ਲੁਧਿਆਣਾ: ਲੰਗਰ ਖਾਣ ਨਾਲ 30 ਲੋਕਾਂ ਦੀ ਵਿਗੜੀ ਸਹਿਤ, ਨੇੜਲੇ ਹਸਪਤਾਲ ਵਿੱਚ ਕਰਵਾਇਆ ਦਾਖਲ
ਲੁਧਿਆਣਾ ਦੇ ਇਆਲੀ ਪਿੰਡ 'ਚ ਮਾਘੀ ਦੇ ਤਿਉਹਾਰ ਮੌਕੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਲਗਾਇਆ ਗਿਆ ਸੀ। ਇਸ ਲੰਗਰ ਦੇ ਖਾਣ ਤੋਂ ਬਾਅਦ 30 ਲੋਕਾਂ ਦੀ ਵਿਗੜੀ ਸਿਹਤ ਗਈ। ਜਿਸ ਤੋਂ ਬਾਅਦ ਸਾਰਿਆਂ ਨੂੰ ਇਲਾਜ਼ ਦੇ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਲੰਗਰ ਵਿੱਚ ਗਜਰੇਲਾ ਖਾਣ ਤੋਂ ਬਾਅਦ ਲੋਕਾਂ ਦੀ ਤਬੀਅਤ ਖਰਾਬ ਹੋ ਗਈ।
ਬੁੱਧਵਾਰ ਨੂੰ ਲੁਧਿਆਣਾ ਵਿੱਚ ਗਜਰੇਲਾ ਖਾਣ ਤੋਂ ਬਾਅਦ 30 ਤੋਂ ਵੱਧ ਲੋਕ ਬਿਮਾਰ ਹੋ ਗਏ। ਗਜਰੇਲਾ ਖਾਣ ਤੋਂ ਥੋੜ੍ਹੀ ਦੇਰ ਬਾਅਦ, ਲੋਕਾਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ। ਇਸ ਦੇ ਨਾਲ ਹੀ ਚੱਕਰ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਰ ਸਾਲ ਵਾਂਗ, ਪਿੰਡ ਅਯਾਲੀ ਕਲਾ ਦੇ ਗੁਰਦੁਆਰਾ ਸ੍ਰੀ ਥੜਾ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਗਜਰੇਲਾ ਪ੍ਰਸ਼ਾਦ ਵਜੋਂ ਵੰਡਿਆ ਗਿਆ। ਇਸ ਨੂੰ ਖਾਣ ਤੋਂ ਬਾਅਦ, ਕੁਝ ਲੋਕ ਬਿਮਾਰ ਹੋ ਗਏ।
ਹਸਪਤਾਲ ਵਿੱਚ ਦਾਖਲ ਇੱਕ ਬਜ਼ੁਰਗ ਔਰਤ ਮਨਜੀਤ ਕੌਰ ਨੇ ਕਿਹਾ ਕਿ ਉਹ ਗੁਰੂਦੁਆਰਾ ਸਾਹਿਬ ਤੋਂ ਗਜਰੇਲਾ ਘਰ ਲੈ ਕੇ ਆਈ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਗਜਰੇਲਾ ਖਾਧਾ, ਹਰੇਕ ਨੇ ਤਿੰਨ ਚੱਮਚ ਖਾਧੇ। “ਮੈਂ ਸਵੇਰੇ 8 ਵਜੇ ਗਜਰੇਲਾ ਖਾਧਾ ਅਤੇ ਫਿਰ ਸਵੇਰੇ 9 ਵਜੇ ਉਲਟੀਆਂ ਕਰਨ ਲੱਗ ਪਈਆਂ।”
ਗਜਰੇਲਾ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ- ਡਾਕਟਰ
ਜਾਣਕਾਰੀ ਦਿੰਦਿਆਂ ਡਾ. ਮਨਦੀਪ ਕੌਰ ਨੇ ਕਿਹਾ ਕਿ ਮਾਘੀ ‘ਤੇ ਅਯਾਲੀ ਦੇ ਗੁਰਦੁਆਰੇ ਵਿੱਚ ਇੱਕ ਇਕੱਠ ਸੀ। ਉੱਥੇ ਗਜਰੇਲਾ ਤਿਆਰ ਕੀਤਾ ਗਿਆ ਸੀ। ਇਸ ਵਿੱਚ ਕੋਈ ਜ਼ਹਿਰੀਲਾ ਪਦਾਰਥ ਸੀ। ਲੋਕ ਸਾਡੇ ਕੋਲ ਆਏ। ਉਨ੍ਹਾਂ ਨੂੰ ਫੂਡ ਪੋਇਜ਼ਨਿੰਗ ਹੈ। ਸਾਡੇ ਕੋਲ 35 ਤੋਂ 40 ਲੋਕ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।
ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ- ਐਸਐਚਓ
ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਐਸਐਚਓ ਆਦਿਤਿਆ ਸ਼ਰਮਾ ਨੇ ਕਿਹਾ, “ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ। ਲਗਾਤਾਰ ਮਰੀਜ਼ਾਂ ਦੇ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਈ ਗਈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ।”
