ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ, ਲਿਆਵਾਂਗੇ ਟੀਚਰਸ ਆਫ ਦ ਵੀਕ, ਮੋਗਾ ਚ ਟੀਚਰਸ ਡੇਅ ਮੌਕੇ ਪ੍ਰਬੰਧਤ ਸਮਾਗਮ ਚ ਪਹੁੰਚੇ ਸੀਐੱਮ ਅਤੇ ਸਿੱਖਿਆ ਮੰਤਰੀ

Updated On: 

05 Sep 2023 21:53 PM

Teacher's Day: ਸੰਗਰੂਰ ਦੇ ਇੱਕ ਸਕੂਲ ਅਧਿਆਪਕ ਜੋੜੇ ਦਾ ਹਵਾਲਾ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਕੂਲ ਨੂੰ ਦੇ ਦਿੱਤੀ ਹੈ। ਛੁੱਟੀਆਂ ਤੋਂ ਬਾਅਦ ਵੀ ਸਕੂਲ ਵਿੱਚ ਰਹਿ ਕੇ ਬੱਚਿਆਂ ਨੂੰ ਖੇਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਸਿੱਖਿਆ ਵਿਭਾਗ ਹੈ ਅਤੇ ਅਜਿਹੀਆਂ ਸੈਂਕੜੇ ਮਿਸਾਲਾਂ ਹਨ।

ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ, ਲਿਆਵਾਂਗੇ ਟੀਚਰਸ ਆਫ ਦ ਵੀਕ, ਮੋਗਾ ਚ ਟੀਚਰਸ ਡੇਅ ਮੌਕੇ ਪ੍ਰਬੰਧਤ ਸਮਾਗਮ ਚ ਪਹੁੰਚੇ ਸੀਐੱਮ ਅਤੇ ਸਿੱਖਿਆ ਮੰਤਰੀ
Follow Us On

ਅਧਿਆਪਕ ਦਿਵਸ ਦੇ ਮੌਕੇ ‘ਤੇ ਮੰਗਲਵਾਰ ਨੂੰ ਮੋਗਾ ‘ਚ ਸੂਬਾ ਪੱਧਰੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ‘ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ ਤਾਂ ਉੱਥੇ ਹੀ ਉਨ੍ਹਾਂ ਕਈ ਅਹਿਮ ਐਲਾਨ ਵੀ ਕੀਤੇ। ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੀਪ ਜਗਾ ਕੇ ਭਾਰਤ ਰਤਨ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਈ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਅਧਿਆਪਕਾਂ ਦੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕਰਦੇ ਹਨ। ਇੱਥੇ ਉਨ੍ਹਾਂ ਨੇ ਪੁਰਾਣੀਆਂ ਸਰਕਾਰਾਂ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੌਰਾਨ ਅਧਿਆਪਕਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਆਪ ਸਰਕਾਰ ਦੇ ਯਤਨ ਲਗਾਤਾਰ ਜਾਰੀ ਹਨ।

ਮੋਗਾ ‘ਚ ਬਣੇਗਾ UPSC ਸੈਂਟਰ

ਮੁੱਖ ਮੰਤਰੀ ਨੇ ਇਸ ਮੌਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਚ 8 ਯੂਪੀਐਸਸੀ ਸੈਂਟਰਾਂ ਚੋਂ ਇੱਕ ਸੈਂਟਰ ਮੋਗਾ ਵਿੱਚ ਖੋਲਿਆ ਜਾਵੇਗਾ। ਜਿੱਥੇ ਨੌਜਵਾਨਾਂ ਨੂੰ ਵਧੀਆ ਤਿਆਰੀ ਕਰਵਾ ਕੇ ਇੱਥੇ ਹੀ ਅਫ਼ਸਰ ਬਣਾਵਾਂਗੇ। ਉਨ੍ਹਾਂ ਦੀ ਪੜ੍ਹਾਈ ਦੌਰਾਨ ਰਹਿਣਾ ਤੇ ਖਾਣਾ ਬਿਲਕੁਲ ਮੁਫ਼ਤ ਹੋਵੇਗਾ। ਨਾਲ ਹੀ ਉਨ੍ਹਾਂ ਦੇ ਪੜ੍ਹਨ ਲਈ ਲਾਇਬਰੇਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨਵੇਂ ਸਕੂਲ ਬਣਾ ਰਹੀ ਹੈ, ਜਿਸਤੋਂ ਬਾਅਦ ਨਵੇਂ ਅਧਿਆਪਕਾਂ ਦੀ ਵੀ ਲੋੜ ਹੋਵੇਗੀ। ਨਵੇਂ ਅਧਿਆਪਕ ਤੇ ਹੈੱਡਮਾਸਟਰ ਵੀ ਰੱਖੇ ਜਾਣਗੇ। ਸਰਕਾਰ ਪਹਿਲਾਂ ਵੀ ਸਾਫ਼ ਕਰ ਚੁੱਕੀ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਅਧਿਆਪਕਾਂ ਜਾਂ ਹੈੱਡਮਾਸਟਰਾਂ ਤੋਂ ਕੋਈ ਵੀ ਵਾਧੂ ਕੰਮ ਨਹੀਂ ਕਰਾਵਾਇਆ ਜਾਵੇਗਾ। ਅਧਿਆਪਕਾਂ ਨੂੰ ਸਿਰਫ਼ ਪੜ੍ਹਾਈ ਕਰਵਾਉਣ ਦੀ ਜ਼ਿੰਮੇਵਾਰੀ ਹੀ ਦਿੱਤੀ ਜਾਵੇਗੀ।

ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਵੱਖ ਵੱਖ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਜਾਂ ਨਿਭਾ ਚੁੱਕੇ ਮਿਹਨਤੀ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ। ਸਾਡੀ ਸਰਕਾਰ ਹਰ ਕਦਮ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ।

ਹਰ ਹਫ਼ਤੇ ਲਿਆਵਾਂਗੇ ‘ਟੀਚਰ ਆਫ਼ ਦਾ ਵੀਕ’

ਹਰਜੋਤ ਸਿੰਘ ਬੈਂਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੁਨੀਆਂ ਵਿੱਚ ਜੇਕਰ ਕੋਈ ਸਭ ਤੋਂ ਪਵਿੱਤਰ ਚਰਿੱਤਰ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਜਗਤ ਵਿੱਚ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਹਫ਼ਤੇ ਟੀਚਰ ਆਫ਼ ਦਾ ਵੀਕ ਲਿਆਇਆ ਜਾਵੇਗਾ। ਉਨ੍ਹਾਂ ਦੇ ਯੋਗਦਾਨ ਅਤੇ ਸੰਘਰਸ਼ ਨੂੰ ਪ੍ਰੈਸ ਅਤੇ ਪੰਜਾਬ ਨੂੰ ਦੱਸਿਆ ਜਾਵੇਗਾ।

ਬੈਂਸ ਨੇ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਹੁਣ ਤੋਂ ਪਹਿਲਾਂ ਸਿੱਖਿਆ ਵਿਭਾਗ ਨੂੰ ਧਰਨੇ ਅਤੇ ਲਾਠੀਚਾਰਜ ਦਾ ਵਿਭਾਗ ਮੰਨਿਆ ਜਾਂਦਾ ਸੀ, ਜੋ ਕਿ ਪੰਜਾਬ ਦੀ ਤਰਾਸਦੀ ਸੀ। ਜਿਸ ਵਿਭਾਗ ਦੇ ਹੱਥਾਂ ਵਿੱਚ ਹਰ ਬੱਚੇ ਦਾ ਭਵਿੱਖ ਹੋਵੇ, ਉਸ ਨੂੰ ਹੀ ਧਰਨਾ ਦੇਣ ਵਾਲਾ ਵਿਭਾਗ ਮੰਨਿਆ ਜਾਂਦਾ ਸੀ।

ਸਰਕਾਰੀ ਸਕੂਲਾਂ ਚ ਪੜ੍ਹਾਈ ਦੀ ਗੁਣਵੱਤਾ ਨੇ ਬੰਦ ਕਰਵਾਏ ਨਿੱਜੀ ਸਕੂਲ

ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਜਨਾਲਾ ਦੇ ਇੱਕ ਸਕੂਲ ਨਾਲ ਸਬੰਧਤ ਕਈ ਬੱਸਾਂ ਦੇਖੀਆਂ। ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਨਾਮਵਰ ਪ੍ਰਾਈਵੇਟ ਸਕੂਲ ਹੋਵੇਗਾ ਪਰ ਪਤਾ ਲੱਗਾ ਕਿ ਇਹ ਟਪਿਆਲਾ ਦਾ ਸਰਕਾਰੀ ਲੜਕੀਆਂ ਦਾ ਸਕੂਲ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਐਵਾਰਡ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਉਸ ਸਕੂਲ ਵਿੱਚ ਗਏ ਤਾਂ ਦੇਖਿਆ ਕਿ ਇਸ ਸਕੂਲ ਦੀ ਸਿੱਖਿਆ ਪ੍ਰਣਾਲੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਆਸ-ਪਾਸ ਦੇ ਕਈ ਪ੍ਰਾਈਵੇਟ ਸਕੂਲ ਬੰਦ ਹੋ ਚੁੱਕੇ ਹਨ। ਤਪਿਆਲੇ ਦੇ ਇਸ ਸਰਕਾਰੀ ਗਰਲਜ਼ ਸਕੂਲ ਵਿੱਚ ਅੰਮ੍ਰਿਤਸਰ ਤੋਂ ਬੱਚੇ ਪੜ੍ਹਨ ਲਈ ਆਉਂਦੇ ਹਨ।