ਲੁਧਿਆਣਾ ਗੈਸ ਲੀਕ ਮਾਮਲਾ: ਪ੍ਰਸ਼ਾਸਨਿਕ ਟੀਮ ਦੀ ਜਾਂਚ ਤੋਂ ਅਸੰਤੁਸ਼ਟ ਐਨਜੀਟੀ ਨੇ ਬਣਾਈ ਨਵੀਂ ਕਮੇਟੀ; 11 ਲੋਕਾਂ ਦੀ ਹੋਈ ਸੀ ਮੌਤ
Ludiana Gas Leak : 30 ਅਪ੍ਰੈਲ ਨੂੰ ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 5 ਔਰਤਾਂ, 4 ਪੁਰਸ਼ ਅਤੇ 2 ਬੱਚੇ ਸ਼ਾਮਲ ਸਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਸੀ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਚੱਲ ਰਹੀ ਕਰਿਆਨੇ ਦੀ ਦੁਕਾਨ ਵਿੱਚ ਵਾਪਰਿਆ। ਇਸ ਦੁਕਾਨ ਵਿੱਚ ਦੁੱਧ ਦਾ ਬੂਥ ਵੀ ਬਣਿਆ ਹੋਇਆ ਹੈ।
ਲੁਧਿਆਣਾ ਦੇ ਗਿਆਸਪੁਰਾ ‘ਚ ਗੈਸ ਲੀਕ ਮਾਮਲੇ ‘ਚ NGT ਨੇ ਕਾਰਵਾਈ ਕੀਤੀ ਹੈ। ਐਨਜੀਟੀ ਨੇ ਪ੍ਰਸ਼ਾਸਨ ਵੱਲੋਂ ਬਣਾਈ ਜਾਂਚ ਕਮੇਟੀ ਦੀ ਜਾਂਚ ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਜਾਂਚ ‘ਚ ਕੋਈ ਦੋਸ਼ੀ ਨਾ ਪਾਏ ਜਾਣ ‘ਤੇ NGT ਹਰਕਤ ‘ਚ ਆ ਗਈ ਹੈ। ਜਿਸ ਤੋਂ ਇਸ ਮਾਮਲੇ ਤੇ ਨਵੀਂ ਕਮੇਟੀ ਬਣਾਈ ਗਈ ਹੈ। ਇਸ ਹਾਦਸੇ ‘ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ।
ਨਵੀਂ ਕਮੇਟੀ ਵਿੱਚ ਭਾਰਤ ਦੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੰਯੁਕਤ ਸਕੱਤਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਮੈਂਬਰ ਸਕੱਤਰ ਕਰਨਗੇ। ਨਵੀਂ ਬਣੀ ਕਮੇਟੀ ਘਟਨਾ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਗੈਸ ਲੀਕ ਹੋਣ ਦੇ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ।
ਇਹ ਟੀਮ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਟ੍ਰਿਬਿਊਨਲ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਟੀਮ ਦੇ ਦੌਰੇ ਦੌਰਾਨ ਜ਼ਿਲ੍ਹਾ ਰਜਿਸਟ੍ਰੇਸ਼ਨ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਹਿਯੋਗ ਦੇਣਗੇ।
ਜਿਸ ਇਲਾਕੇ ਵਿੱਚ ਸੀਵਰੇਜ ਵਿੱਚੋਂ ਐਚ2ਐਸ ਗੈਸ ਲੀਕ ਹੋਈ ਸੀ, ਉੱਥੇ ਕਈ ਅਜਿਹੇ ਉਦਯੋਗ ਚੱਲ ਰਹੇ ਹਨ ਜਿਨ੍ਹਾਂ ਵਿੱਚ ਟਰੀਟਮੈਂਟ ਪਲਾਂਟ ਤੱਕ ਨਹੀਂ ਹਨ। ਉਹ ਰਾਤ ਨੂੰ ਜਾਂ ਮੀਂਹ ਪੈਣ ‘ਤੇ ਕੈਮੀਕਲ ਵਾਲਾ ਪਾਣੀ ਸੀਵਰੇਜ ਵਿੱਚ ਵਹ੍ਹਾ ਦਿੰਦੇ ਹਨ।
ਦਿਮਾਗ ‘ਤੇ ਪਿਆ ਸੀ ਗੈਸ ਦਾ ਸਿੱਧਾ ਅਸਰ
ਹਾਦਸੇ ਤੋਂ ਬਾਅਦ ਲੁਧਿਆਣਾ ਦੀ ਡਿਪਟੀ ਕਮਿਸ਼ਨਰ (ਡੀ.ਸੀ.) ਸੁਰਭੀ ਮਲਿਕ ਨੇ ਕਿਹਾ ਸੀ ਕਿ “ਮਰਣ ਵਾਲਿਆਂ ਦੇ ਰੈਸਪਿਰੇਟਰੀ ਸਿਸਟਮ ਵਿੱਚ ਦਮ ਘੁਟਣ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ। ਮੌਤ ਦਾ ਕਾਰਨ ਨਿਊਰੋਟੌਕਸਿਨ (ਇੱਕ ਜ਼ਹਿਰ ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ) ਹੋ ਸਕਦਾ ਹੈ। ਰਾਸ਼ਟਰੀ ਆਫ਼ਤ ਮੈਨੇਜਮੈਂਟ ਫੋਰਸ (ਐੱਨਡੀਆਰਐੱਫ) ਦੀਆਂ ਟੀਮਾਂ ਨੂੰ ਬੁਲਾਇਆ ਗਿਆ ਸੀ। ਗੈਸ ਲੀਕੇਜ ਦੀ ਜਾਂਚ ਲਈ ਮਸ਼ੀਨਾਂ ਲਗਾਈਆਂ ਗਈਆਂ ਸਨ। ਸੀਵਰੇਜ ਦੇ ਮੈਨਹੋਲਾਂ ਤੋਂ ਸੈਂਪਲ ਲਏ ਗਏ ਸਨ।
ਇਹ ਵੀ ਪੜ੍ਹੋ
ਮ੍ਰਿਤਕਾਂ ਦੀਆਂ ਲਾਸ਼ਾਂ ਦਾ ਮੁਆਇਨਾ ਕਰਨ ਵਾਲੇ ਡਾਕਟਰ ਨੇ ਕਿਹਾ ਸੀ ਕਿ ਮੌਤ ਦਿਮਾਗ ਤੱਕ ਜ਼ਹਿਰ ਪਹੁੰਚਣ ਕਾਰਨ ਹੋਈ ਹੈ। ਲਾਸ਼ਾਂ ਦੇ ਫੇਫੜਿਆਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।