ਚਾਲੂ ਸੀਜ਼ਨ ਦੌਰਾਨ 7300 ਕਰੋੜ ਰੁਪਏ ਦਾ ਭੁਗਤਾਨ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕੀਤਾ ਗਿਆ-ਕਟਾਰੂ ਚੱਕ

Published: 

21 Apr 2023 22:50 PM

ਕੈਬਨਿਟ ਮੰਤਰੀ, ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਵੀਰਵਾਰ ਤੱਕ ਰਾਜ ਦੀਆਂ ਮੰਡੀਆਂ ਵਿੱਚ ਲਗਭਗ 45 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬੰਗਾ ਮੰਡੀ ਵਿਖੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਚਾਲੂ ਸੀਜ਼ਨ ਦੌਰਾਨ 7300 ਕਰੋੜ ਰੁਪਏ ਦਾ ਭੁਗਤਾਨ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕੀਤਾ ਗਿਆ।

ਚਾਲੂ ਸੀਜ਼ਨ ਦੌਰਾਨ 7300 ਕਰੋੜ ਰੁਪਏ ਦਾ ਭੁਗਤਾਨ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕੀਤਾ ਗਿਆ-ਕਟਾਰੂ ਚੱਕ

ਚਾਲੂ ਸੀਜ਼ਨ ਦੌਰਾਨ 7300 ਕਰੋੜ ਰੁਪਏ ਦਾ ਭੁਗਤਾਨ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕੀਤਾ ਗਿਆ-ਕਟਾਰੂ ਚੱਕ।

Follow Us On

ਬੰਗਾਂ /ਨਵਾਂਸ਼ਹਿਰ। ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਭਾਰਤ ਸਰਕਾਰ (Government of India) ਵੱਲੋਂ ਸਿਫ਼ਾਰਸ਼ ਕੀਤੇ ਮੁੱਲ ਕਟੌਤੀ (ਵੈਲਿਯੂ ਕੱਟ) ਦੀ ਕਟੌਤੀ ਕੀਤੇ ਬਿਨਾਂ ਹੁਣ ਤੱਕ ਦੋ ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 7300 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਖੁਰਾਕ ਮੰਤਰੀ ਨੇ ਕਿਹਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਕਿਸਾਨਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਕਣਕ ਦੀ ਪੂਰੀ ਰਕਮ ਅਦਾ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।

ਕਣਕ ਦੇ ਭਾਅ ‘ਚ ਕਟੌਤੀ ਬੇਇਨਸਾਫੀ-ਕਟਾਰੂਚੱਕ

ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਕਟੌਤੀ ਦੇਸ਼ ਦੇ ਅੰਨਦਾਤੇ ਨਾਲ ਸਰਾਸਰ ਬੇਇਨਸਾਫ਼ੀ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰਾ ਜੋ ਪਹਿਲਾਂ ਹੀ ਭਾਰੀ ਮੀਂਹ ਦੇ ਕਹਿਰ ਦੀ ਮਾਰ ਹੇਠ ਸੀ, ਫ਼ਸਲਾਂ ਦੇ ਨੁਕਸਾਨ ਬਾਅਦ ਇਸ ਕੱਟ ਨੂੰ ਸਹਿਣ ਦੀ ਸਥਿਤੀ ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਫ਼ਸਲ ਤੇ ਇਹ ਮੁੱਲ ਕਟੌਤੀ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਸੂਬੇ ਦੇ ਕਿਸਾਨ ਪਹਿਲਾਂ ਹੀ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨੂੰ ਹੋਰ ਮੁਸ਼ਕਲ ਤੋਂ ਬਚਾਉਣ ਲਈ ਤੁਰੰਤ ਖਰੀਦ ਕਰਨ ਅਤੇ ਅਦਾਇਗੀ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਕੁਦਰਤੀ ਆਫਤਾਂ ਨਾਲ ਝੰਬੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

‘ਨਿਰਵਿਘਨ ਕੀਤੀ ਜਾ ਰਹੀ ਕਣਕ ਦੀ ਖਰੀਦ’

ਬੰਗਾ ਮੰਡੀ ਵਿੱਚ ਆਪਣੀ ਫ਼ਸਲ ਵੇਚਣ ਆਏ ਕਿਸਾਨ (farmer) ਮੱਖਣ ਸਿੰਘ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ, ਉਨ੍ਹਾਂ ਨੂੰ ਮੰਡੀਆਂ ਵਿੱਚ ਆ ਰਹੀ ਮੁਸ਼ਕਲ ਬਾਰੇ ਪੁੱਛਿਆ, ਪਰ ਕਿਸਾਨਾਂ ਨੇ ਸਰਕਾਰ ਵੱਲੋਂ ਨਿਰਵਿਘਨ ਖਰੀਦ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੋਂ ਮਾਰਕੀਟ ਕਮੇਟੀਆਂ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ ਪਰ ਉਨ੍ਹਾਂ ਕੁਝ ਹੋਰ ਵਾਧੂ ਪਖਾਨਿਆਂ ਦੀ ਮੰਗ ਕਰਦਿਆਂ ਮੌਜੂਦਾ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਮੌਕੇ ਤੇ ਹੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਅਗਲੇ ਖਰੀਦ ਸੀਜ਼ਨ ਤੱਕ ਹੋਰ ਪਖਾਨਾ ਯੂਨਿਟਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਉਨ੍ਹਾਂ ਦੇ ਨਾਲ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਘਣਸ਼ਿਆਮ ਥੋਰੀ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਐਸ ਡੀ ਐਮ ਮੇਜਰ ਸ਼ਿਵਰਾਜ ਬੱਲ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ