ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਖ਼ੁਫ਼ੀਆ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ; CCTV ਰਾਹੀਂ ਰੱਖ ਰਿਹਾ ਸੀ ਨਜ਼ਰ

Published: 

28 Aug 2026 21:10 PM IST

ਲੁਧਿਆਣਾ ਪੁਲਿਸ ਨੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਸਰਹੱਦ ਪਾਰ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇੱਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਲੁਧਿਆਣਾ ਵਿੱਚ ਬੈਠ ਕੇ ਸ਼ਹਿਰ ਦੀਆਂ ਗਤੀਵਿਧੀਆਂ, ਖ਼ਾਸ ਤੌਰ 'ਤੇ ਫ਼ੌਜੀ ਅਤੇ ਬੇਹੱਦ ਸੰਵੇਦਨਸ਼ੀਲ ਖੇਤਰਾਂ ਦੀ ਲਾਈਵ ਵੀਡੀਓ ਫ਼ੀਡ ਸਿੱਧੀ ਪਾਕਿਸਤਾਨ ਭੇਜ ਰਿਹਾ ਸੀ।

ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਖ਼ੁਫ਼ੀਆ ਏਜੰਸੀ ISI ਦਾ ਜਾਸੂਸ ਗ੍ਰਿਫ਼ਤਾਰ; CCTV ਰਾਹੀਂ ਰੱਖ ਰਿਹਾ ਸੀ ਨਜ਼ਰ

ਲੁਧਿਆਣਾ ਪੁਲਿਸ ਨੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਸਰਹੱਦ ਪਾਰ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇੱਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਲੁਧਿਆਣਾ ਵਿੱਚ ਬੈਠ ਕੇ ਸ਼ਹਿਰ ਦੀਆਂ ਗਤੀਵਿਧੀਆਂ, ਖ਼ਾਸ ਤੌਰ ‘ਤੇ ਫ਼ੌਜੀ ਅਤੇ ਬੇਹੱਦ ਸੰਵੇਦਨਸ਼ੀਲ ਖੇਤਰਾਂ ਦੀ ਲਾਈਵ ਵੀਡੀਓ ਫ਼ੀਡ ਸਿੱਧੀ ਪਾਕਿਸਤਾਨ ਭੇਜ ਰਿਹਾ ਸੀ।

ਪੁਲਿਸ ਨੂੰ ਖ਼ਦਸ਼ਾ ਹੈ ਕਿ ਇਸ ਜਾਸੂਸੀ ਪਿੱਛੇ ਪਾਕਿਸਤਾਨੀ ਏਜੰਸੀਆਂ ਦੀ ਲੁਧਿਆਣਾ ਵਿੱਚ ਕਿਸੇ ਵੱਡੀ ਅੱਤਵਾਦੀ ਜਾਂ ਅਣਸੁਖਾਵੀਂ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ੌਫ਼ਨਾਕ ਸਾਜ਼ਿਸ਼ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਛਪਾਲ ਸਿੰਘ ਵਜੋਂ ਹੋਈ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀ ਫ਼ਿਲਹਾਲ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਜਨਤਕ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਦੁਕਾਨ ਨੂੰ ਬਣਾਇਆ ਹੋਇਆ ਸੀ ਜਾਸੂਸੀ ਦਾ ਅੱਡਾ

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਮੂਲ ਰੂਪ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਸਰਫ਼ ਕੋਟ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਨਿਊ ਸੁੰਦਰ ਨਗਰ (ਮੈਡਵੇਜ਼ ਹਸਪਤਾਲ ਦੇ ਸਾਹਮਣੇ, ਪਲਾਟ ਨੰਬਰ-1) ਵਿੱਚ ਇੱਕ ਦੁਕਾਨ ਕਿਰਾਏ ‘ਤੇ ਲਈ ਹੋਈ ਸੀ। ਇਸੇ ਦੁਕਾਨ ਨੂੰ ਉਸ ਨੇ ਪਾਕਿਸਤਾਨ ਲਈ ਆਪਣਾ ਜਾਸੂਸੀ ਅੱਡਾ ਬਣਾ ਰੱਖਿਆ ਸੀ।

ਪਾਕਿਸਤਾਨੀ ਏਜੰਸੀਆਂ ਕੋਲ ਸੀ CCTV ਕੈਮਰਿਆਂ ਦਾ ਪੂਰਾ ਐਕਸੈਸ

ਜਾਂਚ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਰਛਪਾਲ ਸਿੰਘ ਨੇ ਦੁਕਾਨ ਦੇ ਬਾਹਰ ਹਾਈ-ਟੈੱਕ ਸੀਸੀਟੀਵੀ (CCTV) ਕੈਮਰੇ ਲਗਾਏ ਹੋਏ ਸਨ। ਇਨ੍ਹਾਂ ਕੈਮਰਿਆਂ ਦੀ ਪੂਰੀ ਲਾਈਵ ਫ਼ੀਡ ਅਤੇ ਆਨਲਾਈਨ ਐਕਸੈਸ ਸਿੱਧੇ ਤੌਰ ‘ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਦਿੱਤੀ ਹੋਈ ਸੀ। ਸਰਹੱਦ ਪਾਰ ਬੈਠੇ ਪਾਕਿਸਤਾਨੀ ਹੈਂਡਲਰ ਇਨ੍ਹਾਂ ਕੈਮਰਿਆਂ ਰਾਹੀਂ ਲੁਧਿਆਣਾ ਜ਼ਿਲ੍ਹੇ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਦੀ ਹਰ ਛੋਟੀ-ਵੱਡੀ ਹਲਚਲ ‘ਤੇ ਸਿੱਧੀ ਨਜ਼ਰ ਰੱਖ ਰਹੇ ਸਨ।

ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਦਿੰਦਾ ਸੀ ਧਮਕੀਆਂ

ਪੁਲਿਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਜਾਸੂਸੀ ਕਰਨ ਦੇ ਨਾਲ-ਨਾਲ ਵੱਖ-ਵੱਖ ਮੋਬਾਈਲ ਨੰਬਰਾਂ ਅਤੇ ਫ਼ੋਨਾਂ ਦੀ ਵਰਤੋਂ ਕਰਕੇ ਧਮਕੀਆਂ ਦੇਣ ਦਾ ਕੰਮ ਵੀ ਕਰਦਾ ਸੀ। ਇਹ ਧਮਕੀਆਂ ਕਿਸ ਮਕਸਦ ਨਾਲ ਅਤੇ ਕਿਨ੍ਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਨ, ਇਸ ਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਆਫ਼ੀਸ਼ੀਅਲ ਸੀਕਰੇਟਸ ਐਕਟ ਤਹਿਤ FIR ਦਰਜ

ਥਾਣਾ ਸਰਾਭਾ ਨਗਰ ਦੇ ਸਬ-ਇੰਸਪੈਕਟਰ (SI) ਅਰਸ਼ਦੀਪ ਸਿੰਘ ਨੂੰ ਗਸ਼ਤ ਦੌਰਾਨ ਇਸ ਸ਼ੱਕੀ ਜਾਸੂਸ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ‘ਤੇ 27 ਅਗਸਤ 2026 ਨੂੰ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਆਫ਼ੀਸ਼ੀਅਲ ਸੀਕਰੇਟਸ ਐਕਟ ਦੀਆਂ ਧਾਰਾਵਾਂ ਤਹਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਖ਼ੁਫ਼ੀਆ ਏਜੰਸੀਆਂ ਵੱਲੋਂ ਕੈਮਰਿਆਂ ਦੇ ਡਿਜੀਟਲ ਐਕਸੈਸ ਦੀ ਜਾਂਚ ਸ਼ੁਰੂ

ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਅਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀਆਂ ਹਨ। ਜਾਂਚ ਟੀਮਾਂ ਦਾ ਮੁੱਖ ਫ਼ੋਕਸ ਇਸ ਗੱਲ ਦਾ ਪਤਾ ਲਗਾਉਣਾ ਹੈ ਕਿ ਇਨ੍ਹਾਂ ਸੀਸੀਟੀਵੀ ਕੈਮਰਿਆਂ ਦਾ ਲਾਈਵ ਐਕਸੈਸ ਪਾਕਿਸਤਾਨ ਵਿੱਚ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਰਛਪਾਲ ਸਿੰਘ ਸਰਹੱਦ ਪਾਰ ਕਿਹੜੇ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਧਮਕੀਆਂ ਦੇਣ ਲਈ ਵਰਤੇ ਜਾ ਰਹੇ ਮੋਬਾਈਲ ਫ਼ੋਨਾਂ ਦਾ ਇਸ ਪਾਕਿਸਤਾਨੀ ਜਾਸੂਸੀ ਨੈੱਟਵਰਕ ਨਾਲ ਕੀ ਸਬੰਧ ਹੈ, ਇਸ ਬਾਰੇ ਪੁੱਛਗਿੱਛ ਜਾਰੀ ਹੈ।

Loading...
Unable to load recommendations.
Follow Us