ਲੁਧਿਆਣਾ ਦੇ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ 11 ਲੋਕਾਂ ਦੇ ਖੋਲ੍ਹੇ ਰਾਜ਼

Published: 

07 May 2026 19:22 PM IST

ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਨਾਮੀ ਪ੍ਰਾਪਰਟੀ ਡੀਲਰ ਨੇ ਆਰਥਿਕ ਪਰੇਸ਼ਾਨੀ ਅਤੇ ਮਾਨਸਿਕ ਤਣਾਅ ਦੇ ਚੱਲਦਿਆਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 52 ਸਾਲਾ ਪਰਵਿੰਦਰ ਉਰਫ਼ ਰਿੰਪੀ ਅਨੇਜਾ ਵਜੋਂ ਹੋਈ ਹੈ।

ਲੁਧਿਆਣਾ ਦੇ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ 11 ਲੋਕਾਂ ਦੇ ਖੋਲ੍ਹੇ ਰਾਜ਼

ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਨਾਮੀ ਪ੍ਰਾਪਰਟੀ ਡੀਲਰ ਨੇ ਆਰਥਿਕ ਪਰੇਸ਼ਾਨੀ ਅਤੇ ਮਾਨਸਿਕ ਤਣਾਅ ਦੇ ਚੱਲਦਿਆਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 52 ਸਾਲਾ ਪਰਵਿੰਦਰ ਉਰਫ਼ ਰਿੰਪੀ ਅਨੇਜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਿੰਪੀ ਅਨੇਜਾ ਨੇ ਬੁੱਧਵਾਰ ਰਾਤ ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ।

ਹਸਪਤਾਲ ਵਿੱਚ ਇਲਾਜ ਦੌਰਾਨ ਤੋੜਿਆ ਦਮ

ਪਰਿਵਾਰਕ ਸੂਤਰਾਂ ਅਨੁਸਾਰ, ਜਿਵੇਂ ਹੀ ਪਰਵਿੰਦਰ ਦੀ ਹਾਲਤ ਵਿਗੜੀ, ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ। ਹਾਲਾਂਕਿ, ਉੱਥੇ ਸਥਿਤੀ ਕਾਬੂ ਹੇਠ ਨਾ ਆਉਂਦੀ ਦੇਖ ਉਨ੍ਹਾਂ ਨੂੰ ਡੀ.ਐਮ.ਸੀ. (DMC) ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਬੇਟਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਅਜੇ ਮਹਿਜ਼ 20 ਦਿਨ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ, ਜਿਸ ਕਾਰਨ ਰਿੰਪੀ ਪਹਿਲਾਂ ਹੀ ਕਾਫੀ ਸਦਮੇ ਵਿੱਚ ਸੀ।

ਆਖਰੀ ਵੀਡੀਓ ਵਿੱਚ ਲਏ 11 ਲੋਕਾਂ ਦੇ ਨਾਮ

ਮ੍ਰਿਤਕ ਦੀ ਪਤਨੀ ਅਨੁਸਾਰ, ਰਿੰਪੀ ਅਨੇਜਾ ਨੇ ਇਹ ਖ਼ੌਫ਼ਨਾਕ ਕਦਮ ਚੁੱਕਣ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤਾ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਇੱਕ ਮਹਿਲਾ ਸਮੇਤ ਕੁੱਲ 11 ਲੋਕਾਂ ਦੇ ਨਾਮ ਲੈਂਦਿਆਂ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਵੀਡੀਓ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਲੋਕਾਂ ਕੋਲੋਂ ਕਰੋੜਾਂ ਰੁਪਏ ਲੈਣੇ ਸਨ, ਪਰ ਉਹ ਪੈਸੇ ਮੋੜਨ ਤੋਂ ਇਨਕਾਰ ਕਰ ਰਹੇ ਸਨ। ਪੈਸੇ ਨਾ ਮਿਲਣ ਕਾਰਨ ਉਹ ਲਗਾਤਾਰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ।

ਪੋਸਟਮਾਰਟਮ ਅਤੇ ਅਗਲੇਰੀ ਕਾਰਵਾਈ

ਵੀਰਵਾਰ ਨੂੰ ਸਿਵਲ ਹਸਪਤਾਲ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਨੇ ਵੀਡੀਓ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਨਾਮਜ਼ਦ ਕੀਤੇ ਗਏ 11 ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਬਹੁਤ ਜਲਦ ਦੋਸ਼ੀਆਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।

ਮੌਤ ਤੋਂ ਪਹਿਲਾਂ ਇਨਸਾਫ਼ ਦੀ ਗੁਹਾਰ

ਵੀਡੀਓ ਬਿਆਨ ਵਿੱਚ ਵਿਅਕਤੀ ਨੇ ਕਿਹਾ, “ਮੇਰੇ ਜਾਣ ਤੋਂ ਬਾਅਦ ਕਿਸੇ ਦੋਸ਼ੀ ਨੂੰ ਵੀ ਨਾ ਬਖਸ਼ਿਆ ਜਾਵੇ। ਉਸਨੇ ਖ਼ਾਸ ਤੌਰ ‘ਤੇ ਰਾਜੇਸ਼ ਬਾਂਸਲ, ਸਿਆਲ, ਹਰਪ੍ਰੀਤ ਸਿੰਘ ਅਤੇ ਖੁਸ਼ਵੰਤ ਸਿੰਘ ਦੇ ਨਾਮ ਲਏ ਹਨ।” ਉਸ ਨੇ ਦੋਸ਼ ਲਗਾਇਆ ਹੈ ਕਿ ਇਹ ਲੋਕ ਕਾਫ਼ੀ ਪਾਵਰਫੁੱਲ (ਤਾਕਤਵਰ) ਹਨ, ਜਿਸ ਕਾਰਨ ਉਸ ਨੂੰ ਅਜਿਹਾ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮ੍ਰਿਤਕ ਨੇ ਆਪਣੇ ਆਖਰੀ ਬਿਆਨ ਵਿੱਚ ਪ੍ਰਸ਼ਾਸਨ ਅਤੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀਆਂ ਜੋ ਵੀ ਲੈਣਦਾਰੀਆਂ ਇਨ੍ਹਾਂ ਲੋਕਾਂ ਵੱਲ ਹਨ, ਉਹ ਉਸ ਦੇ ਸੰਸਕਾਰ ਤੋਂ ਪਹਿਲਾਂ ਵਸੂਲ ਕਰਕੇ ਉਸ ਦੇ ਪਰਿਵਾਰ ਨੂੰ ਦਿੱਤੀਆਂ ਜਾਣ।

ਪੁਲਿਸ ਨੇ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ

ਪਲਵਿੰਦਰ ਸਿੰਘ ਦੀ ਪਤਨੀ ਜਸਲੀਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ 11 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਹਨਾਂ ਨਾਮਜ਼ਦ ਵਿਅਕਤੀਆਂ ਵਿੱਚ ਰਾਜੇਸ਼ ਬੰਸਲ, ਵਿਨੋਦ ਸਿਆਲ, ਹਰਪ੍ਰੀਤ ਸਿੰਘ, ਪੰਕਜ ਗੁਪਤਾ, ਖੁਸ਼ਵੰਤ ਸਿੰਘ, ਪ੍ਰਾਪਰਟੀ ਡੀਲਰ ਰਿਸ਼ਮਜੀਤ ਸਿੰਘ, ਪ੍ਰਾਪਰਟੀ ਡੀਲਰ ਅਜੀਤ ਸਿੰਘ ਸਵਰਾਜ, ਮੰਜੂ ਗੋਇਲ, ਅਨਿਲ ਕੁਮਾਰ, ਰਨਵੀਰ ਕੌਰ ਗਿੱਲ ਅਤੇ ਵਰੁਣ ਗੋਇਲ ਸ਼ਾਮਲ ਹਨ।

Follow Us