ਸ੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ, ਮੰਤਰੀ ਮੋਹਿੰਦਰ ਭਗਤ ਨੇ ਦਿਖਾਈ ਹਰੀ ਝੰਡੀ

Published: 

01 Sep 2026 23:47 PM IST

ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਵਿਸ਼ੇਸ਼ ਰਨ ਫਾਰ ਇਕੁਐਲਿਟੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਸ੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ, ਮੰਤਰੀ ਮੋਹਿੰਦਰ ਭਗਤ ਨੇ ਦਿਖਾਈ ਹਰੀ ਝੰਡੀ

ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਵਿਸ਼ੇਸ਼ ਰਨ ਫਾਰ ਇਕੁਐਲਿਟੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਤੋਂ ਸ਼ੁਰੂ ਹੋਈ ਇਸ ਪ੍ਰਭਾਵਸ਼ਾਲੀ ਮੈਰਾਥਨ ਵਿੱਚ ਕੁੱਲ 650 ਐਥਲੀਟਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਇਹ ਮੈਰਾਥਨ ਸਰਕਾਰੀ ਸਪੋਰਟਸ ਕਾਲਜ ਤੋਂ ਆਰੰਭ ਹੋ ਕੇ ਕਪੂਰਥਲਾ ਚੌਕ, ਵਰਕਸ਼ਾਪ ਚੌਕ ਅਤੇ ਡੀ.ਏ.ਵੀ. ਕਾਲਜ ਤੋਂ ਹੁੰਦੀ ਹੋਈ ਇਸੇ ਨਿਰਧਾਰਤ ਰੂਟ ਰਾਹੀਂ ਮੁੜ ਸਪੋਰਟਸ ਕਾਲਜ ਪਹੁੰਚ ਕੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਦੌੜ ਵਿੱਚ ਵੱਖ-ਵੱਖ ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ (ਐਨ.ਜੀ.ਓਜ਼) ਅਤੇ ਨੌਜਵਾਨ ਐਥਲੀਟਾਂ ਦਾ ਜਜ਼ਬਾ ਅਤੇ ਊਰਜਾ ਦੇਖਣਯੋਗ ਸੀ।

ਗੁਰੂ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਸਾਰ ਲਈ ਸੂਬੇ ਭਰ ‘ਚ ਵੱਡੇ ਸਮਾਗਮ: ਮੋਹਿੰਦਰ ਭਗਤ

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਸੂਬੇ ਭਰ ਵਿੱਚ ਪ੍ਰੋਗਰਾਮਾਂ ਦੀ ਵਿਆਪਕ ਲੜੀ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਗਏ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਰਵਾਨਾ ਕੀਤੀਆਂ ਗਈਆਂ ਆਧੁਨਿਕ ਪ੍ਰਚਾਰ ਵੈਨਾਂ ਰਾਹੀਂ ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉੱਚੇ ਫ਼ਲਸਫ਼ੇ ‘ਤੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦਿਖਾ ਕੇ ਸੰਗਤ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ।

6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਅਤੇ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ

ਕੈਬਨਿਟ ਮੰਤਰੀ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਇਤਿਹਾਸਕ ਸਮਾਗਮਾਂ ਦੀ ਲੜੀ ਤਹਿਤ ਵਾਤਾਵਰਣ ਦੀ ਸ਼ੁੱਧਤਾ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ 6.50 ਲੱਖ ਬੂਟੇ ਲਗਾਉਣ ਦੀ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੇ ਗਹਿਰੇ ਅਧਿਐਨ, ਪ੍ਰਸਾਰ ਅਤੇ ਅਕਾਦਮਿਕ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਡੇਰਾ ਸੱਚਖੰਡ ਬੱਲਾਂ ਨੇੜੇ ਕਰੀਬ 11 ਏਕੜ ਰਕਬੇ ਵਿੱਚ ਆਧੁਨਿਕ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮਾਂ ਦੇ ਅਗਲੇ ਪੜਾਅ ਵਜੋਂ ਸੂਬੇ ਭਰ ਵਿੱਚ ਆਧੁਨਿਕ ਤਕਨੀਕ ਵਾਲੇ ਡਰੋਨ ਸ਼ੋਅ ਵੀ ਆਯੋਜਿਤ ਕੀਤੇ ਜਾ ਰਹੇ ਹਨ।

‘ਖੇਡਾਂ ਵਤਨ ਪੰਜਾਬ ਦੀਆਂ-2026’ ‘ਚ ਸ਼ਮੂਲੀਅਤ ਦਾ ਸੱਦਾ

ਸਮਾਗਮ ਦੌਰਾਨ ਸ੍ਰੀ ਭਗਤ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ। ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸਮਾਨਤਾ, ਸਮਾਜਿਕ ਨਿਆਂ, ਆਪਸੀ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਲਾਗੂ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ‘ਤੇ ਅਮਲ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜੇਤੂ ਐਥਲੀਟਾਂ ਦਾ ਮੈਡਲਾਂ ਨਾਲ ਸਨਮਾਨ

ਮੈਰਾਥਨ ਮੁਕਾਬਲੇ ਦੇ ਨਤੀਜਿਆਂ ਵਿੱਚ ਲੜਕਿਆਂ ਦੇ ਵਰਗ ਵਿੱਚੋਂ ਜਸ਼ਨ, ਦੀਪਕ ਸਿੰਘ, ਰਣਜੋਤ ਸਿੰਘ, ਲਵਪ੍ਰੀਤ ਅਤੇ ਭਾਵਿਤ ਨੇ ਕ੍ਰਮਵਾਰ ਪਹਿਲੀਆਂ ਪੰਜ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚੋਂ ਹਰਮਿੰਦਰ ਕੌਰ, ਜਸਲੀਨ, ਹਰਨੂਰ, ਸੁੱਖਪ੍ਰੀਤ ਅਤੇ ਖਵਾਇਸ਼ ਨੇ ਪਹਿਲੇ ਪੰਜ ਸਥਾਨਾਂ ‘ਤੇ ਬਾਜ਼ੀ ਮਾਰੀ। ਕੈਬਨਿਟ ਮੰਤਰੀ ਵੱਲੋਂ ਜੇਤੂ ਐਥਲੀਟਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੈਰਾਥਨ ਨੂੰ ਕਾਮਯਾਬ ਬਣਾਉਣ ਵਾਲੇ ਵੱਖ-ਵੱਖ ਖੇਡ ਕਲੱਬਾਂ ਅਤੇ ਐਨ.ਜੀ.ਓਜ਼ ਨੂੰ ਵੀ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਗਿਆ।

ਇਸ ਪ੍ਰਭਾਵਸ਼ਾਲੀ ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ., ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਰਵੀ ਦਾਰਾ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਅਤੇ ਪ੍ਰਸਿੱਧ ਤੈਰਾਕੀ ਕੋਚ ਉਮੇਸ਼ ਸ਼ਰਮਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Loading...
Unable to load recommendations.
Follow Us
Related Stories
DA ਦੇ ਮੁੱਦੇ ‘ਤੇ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ
ਫ਼ਾਜ਼ਿਲਕਾ ‘ਚ ਡਰੇਨ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ BSF ਜਵਾਨ ਦੀ ਮੌਤ, ਪੁਲ ‘ਤੇ ਨਹੀਂ ਸੀ ਰੇਲਿੰਗ; ਪਿੰਡ ਵਾਸੀਆਂ ‘ਚ ਭਾਰੀ ਰੋਸ
ਗੁਰਦਾਸਪੁਰ ‘ਚ ਪੁਲਿਸ ਕਾਂਸਟੇਬਲ ਤੇ ਭੈਣ ‘ਤੇ ਕਾਤਲਾਨਾ ਹਮਲਾ, ਨਸ਼ਾ ਤਸਕਰਾਂ ਦੀ ਮੁਖ਼ਬਰੀ ਕਰਨ ਦੀ ਰੰਜਿਸ਼ ‘ਚ ਘੇਰ ਬਣਾਇਆ ਨਿਸ਼ਾਨਾ
ਖਰੜ ‘ਚ CM ਮਾਨ ਦੀ ਲੋਕ ਮਿਲਣੀ, ਵਿਰੋਧੀਆਂ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ; ਕਿਹਾ- ‘ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਹੋ ਰਿਹਾ ਖ਼ਰਚ’
ਬਰਖਾਸਤ DSP ਗੁਰਸ਼ੇਰ ਸੰਧੂ ਨੂੰ ਹਾਈ ਕੋਰਟ ਤੋਂ ਰਾਹਤ, ਜੇਲ੍ਹ ਤੋਂ ਲਾਰੈਂਸ ਇੰਟਰਵਿਊ ਮਾਮਲੇ ਵਿੱਚ ਹੋਇਆ ਸੀ ਐਕਸ਼ਨ
ਸੱਜਣ ਕੁਮਾਰ ਦੇ ਭੋਗ ਵਿਵਾਦ ‘ਤੇ ਪੰਜਾਬ ‘ਚ ਬਵਾਲ, AAP ਵੱਲੋਂ ਭਾਜਪਾ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ‘ਚ ਤਿੱਖਾ ਪ੍ਰਦਰਸ਼ਨ