NIA ਦੀ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇਮਾਰੀ; ਲਾਰੈਂਸ ਦੇ ਸਾਥੀਆਂ ਦੇ ਘਰ ਰੇਡ, ਅਰਸ਼ਦੀਪ ਡੱਲਾ ਦਾ ਸਮਰਥਕ ਗ੍ਰਿਫ਼ਤਾਰ

Updated On: 

27 Sep 2023 12:09 PM

NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਵਿੱਚ ਕਰੀਬ 30 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਭਾਰਤ-ਕੈਨੇਡਾ ਵਿਵਾਦ ਅਤੇ ਖਾਲਿਸਤਾਨ ਸਮਰਥਕਾਂ ਦੀਆਂ ਧਮਕੀਆਂ ਤੋਂ ਬਾਅਦ ਕੀਤੀ ਗਈ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪੜ੍ਹੋ ਸੁਖਜਿੰਦਰ ਸਹੋਤਾ ਅਤੇ ਗੋਬਿੰਦ ਸੈਨੀ, ਰਜਿੰਦਰ ਕੁਮਾਰ ਦੀ ਰਿਪੋਰਟ...

NIA ਦੀ ਪੰਜਾਬ ਚ ਕਈ ਥਾਵਾਂ ਤੇ ਛਾਪੇਮਾਰੀ; ਲਾਰੈਂਸ ਦੇ ਸਾਥੀਆਂ ਦੇ ਘਰ ਰੇਡ, ਅਰਸ਼ਦੀਪ ਡੱਲਾ ਦਾ ਸਮਰਥਕ ਗ੍ਰਿਫ਼ਤਾਰ
Follow Us On

ਪੰਜਾਬ ਭਰ ਵਿੱਚ NIA ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਸਮਰਥਕ ਹਨ। ਗੈਂਗਸਟਰ ਗੁਰਪ੍ਰੀਤ ਸਿੰਘ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਉੱਥੇ ਹੀ ਇੱਕ ਟੀਮ ਹੈਰੀ ਮੋਰ ਦੇ ਘਰ ਪਹੁੰਚੀ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਸ਼ਾਮਲ ਹੈ।

NIA ਮੁਤਾਬਕ 3 ਮਾਮਲਿਆਂ ‘ਚ ਲਾਰੈਂਸ ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਦੇ ਸਾਥੀਆਂ ਨਾਲ ਸਬੰਧਤ 6 ਸੂਬਿਆਂ ‘ਚ ਕਰੀਬ 51 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਰਸ਼ਦੀਪ ਡੱਲਾ ਦਾ ਸਮਰਥਕ ਗ੍ਰਿਫ਼ਤਾਰ

ਫ਼ਿਰੋਜ਼ਪੁਰ ‘ਚ ਛਾਪੇਮਾਰੀ ਦੌਰਾਨ NIA ਨੇ ਅੱਜ ਸਵੇਰੇ 5 ਵਜੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਸਾਥੀ ਜੋਨਸ ਉਰਫ਼ ਜ਼ੋਰਾ ਦੇ ਘਰ ਛਾਪਾ ਮਾਰਿਆ। ਜਿਸ ਤੋਂ ਬਾਅਦ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੋਨਸ ਲਗਾਤਾਰ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ‘ਚ ਸੀ। ਜਾਂਚ ਏਜੰਸੀ ਨੂੰ ਉਸ ਦੇ ਮੋਬਾਈਲ ਤੋਂ ਚੈਟ ਵੀ ਮਿਲੀ ਹੈ।

ਕਰਮਜੀਤ ਸਿੰਘ ਦੇ ਘਰ NIA ਵੱਲੋਂ ਛਾਪੇਮਾਰੀ

ਗੈਂਗਸਟਰ ਅਤੇ ਖਾਲਿਸਤਾਨੀ ਗਠਜੋੜ ਦੇ ਸਾਹਮਣੇ ਆਉਣ ਤੋਂ ਬਾਅਦ NIA ਦੀ ਟੀਮ ਨੇ ਅੱਜ ਫਰੀਦਕੋਟ ‘ਚ ਛਾਪੇਮਾਰੀ ਕੀਤੀ ਹੈ। ਫਰੀਦਕੋਟ ‘ਚ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਭਰਾ ਕਰਮਜੀਤ ਸਿੰਘ ਦੇ ਘਰ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ NIA ਨੇ ਪਿੰਡ ਜਿਊਣ ਸਿੰਘ ਵਾਲਾ ‘ਚ ਵੀ ਛਾਪੇਮਾਰੀ ਕੀਤੀ ਸੀ। ਸੂਤਰਾਂ ਮੁਤਾਬਕ ਕਰਮਜੀਤ ਸਿੰਘ ਦੇ ਖਾਲਿਸਤਾਨੀਆਂ ਨਾਲ ਸੰਬੰਧ ਹਨ।

ਪੰਜਾਬ ‘ਚ 30 ਥਾਵਾਂ ‘ਤੇ ਛਾਪੇਮਾਰੀ

ਐਨਆਈਏ ਨੇ ਪੰਜਾਬ ਵਿੱਚ 30 ਥਾਵਾਂ, ਰਾਜਸਥਾਨ ਵਿੱਚ 13 ਥਾਵਾਂ, ਹਰਿਆਣਾ ਵਿੱਚ 4 ਥਾਵਾਂ, ਉੱਤਰਾਖੰਡ ਵਿੱਚ 2 ਥਾਵਾਂ ਅਤੇ ਦਿੱਲੀ ਅਤੇ ਯੂਪੀ ਵਿੱਚ ਇੱਕ-ਇੱਕ ਥਾਂ ਛਾਪੇਮਾਰੀ ਕੀਤੀ ਹੈ। ਇਸ ਨੂੰ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ‘ਖਾਲਿਸਤਾਨ ਟਾਈਗਰ ਫੋਰਸ’ ‘ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਅਰਸ਼ਦੀਪ ਡੱਲਾ ਦੇ ਪੰਜਾਬ ਅਤੇ ਹੋਰ ਸੂਬਿਆਂ ਵਿਚਲੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਡੱਲਾ ਦੇ ਕਰੀਬੀ ਸਾਥੀਆਂ ਹੈਰੀ , ਗੁਰਪ੍ਰੀਤ ਸਿੰਘ ਗੁਰੀ ਅਤੇ ਗੁਰਮੇਲ ਸਿੰਘ ਦੇ ਟਿਕਾਣਿਆਂ ‘ਤੇ ਪੰਜਾਬ ‘ਚ ਛਾਪੇਮਾਰੀ ਕੀਤੀ ਗਈ ਹੈ। NIA ਦੇ ਸੂਤਰਾਂ ਅਨੁਸਾਰ ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਅਤੇ ਗੈਂਗਸਟਰ ਹਵਾਲਾ ਚੈਨਲ ਰਾਹੀਂ ਭਾਰਤ ‘ਚ ਜ਼ਮੀਨੀ ਕਰਮਚਾਰੀਆਂ ਨੂੰ ਨਸ਼ੇ ਅਤੇ ਹਥਿਆਰਾਂ ਦੀ ਫੰਡਿੰਗ ਕਰ ਰਹੇ ਹਨ। ਗੈਂਗਸਟਰ-ਖਾਲਿਸਤਾਨੀਆਂ ਦੀ ਇਸ ਫੰਡਿੰਗ ਚੇਨ ਨੂੰ ਖਤਮ ਕਰਨ ਲਈ NIA ਵੱਡੀ ਕਾਰਵਾਈ ਕਰ ਰਹੀ ਹੈ।

ਚਈਨਾ ਮਨੀ ਐਕਸਚੇਂਜਰ ਦੇ ਘਰ ਛਾਪਾ

NIA ਦੀ ਟੀਮ ਨੇ ਜਗਰਾਓ ਪੁਲਿਸ ਨਾਲ ਮਿਲ ਕੇ ਜਗਰਾਓ ‘ਚ ਚਈਨਾ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ। ਦੱਸ ਦਈਏ ਕਿ ਉਨ੍ਹਾਂ ਦਾ ਘਰ ਵਿਜੇ ਨਗਰ ਇਲਾਕੇ ‘ਚ ਹੈ। ਇਸ ਛਾਪੇਮਾਰੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

NIA ਅੱਤਵਾਦੀ ਨਿੱਝਰ ਦੀ ਜਾਇਦਾਦ ਜ਼ਬਤ ਕਰੇਗੀ

ਕੁਝ ਦਿਨ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੈਨੇਡਾ ‘ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਪੰਜਾਬ ਸਥਿਤ ਘਰ ‘ਤੇ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਚਿਪਕਾਇਆ ਸੀ। ਨਿੱਝਰ ਦਾ ਘਰ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਵਿੱਚ ਹੈ। ਜਿਸ ਨੂੰ ਪਿਛਲੇ ਡੇਢ ਸਾਲ ਤੋਂ ਤਾਲਾ ਲੱਗਿਆ ਹੋਇਆ ਹੈ। ਐਨਆਈਏ ਦੀ ਟੀਮ ਸ਼ਨੀਵਾਰ ਨੂੰ ਇੱਥੇ ਪਹੁੰਚੀ ਸੀ।

ਨਿੱਝਰ ਦੇ ਘਰ ‘ਤੇ ਚਿਪਕਾਇਆ ਨੋਟਿਸ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਕਮ ਐਨਆਈਏ ਅਦਾਲਤ ਤੋਂ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ‘ਚ ਰਿਸ਼ਤੇਦਾਰ ਅਤੇ ਨਜ਼ਦੀਕੀ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ।