Ludhiana Gas Leak: NGT ਦੀ ਫੈਕਟ ਫਾਈਂਡਿੰਗ ਟੀਮ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ, ਗਵਾਹਾਂ ਦੇ ਬਿਆਨ ਦਰਜ

Updated On: 

08 May 2023 19:17 PM

ਕਮੇਟੀ ਦੇ ਚੇਅਰਮੈਨ ਡਾ: ਆਦਰਸ਼ ਥਾਪਰ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਸੰਭਵ ਨਹੀਂ ਹੈ ਕਿਉਂਕਿ ਜਾਂਚ ਅਜੇ ਸ਼ੁਰੂਆਤੀ ਰੂਪ ਵਿੱਚ ਹੈ। ਇਸ ਤੋਂ ਇਲਾਵਾ ਫੈਕਟਰੀਆਂ ਉੱਤੇ ਲੱਗ ਰਹੇ ਦੋਸ਼ਾਂ ਨੂੰ ਲੈ ਕੇਉਨ੍ਹਾਂ ਕਿਹਾ ਕੀ ਹਾਲੇ ਕਿਸੇ ਨੂੰ ਵੀ ਕਿਸੇ ਗੱਲ ਲਈ ਦੋਸ਼ੀ ਠਹਿਰਾਉਣਾ ਵਾਜਬ ਨਹੀਂ ਹੈ।

Ludhiana Gas Leak: NGT ਦੀ ਫੈਕਟ ਫਾਈਂਡਿੰਗ ਟੀਮ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ, ਗਵਾਹਾਂ ਦੇ ਬਿਆਨ ਦਰਜ
Follow Us On

ਲੁਧਿਆਣਾ ਨਿਊਜ: ਬੀਤੀ 30 ਮਈ ਨੂੰ ਇੱਥੋਂ ਦੇ ਗਿਆਸਪੁਰਾ ਚ ਵਾਪਰੇ ਗੈਸ ਲੀਕ ਮਾਮਲੇ (Gas Leak Case)ਚ ਹੋਈਆਂ 11 ਮੌਤਾਂ ਨੂੰ ਲੈ ਕੇ ਸੋਮਵਾਰ ਨੂੰ ਐਨਜੀਟੀ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਅਤੇ ਪਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਇਸ ਜਾਂਚ ਦੌਰਾਨ ਮੌਜੂਦ ਰਹੇ ਇਸ ਦੌਰਾਨ ਐਨਜੀਟੀ ਦੇ ਚੇਅਰਮੈਨ ਸਮੇਤ ਐਨਡੀਆਰਐਫ ਦੇ ਅਧਿਕਾਰੀਆਂ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਐਨਜੀਟੀ ਦੇ ਅਧਿਕਾਰੀਆਂ ਨੂੰ ਇਸ ਬਾਰੇ ਚਾਨਣਾ ਪਾਇਆ।

ਇਸ ਦੌਰਾਨ ਕੁਝ ਸੈਂਪਲ ਵੀ ਲਏ ਗਏ। ਦੱਸਣਯੋਗ ਹੈ ਕਿ ਇਹ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਐਨਜੀਟੀ ਦੀ ਟੀਮ ਨੇ ਦੋ ਘੰਟਿਆਂ ਤੱਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐਨਜੀਟੀ ਨੇ ਮੌਕੇ ‘ਤੇ ਮੌਜੂਦ ਗਵਾਹਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਿਆਨ ਵੀ ਦਰਜ ਕੀਤੇ ਗਏ।

ਉੱਧਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ 8 ਮੈਂਬਰਾਂ ਦੀ ਬਣਾਈ ਗਈ ਕਮੇਟੀ ਦੇ ਚੇਅਰਮੈਨ ਡਾ: ਆਦਰਸ਼ ਥਾਪਰ ਨੇ ਕਿਹਾ ਕਿ ਅਜੇ ਕਿਸੇ ਸਿੱਟੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਉਹਨਾਂ ਕਿਹਾ ਕਿ ਘਟਨਾ ਵਾਲੀ ਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਘਟਨਾ ਦੇ ਤੱਥਾਂ ਨੂੰ ਲੱਭ ਕੇ ਲੋਕਾਂ ਦੇ ਸਾਹਮਣੇ ਰੱਖਣਾ ਹੈ, ਇਸ ਲਈ ਜੇਕਰ ਮੀਡੀਆ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨਾਲ ਜ਼ਰੂਰ ਸਾਂਝੀ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਮੁਆਵਜ਼ੇ ਦੀ ਰਾਸ਼ੀ ਜਲਦੀ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੱਤੀ ਜਾਵੇਗੀ।

ਫੈਕਟਰੀ ਮਾਲਕਾਂ ਨੇ ਜਤਾਈ ਨਰਾਜ਼ਗੀ

ਉੱਧਰ ਮੌਕੇ ਤੇ ਪਹੁੰਚੇ ਫੈਕਟਰੀ ਮਾਲਕਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਲੂਸ਼ਨ ਕੰਟਰੋਲ ਅਤੇ ਨਗਰ ਨਿਗਮ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਰਾਸਰ ਗਲਤ ਹੈ ਉਨ੍ਹਾਂ ਕਿਹਾ ਕਿ ਫੈਕਟਰੀ ਦੇ ਸੈਂਪਲਾਂ ਲਈ ਨਮੂਨੇ ਲਏ ਗਏ ਸੀ ਜਿਸ ਦੀ ਹਾਲੇ ਤੱਕ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਪਰ ਬਾਵਜੂਦ ਇਸਦੇ ਫੈਕਟਰੀ ਮਾਲਕਾਂ ਨੂੰ ਇਸ ਤਫਤੀਸ਼ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਵਿਚ ਸਹਿਯੋਗ ਕਰਨ ਲਈ ਤਿਆਰ ਹਨ। ਪਰ ਉਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਾਂਚ ਵਿਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਫੈਕਟਰੀ ਮਾਲਕ ਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version