ਮੋਹਾਲੀ ‘ਚ ਡੂੰਘੀ ਬੇਸਮੈਂਟ ‘ਚ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗੀ ਮਿੱਟੀ, 2 ਦੀ ਮੌਕੇ ‘ਤੇ ਮੌਤ; SIT ਜਾਂਚ ਸ਼ੁਰੂ
ਮੋਹਾਲੀ ਦੇ ਏਅਰਪੋਰਟ ਰੋਡ ਸਥਿਤ ਏਅਰੋਸਿਟੀ ਇਲਾਕੇ ਵਿੱਚ ਉਸਾਰੀ ਅਧੀਨ ਇੱਕ ਨਿੱਜੀ ਹਸਪਤਾਲ ਦੀ ਇਮਾਰਤ 'ਚ ਵੀਰਵਾਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਸਪਤਾਲ ਦੀ ਬੇਸਮੈਂਟ ਵਿੱਚ ਅਚਾਨਕ ਵੱਡੀ ਪੱਧਰ 'ਤੇ ਮਿੱਟੀ ਧੱਸਣ ਕਾਰਨ ਉੱਥੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ।
ਮੋਹਾਲੀ ਦੇ ਏਅਰਪੋਰਟ ਰੋਡ ਸਥਿਤ ਏਅਰੋਸਿਟੀ ਇਲਾਕੇ ਵਿੱਚ ਉਸਾਰੀ ਅਧੀਨ ਇੱਕ ਨਿੱਜੀ ਹਸਪਤਾਲ ਦੀ ਇਮਾਰਤ ‘ਚ ਵੀਰਵਾਰ ਸ਼ਾਮ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਸਪਤਾਲ ਦੀ ਬੇਸਮੈਂਟ ਵਿੱਚ ਅਚਾਨਕ ਵੱਡੀ ਪੱਧਰ ‘ਤੇ ਮਿੱਟੀ ਧੱਸਣ ਕਾਰਨ ਉੱਥੇ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਬੇਸਮੈਂਟ ‘ਚ 15 ਫੁੱਟ ਹੇਠਾਂ ਕੰਮ ਕਰ ਰਹੇ ਸੀ ਮਜ਼ਦੂਰ
ਦੱਸਿਆ ਜਾ ਰਿਹਾ ਹੈ ਕਿ ਇਹ ਨਿਰਮਾਣ ਕਾਰਜ ਲਿਬਾਸਾ ਹਸਪਤਾਲ ਨਾਲ ਸਬੰਧਤ ਇੱਕ ਆਰਥੋਪੈਡਿਕ ਸਰਜਨ ਦੀ ਜ਼ਮੀਨ ‘ਤੇ ਚੱਲ ਰਿਹਾ ਸੀ। ਹਾਦਸੇ ਦੇ ਸਮੇਂ ਸੜਕ ਤੋਂ ਲਗਭਗ 15 ਫੁੱਟ ਹੇਠਾਂ ਬੇਸਮੈਂਟ ਦੀ ਖੁਦਾਈ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰ ਪਲਾਈ ਲਗਾ ਕੇ ਉਸ ਨੂੰ ਬੰਨ੍ਹਣ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਮਿੱਟੀ ਦਾ ਇੱਕ ਵੱਡਾ ਢੇਰ ਉਨ੍ਹਾਂ ਦੇ ਉੱਪਰ ਆ ਡਿੱਗਿਆ। ਮਲਬੇ ਹੇਠਾਂ ਦੱਬ ਜਾਣ ਕਾਰਨ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ ਤੇ ਹੋਰ ਉਪਕਰਣਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰਕੇ ਮਲਬਾ ਹਟਾਉਣ ਦੀ ਕਵਾਇਦ ਤੇਜ਼ ਕੀਤੀ ਗਈ।
Mohali, Punjab: A tragic accident occurred late Wednesday night at a construction site in Aerocity. Heavy rain reportedly caused the ground on one side of the site to collapse, bringing down part of the under-construction building. Around six people are feared trapped under the pic.twitter.com/dWxYg091Ke
— IANS (@ians_india) August 20, 2026
ਜ਼ਖ਼ਮੀ ਹਸਪਤਾਲ ਦਾਖ਼ਲ, ਮ੍ਰਿਤਕਾਂ ਦੀ ਸ਼ਨਾਖ਼ਤ ਜਾਰੀ
ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਜ਼ਦੂਰ ਅਨੁਜ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਮਾਰੇ ਗਏ ਦੋਵੇਂ ਨੌਜਵਾਨ ਮਜ਼ਦੂਰ ਉੱਤਰ ਪ੍ਰਦੇਸ਼ ਦੇ ਬਾਂਦਾ, ਬਰੇਲੀ ਅਤੇ ਬਦਾਯੂੰ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਸ਼ਨਾਖ਼ਤ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ।
ਮਾਮਲੇ ਦੀ ਪੜਤਾਲ ਲਈ ਐਸਆਈਟੀ ਗਠਿਤ
ਘਟਨਾ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹਾਦਸੇ ਸਮੇਂ ਮੌਕੇ ‘ਤੇ ਕੁੱਲ ਚਾਰ ਮਜ਼ਦੂਰ ਕੰਮ ਕਰ ਰਹੇ ਸਨ। ਪ੍ਰਤੱਖਦਰਸ਼ੀਆਂ ਅਨੁਸਾਰ ਜਦੋਂ ਮਿੱਟੀ ਧੱਸੀ ਤਾਂ ਉਸ ਦੀ ਲਪੇਟ ਵਿੱਚ ਆਉਣ ਨਾਲ ਦੋ ਮਜ਼ਦੂਰਾਂ ਦੀ ਥਾਂ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਅਨੁਜ ਨੂੰ ਇਲਾਜ ਲਈ ਰੈਫ਼ਰ ਕੀਤਾ ਗਿਆ ਹੈ। ਚੌਥਾ ਮਜ਼ਦੂਰ ਖ਼ੁਸ਼ਕਿਸਮਤੀ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਬਚ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਅਤੇ ਉਸਾਰੀ ਸੁਰੱਖਿਆ ਮਾਪਦੰਡਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਸਮੁੱਚੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰੇਗੀ।
