ਮਜੀਠਾ ਜਹਿਰੀਲੀ ਸ਼ਰਾਬ ਕਾਂਡ ‘ਚ ਦਿੱਲੀ ਤੋਂ ਪਿਓ-ਪੁੱਤ ਗ੍ਰਿਫ਼ਤਾਰ, ਵਟਸਐਪ ਚੈਟ ਤੋਂ ਵੱਡੇ ਖੁਲਾਸੇ; 23 ਲੋਕਾਂ ਦੀ ਮੌਤ

lalit-sharma
Published: 

14 May 2025 16:54 PM

ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦਿੱਲੀ ਤੋਂ ਇੱਕ ਪਿਤਾ-ਪੁੱਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਚੈਟ ਹਿਸਟਰੀ ਤੋਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸ਼ਰਾਬ ਕਾਂਡ 'ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਜੀਠਾ ਜਹਿਰੀਲੀ ਸ਼ਰਾਬ ਕਾਂਡ ਚ ਦਿੱਲੀ ਤੋਂ ਪਿਓ-ਪੁੱਤ ਗ੍ਰਿਫ਼ਤਾਰ, ਵਟਸਐਪ ਚੈਟ ਤੋਂ ਵੱਡੇ ਖੁਲਾਸੇ; 23 ਲੋਕਾਂ ਦੀ ਮੌਤ
Follow Us On

Majitha Toxic Liquors Case: ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਸ਼ਰਾਬ ਪੀਣ ਕਾਰਨ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹਸਪਤਾਲ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਇਹ ਮੌਤਾਂ ਮਜੀਠਾ ਦੇ ਸੱਤ ਪਿੰਡਾਂ ਮਰਾੜੀ ਕਲਾਂ, ਪਤਾਲਪੁਰੀ, ਥਰੀਏਵਾਲ, ਭੰਗਾਲੀ ਕਲਾਂ, ਤਲਵੰਡੀ ਖੁੰਮਣ, ਕਰਨਾਲਾ ਅਤੇ ਭੰਗਵਾਂ ਵਿੱਚ ਹੋਈਆਂ ਹਨ। ਪਰ, ਇਨ੍ਹਾਂ ਸਾਰੇ ਪਿੰਡਾਂ ਦੀ ਮੌਤ ਪਿੱਛੇ ਸਿਰਫ਼ ਇੱਕ ਹੀ ਪਿੰਡ ਹੈ ਅਤੇ ਉਹ ਹੈ ਥਰੀਏਵਾਲ।

ਦਿੱਲੀ ਤੋਂ 2 ਮੁਲਜ਼ਮ ਗ੍ਰਿਫ਼ਤਾਰ

ਮਜੀਠਾ ਜਹਿਰੀਲੀ ਸ਼ਰਾਬ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ ਹੈ।

ਡੀਜੀਪੀ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮਾਡਲ ਟਾਊਨ, ਦਿੱਲੀ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਵਿੰਦਰ ਜੈਨ ਪੁੱਤਰ ਨੰਦ ਕਿਸ਼ੋਰ ਜੈਨ ਅਤੇ ਰਿਸ਼ਭ ਜੈਨ ਪੁੱਤਰ ਰਵਿੰਦਰ ਜੈਨ ਸ਼ਾਮਲ ਹਨ। ਦੋਵੇਂ ਦੋਸ਼ੀ ਪਿਓ-ਪੁੱਤਰ ਹਨ।

ਵਟਸਐਪ ਚੈਟ ਰਾਹੀਂ ਹੋਇਆ ਵੱਡਾ ਖੁਲਾਸਾ

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਦੋਸ਼ੀ ਸਾਹਿਬ ਸਿੰਘ ਦੀ ਵਟਸਐਪ ਚੈਟ ਹਿਸਟਰੀ ਤੋਂ ਇਹ ਪਤਾ ਲੱਗਾ ਹੈ ਕਿ ਸਾਹਿਬ ਸਿੰਘ ਰਿਸ਼ਭ ਜੈਨ ਦੇ ਸੰਪਰਕ ਵਿੱਚ ਸੀ। ਪੁਲਿਸ ਨੂੰ ਸ਼ੱਕ ਹੈ ਕਿ ਸਾਹਿਬ ਸਿੰਘ ਨੇ ਰਿਸ਼ਭ ਜੈਨ ਤੋਂ ਮੈਥਾਲੋਨ ਕੈਮੀਕਲ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਖਰੀਦਿਆ ਸੀ, ਜਿਸ ਦੀ ਵਰਤੋਂ ਪੰਜਾਬ ਵਿੱਚ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਸੀ।

ਇਸ ਮਾਮਲੇ ਵਿੱਚ, ਭਾਰਤੀ ਦੰਡਾਵਲੀ (ਬੀਐਨਐਸ) ਅਤੇ ਆਬਕਾਰੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਇਸ ਗੈਰ-ਕਾਨੂੰਨੀ ਨੈੱਟਵਰਕ ਨਾਲ ਜੁੜੇ ਹੋਰ ਲਿੰਕਾਂ ਦਾ ਪਤਾ ਲਗਾਉਣ ਲਈ ਵੀ ਜਾਂਚ ਕਰ ਰਹੀ ਹੈ।

CM ਮਾਨ ਵੱਲੋਂ ਮੁਆਵਜ਼ੇ ਦਾ ਐਲਾਨ

ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਮਜੀਠਾ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਪੰਜਾਬ ਸਰਕਾਰ ਨੇ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵੀ ਸਾਡੀ ਟੀਮ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਜੋ ਕਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।