ਹਾਈਕਮਾਨ ਦਾ ਤਾਂ ਭਰੋਸਾ ਜਿੱਤ ਲਿਆ, ਕੀ ਵੜਿੰਗ ਦਾ ਦਿਲ ਜਿੱਤ ਸਕਣਗੇ ਆਸ਼ੂ ?

Published: 

05 Apr 2025 08:53 AM

Ludhiana By-election: ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ। ਪਰ, ਉਨ੍ਹਾਂ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਮਤਭੇਦ ਇੱਕ ਵੱਡੀ ਚੁਣੌਤੀ ਹਨ। ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਤੋਂ ਵੀ ਖ਼ਤਰਾ ਹੈ ਕਿਉਂਕਿ ਬਿੱਟੂ ਦੇ ਕਈ ਨਜ਼ਦੀਕੀ ਆਸ਼ੂ ਤੋਂ ਦੂਰ ਹੋ ਗਏ ਹਨ। ਆਸ਼ੂ ਦੀ ਜਿੱਤ ਲਈ ਵੜਿੰਗ ਨਾਲ ਸੁਲ੍ਹਾ ਕਰਨਾ ਜ਼ਰੂਰੀ ਹੈ।

ਹਾਈਕਮਾਨ ਦਾ ਤਾਂ ਭਰੋਸਾ ਜਿੱਤ ਲਿਆ, ਕੀ ਵੜਿੰਗ ਦਾ ਦਿਲ ਜਿੱਤ ਸਕਣਗੇ ਆਸ਼ੂ ?
Follow Us On

ਲੁਧਿਆਣਾ ਦੇ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਮਹਿਜ਼ 2 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ ਤਾਂ ਅਜਿਹੇ ਵਿੱਚ ਕਿਸੇ ਸਮੇਂ ਵੀ ਚੋਣ ਕਮਿਸ਼ਨ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਓਧਰ ਜੇਕਰ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਉਮੀਦਵਾਰ ਉਤਾਰਣ ਵਿੱਚ ਮੋਹਰੀ ਰਹੀ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ। ਹੁਣ ਪੱਛਮੀ ਹਲਕੇ ਵਿੱਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ।

ਓਧਰ ਕਾਂਗਰਸ ਹਾਈਕਮਾਨ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਵਿਸ਼ਵਾਸ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ। ਇਸ ਸਬੰਧੀ ਏਆਈਸੀਸੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਪੱਤਰ ਜਾਰੀ ਕੀਤਾ। ਬੇਸ਼ੱਕ, ਕਾਂਗਰਸ ਹਾਈਕਮਾਨ ਨੇ ਆਸ਼ੂ ਨੂੰ ਟਿਕਟ ਦਿੱਤੀ ਹੈ ਪਰ ਉਨ੍ਹਾਂ ਦਾ ਰਸਤਾ ਆਸਾਨ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਲੁਧਿਆਣਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸਿਆਸੀ ਮਤਭੇਦ ਚੱਲ ਰਹੇ ਹਨ। ਜੇਕਰ ਆਸ਼ੂ ਉਪ ਚੋਣ ਜਿੱਤਣਾ ਚਾਹੁੰਦਾ ਹੈ, ਤਾਂ ਉਹਨਾਂ ਨੂੰ ਐਮਪੀ ਵੜਿੰਗ ਨਾਲ ਆਪਣੇ ਮਤਭੇਦ ਖਤਮ ਕਰਕੇ ਉਹਨਾਂ ਨਾਲ ਮਿਲਕੇ ਬੈਠਣਾ ਹੋਵੇਗਾ।

ਲੋਕ ਸਭਾ ਲਈ ਆਸ਼ੂ ਨੇ ਠੋਕਿਆ ਸੀ ਦਾਅਵਾ

ਲੋਕ ਸਭਾ ਤੋਂ ਪਹਿਲਾਂ ਤਤਕਾਲੀ ਸਾਂਸਦ ਰਵਨੀਤ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ। ਅਜਿਹੇ ਵਿੱਚ ਕਾਂਗਰਸ ਸਾਹਮਣੇ ਉਮੀਦਵਾਰ ਚੁਣਨ ਦੀ ਚੁਣੌਤੀ ਖੜ੍ਹੀ ਹੋ ਗਈ ਸੀ। ਜਿਸ ਮਗਰੋਂ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਲੀਡਰਾਂ ਨੇ ਦਾਅਵਾ ਠੋਕਿਆ। ਪਰ ਹਾਈਕਮਾਨ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਇਸ ਚੋਣ ਵਿੱਚ ਬਿੱਟੂ ਨੂੰ ਹਰਾ ਕੇ ਵੜਿੰਗ ਨੇ ਜਿੱਤ ਹਾਸਿਲ ਕੀਤੀ। ਵੜਿੰਗ ਦੇ ਚੋਣ ਪ੍ਰਚਾਰ ਦੇ ਸ਼ੁਰੂਆਤੀ ਦੌਰ ਵਿੱਚ ਆਸ਼ੂ ਉਹਨਾਂ ਦੇ ਨਾਲ ਨਜ਼ਰ ਆਏ ਪਰ ਬਾਅਦ ਵਿੱਚ ਸ਼ਾਂਤ ਹੋ ਕੇ ਗਏ। ਵੜਿੰਗ ਦੇ ਕਈ ਪ੍ਰੋਗਰਾਮਾਂ ਵਿੱਚ ਉਹ ਨਜ਼ਰ ਨਹੀਂ ਆਏ। ਆਸ਼ੂ ਦੀ ਗ੍ਰਿਫਤਾਰੀ ਸਮੇਂ ਵੀ ਵੜਿੰਗ ਜ਼ਿਆਦਾ ਐਕਟਿਵ ਨਹੀਂ ਦਿਖਾਈ ਦਿੱਤੇ ਸਨ।

ਇਸ ਵਾਰ ਭਾਜਪਾ ਤੋਂ ਵੀ ਖ਼ਤਰਾ

ਜ਼ਿਮਨੀ ਚੋਣ ਵਿੱਚ ਆਸ਼ੂ ਦਾ ਰਾਹ ਅਸਾਨ ਨਹੀਂ ਹੋਵੇਗਾ ਕਿਉਂਕਿ ਵੜਿੰਗ ਦੀ ਨਰਾਜ਼ਗੀ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਆਸ਼ੂ ਦੇ ਕਈ ਨੇੜਲੇ ਸਾਥੀ ਬਿੱਟੂ ਦੇ ਸੰਪਰਕ ਵਿੱਚ ਹਨ, ਜਿਸ ਕਾਰਨ ਆਸ਼ੂ ਨੂੰ ਨੁਕਸਾਨ ਭੁਗਤਣਾ ਪੈ ਸਕਦਾ ਹੈ। ਹੁਣ ਸਕਦਾ ਹੈ ਕਿ ਬਿੱਟੂ ਆਪਣੇ ਕਿਸੇ ਨਜ਼ਦੀਕੀ ਨੂੰ ਚੋਣ ਮੈਦਾਨ ਵਿੱਚ ਉਤਾਰ ਦੇਣ। ਹਾਲਾਂਕਿ ਪੱਛਮੀ ਹਲਕੇ ‘ਤੇ ਭਾਰਤ ਭੂਸ਼ਣ ਆਸ਼ੂ ਮੰਨਿਆ ਜਾਂਦਾ ਰਿਹਾ ਹੈ। ਇਸ ਕਰਕੇ ਮੁੱਖ ਮੁਕਾਬਲਾ ਕਾਂਗਰਸ ਦੇ ਆਸ਼ੂ ਅਤੇ ਆਮ ਆਦਮੀ ਪਾਰਟੀ ਦੇ ਅਰੋੜਾ ਵਿਚਾਲੇ ਹੋਣ ਦੀ ਸੰਭਾਵਨਾ ਹੈ।

ਆਸ਼ੂ ਦਾ ਸਿਆਸੀ ਸਫ਼ਰ

ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪਿਛਲੀ ਕਾਂਗਰਸ ਸਰਕਾਰ ਵਿੱਚ ਆਸ਼ੂ, ਖੁਰਾਕ,ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੇ ਆਪਣਾ ਰਾਜਨੀਤਿਕ ਕਰੀਅਰ 1997 ਵਿੱਚ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਾਰਡ ਨੰਬਰ 48 ਤੋਂ ਨਗਰ ਕੌਂਸਲਰ ਚੁਣੇ ਜਾਣ ਤੋਂ ਕੀਤੀ ਸੀ। ਆਪਣੀ ਪਹਿਲੀ ਜਿੱਤ ਤੋਂ ਬਾਅਦ ਉਹਨਾਂ ਨੇ ਮੁੜ ਪਿੱਛੇ ਨਹੀਂ ਦੇਖਿਆ। ਉਹਨਾਂ ਨੇ 1997 ਤੋਂ 2002, 2002 ਤੋਂ 2007, ਅਤੇ 2007 ਤੋਂ 2012 (ਵਾਰਡ 54 ਤੋਂ) ਤੱਕ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ।

ਸਾਲ 2012 ਵਿੱਚ, ਉਹਨਾਂ ਨੂੰ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲੀ ਅਤੇ ਚੋਣ ਜਿੱਤਣ ਤੋਂ ਬਾਅਦ ਉਹ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸੀਐਲਪੀ ਲੀਡਰ ਬਣੇ। ਇਸ ਤੋਂ ਬਾਅਦ, 2017 ਵਿੱਚ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਅਹਿਬਾਬ ਗਰੇਵਾਲ ਨੂੰ 36,521 ਵੋਟਾਂ ਦੇ ਫਰਕ ਨਾਲ ਹਰਾਇਆ। 2022 ਵਿੱਚ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।