ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
Kabbadi Player Murder: ਲੁਧਿਆਣਾ ਦੇ ਸਮਰਾਲਾ 'ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੇ ਦੋਸਤਾਂ ਨਾਲ ਇੱਕ ਕਮਿਊਨਿਟੀ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ, ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਬਲਾਕ ‘ਚ ਬੀਤੀ ਦੇਰ ਰਾਤ ਇੱਕ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਖਿਡਾਰੀ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਧਿਆਨ ਦੇਣ ਯੋਗ ਹੈ ਕਿ 31 ਅਕਤੂਬਰ, 2025 ਨੂੰ ਲੁਧਿਆਣਾ ‘ਚ ਕਬੱਡੀ ਖਿਡਾਰੀ ਤੇਜਪਾਲ ਦਾ ਕਤਲ ਕਰ ਦਿੱਤਾ ਗਿਆ ਸੀ। ਕਬੱਡੀ ਖਿਡਾਰੀਆਂ ਦੇ ਕਤਲਾਂ ਦੇ ਸਿਲਸਿਲੇ ਨੇ ਇਲਾਕੇ ‘ਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੰਗਲਵਾਰ ਦੇਰ ਰਾਤ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਬਲਾਕ ‘ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਗੁਰਵਿੰਦਰ ਸਿੰਘ ਆਪਣੇ ਦੋਸਤਾਂ ਧਰਮਵੀਰ ਤੇ ਲਵਪ੍ਰੀਤ ਨਾਲ ਪਿੰਡ ਦੇ ਇੱਕ ਮੈਡੀਕਲ ਸਟੋਰ ਦੇ ਨੇੜੇ ਖੜ੍ਹਾ ਸੀ, ਜਿੱਥੇ ਉਹ ਇੱਕ ਕਮਿਊਨਿਟੀ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸਨ। ਹਮਲਾਵਰਾਂ ਨੇ ਅਚਾਨਕ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੁਰਵਿੰਦਰ ਤੇ ਧਰਮਵੀਰ ਦੋਵੇਂ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦਾ ਦੋਸਤ ਲਵਪ੍ਰੀਤ ਸੁਰੱਖਿਅਤ ਬਚ ਨਿਕਲਿਆ।
ਘਟਨਾ ਤੋਂ ਤੁਰੰਤ ਬਾਅਦ, ਦੋਵਾਂ ਜ਼ਖਮੀਆਂ ਨੂੰ ਸਮਰਾਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਪੀਜੀਆਈ, ਚੰਡੀਗੜ੍ਹ ਰੈਫਰ ਕਰ ਦਿੱਤਾ। ਪਰਿਵਾਰ ਗੁਰਵਿੰਦਰ ਤੇ ਧਰਮਵੀਰ ਨੂੰ ਚੰਡੀਗੜ੍ਹ ਲੈ ਜਾ ਰਿਹਾ ਸੀ ਤਾਂ ਰਸਤੇ ‘ਚ ਗੁਰਵਿੰਦਰ ਦੀ ਮੌਤ ਹੋ ਗਈ। ਧਰਮਵੀਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੇ ਪੂਰੇ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ।
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ
ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੌਕੇ ਤੋਂ ਕਈ ਖਾਲੀ ਗੋਲੀਆਂ ਦੇ ਕਾਰਤੂਸ ਬਰਾਮਦ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਲਈਚ ਦੋਸ਼ੀ ਭੱਜਦੇ ਦਿਖਾਈ ਦੇ ਰਹੇ ਹਨ। ਅਨਮੋਲ ਬਿਸ਼ਨੋਈ ਦੇ ਨਾ ਤੋਂ ਪੋਸਟ ਕਰ ਇਸ ਪੂਰੇ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਪੋਸਟ ‘ਚ ਲਿਖਿਆ ਹੈ, “ਸਤਿ ਸ੍ਰੀ ਅਕਾਲ, ਰਾਮ ਰਾਮ ਭਰਾਵੋ, ਅੱਜ ਮਾਣਕੀ ਸਮਰਾਲਾ ‘ਚ ਹੋਏ ਕਤਲ ਦੀ ਜ਼ਿੰਮੇਵਾਰੀ ਹੈਰੀ ਬਾਕਸਰ ਤੇ ਆਰਜੂ ਬਿਸ਼ਨੋਈ (ਲਾਰੈਂਸ ਬਿਸ਼ਨੋਈ ਗਰੁੱਪ) ਜ਼ਿੰਮੇਵਾਰੀ ਲੈਂਦੇ ਹਨ। ਕਰਨ ਮਾਦਪੁਰ ਤੇ ਤੇਜੀ ਚੱਕ ਨੇ ਇਹ ਕਤਲ ਕੀਤਾ ਹੈ। ਬੱਬੂ ਸਮਰਾਲਾ ਤੇ ਉਸ ਦੇ ਨਾਲ ਵਾਲੇ ਜੋ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਹਨ, ਧਿਆਨ ਨਾਲ ਸੁਣੋ।
ਅਸੀਂ ਤੁਹਾਡੇ ‘ਚੋਂ ਜਿਸ ਨੂੰ ਵੀ ਲੱਭਾਂਗੇ, ਉਸ ਨਾਲ ਵੀ ਅਜਿਹਾ ਹੀ ਕਰਾਂਗੇ। ਇਹ ਸਾਰਿਆਂ ਲਈ ਚੇਤਾਵਨੀ ਹੈ: ਜੋ ਸਾਡੇ ਦੁਸ਼ਮਣਾਂ ਦਾ ਸਮਰਥਨ ਕਰ ਰਹੇ ਹਨ, ਆਪਣੇ ਤਰੀਕੇ ਸੁਧਾਰੋ ਜਾਂ ਤਿਆਰ ਹੋ ਜਾਓ। ਅਸੀਂ ਅਗਲੀ ਗੋਲੀ ਤੁਹਾਡੀ ਛਾਤੀ ‘ਚ ਮਾਰਾਂਗੇ, ਅਸੀਂ ਸਾਰਿਆਂ ‘ਤੇ ਨਜ਼ਰ ਰੱਖ ਰਹੇ ਹਾਂ।ਸਥਾਨਕ ਲੋਕਾਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਇੱਕ ਕਬੱਡੀ ਖਿਡਾਰੀ ਸੀ। ਉਹ ਅਕਸਰ ਸਥਾਨਕ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਂਦਾ ਸੀ। ਘਟਨਾ ਤੋਂ ਬਾਅਦ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨਗੇ ਤੇ ਸਖ਼ਤ ਕਾਰਵਾਈ ਕਰਨਗੇ।
