ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ… ਸਿੰਥੈਟਿਕ ਦੁੱਧ, ਪਨੀਰ ਤੇ ਖੋਏ ਖ਼ਿਲਾਫ਼ ਸੜਕਾਂ ‘ਤੇ ਦੁੱਧ ਰੋੜ ਕੇ ਕੀਤਾ ਵਿਰੋਧ
ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਪ੍ਰਸ਼ਾਸਨ ਤੇ ਸਿਵਲ ਸਰਜਨ ਕੋਲ ਮੰਗ ਪੱਤਰ ਦੇ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਮਸਲੇ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕੀਤੇ ਗਏ, ਪਰ ਅੱਜ ਪਹਿਲੀ ਵਾਰ ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਆਪਣਾ ਰੋਸ ਜਤਾਉਣਾ ਪਿਆ।
ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਵੱਡੇ ਪੱਧਰ ਤੇ ਸਿੰਥੈਟਿਕ ਦੁੱਧ, ਨਕਲੀ ਪਨੀਰ ਤੇ ਖੋਆ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਸਗੋਂ ਅਸਲੀ ਦੁੱਧ ਵੇਚਣ ਵਾਲੇ ਪਸ਼ੂ ਪਾਲਕਾਂ ਦਾ ਧੰਦਾ ਵੀ ਬਰਬਾਦ ਹੋ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਪ੍ਰਸ਼ਾਸਨ ਤੇ ਸਿਵਲ ਸਰਜਨ ਕੋਲ ਮੰਗ ਪੱਤਰ ਦੇ ਰਹੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਮਸਲੇ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕੀਤੇ ਗਏ, ਪਰ ਅੱਜ ਪਹਿਲੀ ਵਾਰ ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਆਪਣਾ ਰੋਸ ਜਤਾਉਣਾ ਪਿਆ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਅਜਨਾਲਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਤੇ ਮੀਰਾਕੋਟ ਇਲਾਕੇ ‘ਚ ਨਕਲੀ ਦੁੱਧ ਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਖੁੱਲ੍ਹੇਆਮ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਫੈਕਟਰੀਆਂ ਆਮ ਲੋਕਾਂ ਨੂੰ ਨਜ਼ਰ ਆ ਰਹੀਆਂ ਹਨ ਤਾਂ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਕਿਉਂ ਨਹੀਂ ਦਿਸਦੀਆਂ।
ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਅੱਜ ਮਾਰਕੀਟ ‘ਚ 40 ਤੋਂ 55 ਰੁਪਏ ਕਿਲੋ ਤੱਕ ਨਕਲੀ ਦੁੱਧ ਤੇ 160 ਰੁਪਏ ਕਿਲੋ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ, ਜਦਕਿ ਅਸਲੀ ਦੁੱਧ ਤੇ ਪਨੀਰ ਦੀ ਲਾਗਤ ਇਸ ਤੋਂ ਕਾਫੀ ਵੱਧ ਹੈ। ਉਨ੍ਹਾਂ ਕਿਹਾ ਕਿ ਲੋਕ ਸਸਤੇ ਸਮਾਨ ਦੇ ਚੱਕਰ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤੇ ਇਹ ਨਕਲੀ ਉਤਪਾਦ ਕੈਂਸਰ, ਪੀਲੀਆ ਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ।
ਦੋਧੀ ਯੂਨੀਅਨ ਨੇ ਮੰਗ ਕੀਤੀ ਕਿ ਨਕਲੀ ਦੁੱਧ ਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਤੇ ਤੁਰੰਤ ਛਾਪੇਮਾਰੀ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਮੁਹਿੰਮ ਚਲਾਈ ਜਾਵੇ।