ਮੋਗਾ ਨਿਗਮ ਨੂੰ ਕੇਂਦਰ ਨੇ ਦਿੱਤੇ 25 ਵਾਹਨ, ਖੜ੍ਹੇ-ਖੜ੍ਹੇ ਕਬਾੜ ਹੋ ਰਹੀਆਂ ਗੱਡੀਆਂ
MOGA NAGAR NIGAM: ਮੋਗਾ ਦੇ ਲੋਕਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਗੱਡੀਆਂ ਅਤੇ ਟਰੈਕਟਰ ਭੇਜੇ ਗਏ ਸਨ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ, ਇਹ ਵਾਹਨ ਪਿਛਲੇ ਸੱਤ ਮਹੀਨਿਆਂ ਤੋਂ ਧੂਲ ਚੱਟ ਰਹੇ ਹਨ। ਜਦੋਂ ਕਿ ਮੇਅਰ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਵਹੀਕਲ ਵਰਤੋਂ ਵਿੱਚ ਲਿਆਂਦੇ ਜਾਣਗੇ।
ਕੇਂਦਰ ਸਰਕਾਰ ਵੱਲੋਂ ਭੇਜੇ ਵਹੀਕਲਾਂ ਦੀ ਤਸਵੀਰ
ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਸਾਫ਼ ਅਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਬੇਸ਼ੱਕ ਕਈ ਕਾਮਯਾਬੀਆਂ ਮਿਲੀਆਂ ਹਨ ਪਰ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਨ ਮਿਸ਼ਨ ਆਪਣੇ ਟੀਚਿਆਂ ਤੋਂ ਅਧੂਰਾ ਰਿਹਾ ਹੈ।
ਇੱਕ ਲਾਹਪਵਾਹੀ ਮੋਗਾ ਵਿੱਚ ਸਾਹਮਣੇ ਆਈ ਹੈ ਜਿੱਥੇ ਕੇਂਦਰ ਸਰਕਾਰ ਵੱਲੋਂ ਨਗਰ ਨਿਗਮ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਤੋਂ ਕੂੜਾ ਇਕੱਠਾ ਕਰਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਅਤੇ ਕੂੜੇ ਦੇ ਡੰਪਾਂ ਨੂੰ ਖਤਮ ਕਰਨ ਲਈ ਸਵੱਛ ਭਾਰਤ ਅਭਿਆਨ ਤਹਿਤ ਮੋਗਾ ਨਗਰ ਨਿਗਮ ਨੂੰ 25 ਛੋਟੇ ਵਾਹਨ, 2 ਟਰੈਕਟਰ ਅਤੇ ਲਗਭਗ 150 ਹੱਥਗੱਡੀਆਂ (ਰੇਹੜੀਆਂ) ਦਿੱਤੀਆਂ ਗਈਆਂ ਸਨ, ਤਾਂ ਜੋ ਆਮ ਲੋਕਾਂ ਨੂੰ ਕੂੜੇ ਤੋਂ ਰਾਹਤ ਮਿਲ ਸਕੇ।
ਹਾਲਾਂਕਿ, ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ, ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ, ਇਹ ਵਾਹਨ ਪਿਛਲੇ ਸੱਤ ਮਹੀਨਿਆਂ ਤੋਂ ਧੂਲ ਚੱਟ ਰਹੇ ਹਨ। ਸਥਿਤੀ ਅਜਿਹੀ ਹੈ ਕਿ ਨਗਰ ਨਿਗਮ ਦਫ਼ਤਰ ਵਿੱਚ ਖੜ੍ਹੇ ਕਈ ਵਾਹਨਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹਨ। ਸ਼ਹਿਰ ਭਰ ਵਿੱਚ ਕੂੜੇ ਦੇ ਡੰਪ ਅਣਗੌਲੇ ਪਏ ਹਨ।
ਛੇਤੀ ਹੀ ਰੈਗੂਲਰ ਵਰਤੋਂ ਵਿੱਚ ਆਉਣਗੇ ਸਾਧਨ- ਮੇਅਰ
ਸਥਾਨਕ ਲੋਕਾਂ ਅਨੁਸਾਰ ਮੋਗਾ ਨਗਰ ਨਿਗਮ ਨੂੰ ਮਿਲੇ 25 ਵਾਹਨਾਂ ਵਿੱਚੋਂ ਹੁਣ 15 ਵਾਹਨ ਹੀ ਮੌਜੂਦ ਹਨ ਜਦੋਂ ਕਿ ਬਾਕੀ ਦੇ 10 ਵਾਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚੰਨੀ ਨੇ ਕਿਹਾ ਕਿ ਪਹਿਲਾਂ ਨਗਰ ਨਿਗਮ ਵੱਲੋਂ ਕੂੜਾ ਇਕੱਠਾ ਕੀਤਾ ਜਾਂਦਾ ਸੀ। ਹਾਲਾਂਕਿ, ਹੁਣ ਸਰਕਾਰ ਦੀ ਨੀਤੀ ਸ਼ਹਿਰਾਂ ਵਿੱਚੋਂ ਕੂੜੇ ਦੇ ਡੰਪਾਂ ਨੂੰ ਖਤਮ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਕੂੜਾ ਇਕੱਠਾ ਕਰਨ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਡਰਾਈਵਰਾਂ ਦੀ ਭਰਤੀ ਨਹੀਂ ਕੀਤੀ ਹੈ, ਜਿਸ ਕਾਰਨ ਵਾਹਨਾਂ ਦੀ ਹਾਲਤ ਖਸਤਾ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਹਨਾਂ ਵਿੱਚ ਬੈਟਰੀਆਂ ਨਹੀਂ ਹਨ, ਉਨ੍ਹਾਂ ਨੂੰ ਚਾਰਜਿੰਗ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਕੁੱਲ 25 ਵਾਹਨ, 2 ਸੋਨਾਲੀਕਾ ਟਰੈਕਟਰ ਅਤੇ ਕਈ ਗੱਡੀਆਂ ਪ੍ਰਾਪਤ ਹੋਈਆਂ ਹਨ। ਮੇਅਰ ਬਲਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਨ੍ਹਾਂ ਸਾਰੇ ਵਾਹਨਾਂ ਨੂੰ ਨਿਯਮਤ ਵਰਤੋਂ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਵਧੀਆ ਸਫਾਈ ਪ੍ਰਣਾਲੀ ਮਿਲ ਸਕੇ।
