ਲੁਧਿਆਣਾ ਨਗਰ ਨਿਗਮ ਲਈ ਕਾਂਗਰਸ-ਬੀਜੇਪੀ ਦਾ ਗਠਜੋੜ!, ਮੇਅਰ ਲਈ ਦੁਹਰਾਇਆ ਜਾਵੇਗਾ 1992 ਦਾ ਇਤਿਹਾਸ

Updated On: 

24 Dec 2024 15:37 PM

ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 95 ਵਾਰਡਾਂ ਵਿੱਚੋਂ ਸਿਰਫ਼ 41 ਸੀਟਾਂ ਮਿਲੀਆਂ, ਜਦੋਂ ਕਿ ਕਾਂਗਰਸ ਨੂੰ 30, ਭਾਜਪਾ ਨੂੰ 19, ਅਕਾਲੀ ਦਲ ਦੇ ਦੋ ਅਤੇ ਆਜ਼ਾਦ ਤਿੰਨ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ ਹਨ। ਪੰਜਾਬ ਨਗਰ ਨਿਗਮਾਂ ਵਿੱਚ ਲੁਧਿਆਣਾ ਸਭ ਤੋਂ ਵੱਡਾ ਨਗਰ ਨਿਗਮ ਹੈ।

ਲੁਧਿਆਣਾ ਨਗਰ ਨਿਗਮ ਲਈ ਕਾਂਗਰਸ-ਬੀਜੇਪੀ ਦਾ ਗਠਜੋੜ!, ਮੇਅਰ ਲਈ ਦੁਹਰਾਇਆ ਜਾਵੇਗਾ 1992 ਦਾ ਇਤਿਹਾਸ

ਲੁਧਿਆਣਾ ਨਗਰ ਨਿਗਮ

Follow Us On

ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਭਾਵੇਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਫਿਰ ਵੀ ਨਿਗਮ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਪਾਰਟੀ ਕੋਲ ਸਪੱਸ਼ਟ ਬਹੁਮਤ ਨਹੀਂ ਹੈ। ਅਜਿਹੇ ‘ਚ ਚਰਚਾ ਹੈ ਕਿ ਕਾਂਗਰਸ ਅਤੇ ਭਾਜਪਾ 1992 ਦਾ ਇਤਿਹਾਸ ਦੁਹਰਾ ਸਕਦੇ ਹਨ। ਜਦੋਂ ਲੁਧਿਆਣਾ ਨਗਰ ਨਿਗਮ ਲਈ ਪਹਿਲੀ ਵਾਰ ਚੋਣਾਂ ਹੋਈਆਂ ਤਾਂ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।

ਉਸ ਸਮੇਂ ਕਾਂਗਰਸ ਦੀ ਹਮਾਇਤ ਨਾਲ ਇਹ ਤੈਅ ਹੋਇਆ ਸੀ ਕਿ ਦੋਵੇਂ ਪਾਰਟੀਆਂ ਢਾਈ ਸਾਲ ਲਈ ਮੇਅਰਾਂ ਦੀ ਚੋਣ ਕਰਨਗੀਆਂ। ਜਿਸ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਚੌਧਰੀ ਸਤਪ੍ਰਕਾਸ਼ ਨੂੰ ਮੇਅਰ ਬਣਾਇਆ ਗਿਆ।

ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਕੋਲ ਵੀ 19 ਕੌਂਸਲਰ ਹਨ। ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਹੁਣ ਇਹ ਫੈਸਲਾ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵੱਲੋਂ ਤੈਅ ਕੀਤਾ ਜਾਵੇਗਾ। ਭਾਵੇਂ ਕਾਂਗਰਸ ਮੇਅਰ ਦੇ ਅਹੁਦੇ ਦੀ ਮੰਗ ਕਰ ਰਹੀ ਹੈ ਪਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਭਾਜਪਾ ਨੂੰ ਦੇਣ ਦੀ ਗੱਲ ਚੱਲ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਵੀ ਮੇਅਰ ਦਾ ਅਹੁਦਾ ਚਾਹੁੰਦੀ ਹੈ।

ਹਾਈ ਕੋਰਟ ਦੇ ਹੁਕਮਾਂ ‘ਤੇ ਹੋਈਆਂ ਸਨ ਚੋਣਾਂ

ਨਗਰ ਨਿਗਮ ਦਾ ਕਾਰਜਕਾਲ ਪੂਰਾ ਹੋਣ ਤੋਂ ਕਰੀਬ ਡੇਢ ਸਾਲ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਚੋਣਾਂ ਕਰਵਾਈਆਂ ਗਈਆਂ। ਚੋਣਾਂ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ। ਸ਼ਨੀਵਾਰ ਨੂੰ ਹੋਈਆਂ ਚੋਣਾਂ ‘ਚ ਕੋਈ ਵੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕਿਆ। ਆਮ ਆਦਮੀ ਪਾਰਟੀ ਨੂੰ 95 ਵਾਰਡਾਂ ‘ਚੋਂ ਸਿਰਫ਼ 41 ਸੀਟਾਂ ਮਿਲੀਆਂ, ਜਦਕਿ ਕਾਂਗਰਸ ਨੂੰ 30, ਭਾਜਪਾ ਨੂੰ 19 ਅਤੇ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ। ਤਿੰਨ ਆਜ਼ਾਦ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ।

ਪਹਿਲਾਂ ਚਰਚਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਮੇਅਰ ਬਣਾਉਣਗੇ ਪਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਪੱਸ਼ਟ ਕੀਤਾ ਕਿ ਲੁਧਿਆਣਾ ਵਿੱਚ ਕਾਂਗਰਸ ਦਾ ਮੇਅਰ ਬਣੇਗਾ। ਜਿਸ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਕਿ ਭਾਜਪਾ ਅਤੇ ਕਾਂਗਰਸ 32 ਸਾਲ ਪੁਰਾਣਾ ਇਤਿਹਾਸ ਰਚ ਸਕਦੀਆਂ ਹਨ।

1992 ‘ਚ ਕਾਂਗਰਸ ਦੇ ਸਮਰਥਨ ਨਾਲ BJP ਦਾ ਮੇਅਰ ਬਣਿਆ

1992 ਵਿੱਚ ਜਦੋਂ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਤਾਂ ਉਹ ਪੰਜਾਹ ਵਾਰਡਾਂ ‘ਤੇ ਹੋਈਆਂ ਸਨ। ਉਸ ਸਮੇਂ ਵੀ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ, ਇਸ ਲਈ ਕਾਂਗਰਸ ਦੇ ਸਮਰਥਨ ਨਾਲ ਚੌਧਰੀ ਸਤ ਪ੍ਰਕਾਸ਼ ਨੂੰ ਬੀਜੇਪੀ ਨੇ ਮੇਅਰ ਬਣਾਇਆ ਗਿਆ ਸੀ। ਭਾਜਪਾ ਤੇ ਕਾਂਗਰਸ ਵਿਚਾਲੇ ਸਮਝੌਤਾ ਹੋਇਆ ਸੀ ਕਿ ਉਨ੍ਹਾਂ ਨੂੰ ਢਾਈ ਸਾਲ ਲਈ ਮੇਅਰ ਬਣਾਇਆ ਜਾਵੇਗਾ ਪਰ ਚੌਧਰੀ ਸਤਪ੍ਰਕਾਸ਼ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮੁੜ ਉਨ੍ਹਾਂ ਨੂੰ ਪੂਰੇ ਕਾਰਜਕਾਲ ਲਈ ਮੇਅਰ ਬਣੇ ਰਹਿਣ ਦਾ ਫੈਸਲਾ ਕੀਤਾ ਗਿਆ। ਜਿਸ ਕਾਰਨ ਭਾਜਪਾ ਪਹਿਲੀ ਵਾਰ ਮੇਅਰ ਦਾ ਕਾਰਜਕਾਲ ਪੂਰਾ ਕਰਨ ਵਿੱਚ ਸਫਲ ਰਹੀ।

ਹੁਣ ਕਾਂਗਰਸ ਚਾਹੁੰਦੀ ਹੈ ਕਿ ਭਾਜਪਾ ਕਾਂਗਰਸ ਨੂੰ ਸਮਰਥਨ ਦੇ ਕੇ ਕਾਂਗਰਸ ਨੂੰ ਮੇਅਰ ਬਣਾਵੇ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਆਪਣੇ ਕੋਲ ਰੱਖ ਸਕਦੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਸਪੱਸ਼ਟ ਕੀਤਾ ਹੈ ਕਿ ‘ਆਪ’ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ, ਹੋਰ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਵੀ ਕਿਹਾ ਹੈ ਕਿ ਭਾਜਪਾ ਤੇ ਕਾਂਗਰਸ ਦੀ ਮਦਦ ਨਾਲ ਸ਼ਹਿਰ ‘ਚ ਮੇਅਰ ਬਣਾਏ ਜਾਣ ਦੀ ਸੰਭਾਵਨਾ ਹੈ। ਹਾਈਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਾਰਟੀ ਦੇ ਹੁਕਮਾਂ ਮੁਤਾਬਕ ਕੰਮ ਕਰੇਗੀ।਼

ਦੋਵਾਂ ਪਾਰਟੀਆਂ ਵਿਚਾਲੇ ਨਹੀਂ ਹੋਵੇਗਾ ਗਠਜੋੜ- ਰਵਨੀਤ ਬਿੱਟੂ

ਹਾਲਾਂਕਿ ਲੁਧਿਆਣਾ ਵਿੱਚ ਕਾਂਗਰਸ-ਬੀਜੇਪੀ ਗਠਜੋੜ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਦਾ ਬਿਆਨ ਸਾਹਮਣੇ ਆਇਆ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਭਾਜਪਾ ਮਜ਼ਬੂਤ ​​ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਕਾਂਗਰਸ ਨਾਲ ਸਮਝੌਤਾ ਕਰਨਾ ਸਾਡੇ ਸਿਧਾਂਤਾਂ ਦੇ ਖਿਲਾਫ ਹੈ।