਸੀ – ਗਡਕਰੀ

ਨਿਤਿਨ ਗਡਕਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦੀ ਮੇਰੀ ਤਾਂ ਪਹਿਲਾਂ ਹੀ ਇੱਛਾ ਸੀ। ਅੱਜ ਮੈਨੂੰ ਇੱਥੇ ਸਿਰ ਝੁਕਾਉਣ ਦਾ ਸੁਭਾਗ ਮਿਲਿਆ। ਮੈਂ ਮੰਦਰ ਵਿੱਚ ਪ੍ਰਾਰਥਨਾ ਕੀਤੀ ਕਿ ਸਾਡੇ ਭਾਰਤੀਆਂ ਦਾ ਆਉਣ ਵਾਲੇ ਸਮੇਂ ਵਿੱਚ ਚੰਗਾ ਅਤੇ ਖੁਸ਼ਹਾਲ ਜੀਵਨ ਹੋਵੇ ਅਤੇ ਸਭ ਦਾ ਭਲਾ ਹੋਵੇ। ਦੇਸ਼ ਹੋਰ ਤਰੱਕੀ ਕਰੇ। ਇਸ ਲਈ ਮੈਂ ਪ੍ਰਾਰਥਨਾ ਕੀਤੀ ਹੈ।

ਬਿਆਸ ਦਰਿਆ ਤੇ ਏਸ਼ੀਆ ਦਾ ਸਭ ਤੋਂ ਲੰਬਾ ਸਟੇ ਬ੍ਰਿਜ

ਇਸ ਕੋਰੀਡੋਰ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਵਿੱਚ ਬਿਆਸ ਦਰਿਆ ਉੱਤੇ ਏਸ਼ੀਆ ਦਾ ਸਭ ਤੋਂ ਲੰਬਾ 1300 ਮੀਟਰ ਲੰਬਾ ਕੇਬਲ ਸਟੇ ਬ੍ਰਿਜ ਸ਼ਾਮਲ ਹੈ। ਇਹ ਐਕਸਪ੍ਰੈਸ ਵੇਅ ਸਿੱਖ ਕੌਮ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਗੁਰਦੁਆਰਾ, ਗੋਇੰਦਵਾਲ ਸਾਹਿਬ ਗੁਰਦੁਆਰਾ, ਖੰਡੂਰ ਸਾਹਿਬ ਗੁਰਦੁਆਰਾ, ਗੁਰਦੁਆਰਾ ਦਰਬਾਰ ਸਾਹਿਬ (ਤਰਨਤਾਰਨ) ਨੂੰ ਮਾਤਾ ਦਰਬਾਰ ਵੈਸ਼ਨੋ ਦੇਵੀ ਕਟੜਾ ਤੱਕ ਜੋੜੇਗਾ।

1475 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 50 ਕਿਲੋਮੀਟਰ 4 ਮਾਰਗੀ ਅੰਮ੍ਰਿਤਸਰ ਬਾਈਪਾਸ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਿਰਮਾਣ ਨਾਲ ਤਰਨਤਾਰਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਬਿਹਤਰ ਸੰਪਰਕ ਹੋਵੇਗਾ। ਇਹ ਬਾਈਪਾਸ ਅੰਮ੍ਰਿਤਸਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕਾਰਗਰ ਸਾਬਤ ਹੋਵੇਗਾ। ਇਹ ਰੂਟ ਅੰਮ੍ਰਿਤਸਰ ਦੇ ਸੰਪਰਕ, ਆਵਾਜਾਈ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰੇਗਾ।

Exit mobile version