ਮੋਗਾ ਪੁਲਿਸ ਨੇ ਅਪ੍ਰੇਸ਼ਨ ਪ੍ਰਹਾਰ’ ਤਹਿਤ ਨਜਾਇਜ਼ ਹਥਿਆਰ ਸਮੇਤ 2 ਮੁਲਜ਼ਮ ਕੀਤੇ ਕਾਬੂ, 5 ਪਿਸਤੌਲ, 4 ਮੈਗਜ਼ੀਨ ਤੇ 10 ਕਾਰਤੂਸ ਹੋਏ ਬਰਾਮਦ
ਪੰਜਾਬ ਵਿੱਚ ਅਪਰਾਧ ਅਤੇ ਗੈਂਗਸਟਰ ਕਲਚਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ 'ਪ੍ਰਹਾਰ' ਦੇ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਦੋ ਅਪਰਾਧੀਆਂ ਨੂੰ ਹਥਿਆਰਾਂ ਦੇ ਵੱਡੇ ਜ਼ਖੀਰੇ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੋਗਾ ਪੁਲਿਸ ਨੇ 'ਪ੍ਰਹਾਰ' ਤਹਿਤ 5 ਪਿਸਤੌਲਾਂ ਸਮੇਤ 2 ਮੁਲਜ਼ਮ ਕੀਤੇ ਕਾਬੂ
ਪੰਜਾਬ ਵਿੱਚ ਅਪਰਾਧ ਅਤੇ ਗੈਂਗਸਟਰ ਕਲਚਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ’ ਦੇ ਤਹਿਤ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਦੋ ਅਪਰਾਧੀਆਂ ਨੂੰ ਹਥਿਆਰਾਂ ਦੇ ਵੱਡੇ ਜ਼ਖੀਰੇ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਹੋਈ ਗ੍ਰਿਫ਼ਤਾਰੀ
ਇਹ ਅਪ੍ਰੇਸ਼ਨ ਫਰੀਦਕੋਟ ਰੇਂਜ ਦੀ ਆਈ.ਜੀ. ਨੀਲਾਂਬਰੀ ਵਿਜੇ ਜਗਦਲੇ ਅਤੇ ਮੋਗਾ ਦੇ ਐਸ.ਐਸ.ਪੀ. ਅਜੇ ਗਾਂਧੀ ਦੀਆਂ ਸਖ਼ਤ ਹਦਾਇਤਾਂ ‘ਤੇ ਨੇਪਰੇ ਚਾੜ੍ਹਿਆ ਗਿਆ। ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. (ਐਚ) ਸਦੀਪ ਸਿੰਘ ਮੰਡ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਵਿਅਕਤੀ ਨਾਜਾਇਜ਼ ਅਸਲ੍ਹੇ ਸਮੇਤ ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ‘ਤੇ ਸਥਿਤ ਡਗਰੂ ਫਾਟਕ ਦੇ ਕੋਲ ਲਿੰਕ ਰੋਡ ‘ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਖੜ੍ਹੇ ਹਨ।
ਇਨੋਵਾ ਕਾਰ ਸਮੇਤ ਮੁਲਜ਼ਮ ਪੁਲਿਸ ਅੜਿੱਕੇ
ਪੁਲਿਸ ਨੇ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ ਦੱਸੀ ਗਈ ਜਗ੍ਹਾ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਆਕਾਸ਼ਦੀਪ ਸਿੰਘ ਉਰਫ਼ ਨਿੱਕੂ (ਵਾਸੀ ਦੌਲਤਪੁਰਾ ਨੀਵਾਂ, ਮੋਗਾ) ਅਤੇ ਜਸਵਿੰਦਰ ਸਿੰਘ ਉਰਫ਼ ਲਿਆਕਤ (ਵਾਸੀ ਜ਼ੀਰਾ, ਫਿਰੋਜ਼ਪੁਰ) ਨੂੰ ਉਨ੍ਹਾਂ ਦੀ ਚਿੱਟੇ ਰੰਗ ਦੀ ਇਨੋਵਾ ਕਾਰ (ਨੰਬਰ PB-65-AK-9815) ਸਮੇਤ ਮੌਕੇ ‘ਤੇ ਹੀ ਦਬੋਚ ਲਿਆ ਗਿਆ।
ਵਿਦੇਸ਼ੀ ਹਥਿਆਰ ਵੀ ਹੋਏ ਬਰਾਮਦ
ਮੁਲਜ਼ਮਾਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲ੍ਹਾ ਬਰਾਮਦ ਹੋਇਆ, ਜਿਸ ਵਿੱਚ ਦੋ ਵਿਦੇਸ਼ੀ ਪਿਸਤੌਲ, ਇੱਕ ਦੇਸੀ ਪਿਸਤੌਲ 30 ਬੋਰ, ਇੱਕ ਦੇਸੀ ਪਿਸਤੌਲ 32 ਬੋਰ, ਇੱਕ ਦੇਸੀ ਕੱਟਾ 315 ਬੋਰ, ਚਾਰ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਨੇ ਥਾਣਾ ਸਦਰ ਮੋਗਾ ਵਿਖੇ ਇਨ੍ਹਾਂ ਵਿਰੁੱਧ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਪੁਰਾਣੇ ਅਪਰਾਧੀ ਹਨ:
ਇਹ ਵੀ ਪੜ੍ਹੋ
ਆਕਾਸ਼ਦੀਪ ਸਿੰਘ ਉਰਫ਼ ਨਿੱਕੂ: ਇਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ 11 ਮਾਮਲੇ ਦਰਜ ਹਨ ਅਤੇ ਉਹ ਪਹਿਲਾਂ ਹੀ ਇੱਕ ਮਾਮਲੇ ਵਿੱਚ ਭਗੌੜਾ (PO) ਚੱਲ ਰਿਹਾ ਸੀ।
ਜਸਵਿੰਦਰ ਸਿੰਘ ਉਰਫ਼ ਲਿਆਕਤ: ਇਸ ‘ਤੇ ਕਤਲ ਵਰਗੇ ਸੰਗੀਨ ਜ਼ੁਰਮਾਂ ਸਮੇਤ 5 ਮੁਕੱਦਮੇ ਦਰਜ ਹਨ ਅਤੇ ਇਹ ਵੀ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਪੁਲਿਸ ਰਿਮਾਂਡ ਦੌਰਾਨ ਹੋਣਗੇ ਵੱਡੇ ਖੁਲਾਸੇ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ, ਜਿਸ ਨਾਲ ਇਲਾਕੇ ਵਿੱਚ ਹੋਰਨਾਂ ਅਪਰਾਧਿਕ ਮਾਮਲਿਆਂ ਦੀਆਂ ਕੜੀਆਂ ਜੁੜ ਸਕਦੀਆਂ ਹਨ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਵੀ ਸੰਭਾਵਨਾ ਹੈ।
