Lovepreet Singh: ਕੁਪਵਾੜਾ ਵਿੱਚ ਸ਼ਹੀਦ ਹੋਇਆ ਮਾਨਸਾ ਦਾ ਪੁੱਤ, ਦਹਿਸ਼ਤਗਰਦਾਂ ਨੇ ਕੀਤੀ ਫਾਇਰਿੰਗ
ਪਿੰਡ ਅਕਾਲੀਆ ਦੇ ਲੋਕ ਜਿੱਥੇ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਤੋਂ ਦੁਖੀ ਹਨ ਤਾਂ ਉੱਥੇ ਹੀ ਉਹਦੇ ਹੌਂਸਲੇ ਨੂੰ ਲੈਕੇ ਮਾਣ ਵੀ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਕਿ ਅਗਨੀਵੀਰ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ 4 ਸਾਲਾਂ ਦਾ ਕਾਰਜਕਾਲ ਬਹੁਤ ਘੱਟ ਹੈ ਇਸ ਵਿੱਚ ਵਾਧਾ ਕੀਤਾ ਜਾਵੇ।
ਕੁਪਵਾੜਾ ਵਿੱਚ ਸ਼ਹੀਦ ਹੋਇਆ ਮਾਨਸਾ ਦਾ ਪੁੱਤ
ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਆ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਸ਼ਹੀਦ ਹੋ ਗਏ। ਕਰੀਬ 2 ਸਾਲ ਪਹਿਲਾ ਲਵਪ੍ਰੀਤ ਸਿੰਘ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਫੌਜ ਵਿੱਚ ਸ਼ਾਮਿਲ ਹੋਏ ਸਨ। ਜਿਵੇਂ ਹੀ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਦੀ ਖ਼ਬਰ ਪਿੰਡ ਪਹੁੰਚੀ ਤਾਂ ਮਾਤਮ ਦਾ ਮਾਹੌਲ ਛਾਅ ਗਿਆ।
ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਲਵਪ੍ਰੀਤ ਸਿੰਘ ਨੂੰ ਵੀ ਗੋਲੀਆਂ ਲੱਗੀਆਂ। ਜਿਸ ਮਗਰੋਂ ਉਹ ਸ਼ਹੀਦ ਹੋ ਗਏ। ਓਧਰ ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।
ਬੀਤੇ ਕੱਲ੍ਹ ਹੋਇਆ ਮੁਕਾਬਲਾ
ਪਰਿਵਾਰਕ ਮੈਂਬਰਾਂ ਅਨੁਸਾਰ, ਕੁਪਵਾੜਾ ਵਿੱਚ ਕੱਲ੍ਹ ਦੁਪਹਿਰ 3 ਵਜੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਲਵਪ੍ਰੀਤ ਸਿੰਘ ਦੇ ਗੋਲੀ ਲੱਗ ਗਈ। ਜਿਸ ਤੋਂ ਬਾਅਦ ਫੌਜ ਦੇ ਜਵਾਨ ਉਹਨਾਂ ਨੂੰ ਹਸਪਤਾਲ ਲੈ ਗਏ, ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸ਼ਹੀਦ ਹੋ ਗਏ ਸਨ।
ਲਵਪ੍ਰੀਤ ਸਿੰਘ 2 ਭਰਾਵਾਂ ਵਿੱਚੋਂ ਛੋਟਾ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ 2 ਦਿਨ ਪਹਿਲਾਂ ਹੀ ਲਵਪ੍ਰੀਤ ਨੇ ਆਪਣੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਦਾ ਹਾਲ ਚਾਲ ਜਾਣਿਆ ਸੀ। ਲਵਪ੍ਰੀਤ ਦੀ ਉਮਰ 24 ਸਾਲਾਂ ਦੀ ਸੀ ਅਤੇ ਉਹਨਾਂ ਨੇ ਅਜੇ ਵਿਆਹ ਵੀ ਨਹੀਂ ਕਰਵਾਇਆ ਸੀ।
ਅਗਨੀਵੀਰ ਯੋਜਨਾ ਤੇ ਸਵਾਲ
ਪਿੰਡ ਅਕਾਲੀਆ ਦੇ ਲੋਕ ਜਿੱਥੇ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਤੋਂ ਦੁਖੀ ਹਨ ਤਾਂ ਉੱਥੇ ਹੀ ਉਹਦੇ ਹੌਂਸਲੇ ਨੂੰ ਲੈਕੇ ਮਾਣ ਵੀ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਕਿ ਅਗਨੀਵੀਰ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ 4 ਸਾਲਾਂ ਦਾ ਕਾਰਜਕਾਲ ਬਹੁਤ ਘੱਟ ਹੈ। ਇਸ ਵਿੱਚ ਵਾਧਾ ਕੀਤਾ ਜਾਵੇ ਅਤੇ ਸੇਵਾ-ਮੁਕਤ ਅਗਨੀਵੀਰਾਂ ਨੂੰ ਬਣਦੀ ਪੈਂਸ਼ਨ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ
ਪਿੰਡ ਦੇ ਲੋਕਾਂ ਨੇ ਕਿਹਾ ਕਿ ਜਾਨ ਇੱਕ ਵਾਰ ਹੀ ਮਿਲਦੀ ਹੈ। ਇਸ ਕਰਕੇ ਉਹਨਾਂ ਨੂੰ ਮਾਣ ਹੈ ਕਿ ਲਵਪ੍ਰੀਤ ਸਿੰਘ ਨੇ ਦੇਸ਼ ਦੀ ਸੇਵਾ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਪਿੰਡ ਪਹੁੰਚ ਜਾਵੇਗੀ। ਜਿੱਥੇ ਸਰਕਾਰੀ ਸਨਮਾਨਾਂ ਨਾਲ ਲਵਪ੍ਰੀਤ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।