ਕਿਸਾਨਾਂ ਨੇ ਪੰਜਾਬ-ਹਰਿਆਣਾ ‘ਚ ਰੋਕੀਆਂ ਟਰੇਨਾਂ…ਟਰੈਕਾਂ ‘ਤੇ ਬਹਿ ਕੇ ਜਤਾਇਆ ਰੋਸ; ਕੰਗਨਾ ਅਤੇ ਬਿੱਟੂ ‘ਤੇ ਬੋਲੇ ਤਿੱਖੇ ਹਮਲੇ

Updated On: 

03 Oct 2024 17:53 PM

Farmer Protest in Punjab-Haryana: ਕਿਸਾਨਾਂ ਵੱਲੋਂ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਦੋ ਘੰਟਿਆਂ ਲਈ ਟਰੇਨਾਂ ਰੋਕੀਆਂ ਗਈਆਂ। ਜਿਸਤੋਂ ਬਾਅਦ ਰੇਲਵੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਨਜ਼ਰ ਆਇਆ। ਆਰਪੀਐਫ ਦੇ ਸੀਨੀਅਰ ਡੀਐਸਪੀ ਅਰੁਣ ਕੁਮਾਰ ਤ੍ਰਿਪਾਠੀ ਨੇ ਆਪਣੀ ਡਿਵੀਜ਼ਨ ਵਿੱਚ ਪੈਂਦੇ ਸਾਰੇ ਅਹੁਦਿਆਂ ਦੇ ਇੰਚਾਰਜਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਉਨ੍ਹਾਂ ਚੌਕਸੀ ਰੱਖਣ ਦੇ ਹੁਕਮ ਦਿੱਤੇ। ਰੇਲਵੇ ਟ੍ਰੈਕ ਅਤੇ ਸਟੇਸ਼ਨਾਂ 'ਤੇ ਆਰਪੀਐਫ ਵੀ ਤਾਇਨਾਤ ਰਹੇਗੀ। ਨਾਲ ਹੀ ਖੁਫੀਆ ਏਜੰਸੀਆਂ ਵੀ ਨਜ਼ਰ ਰੱਖ ਰਹੀਆਂ ਹਨ।

ਕਿਸਾਨਾਂ ਨੇ ਪੰਜਾਬ-ਹਰਿਆਣਾ ਚ ਰੋਕੀਆਂ ਟਰੇਨਾਂ...ਟਰੈਕਾਂ ਤੇ ਬਹਿ ਕੇ ਜਤਾਇਆ ਰੋਸ; ਕੰਗਨਾ ਅਤੇ ਬਿੱਟੂ ਤੇ ਬੋਲੇ ਤਿੱਖੇ ਹਮਲੇ

ਕਿਸਾਨਾਂ ਨੇ ਪੰਜਾਬ-ਹਰਿਆਣਾ 'ਚ ਰੋਕੀਆਂ ਟਰੇਨਾਂ

Follow Us On

ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਅਤੇ ਲਖਮੀਰਪੁਰ ਖੀਰੀ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ‘ਚ ਕਰੀਬ 36 ਥਾਵਾਂ ‘ਤੇ ਦੋ ਘੰਟਿਆਂ ਤੱਕ ਰੇਲ ਪਟੜੀਆਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਦੁਪਹਿਰ 12:30 ਤੋਂ 2:30 ਵਜੇ ਤੱਕ ਚੱਲਿਆ। ਇਸ ਦੌਰਾਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ। ਜਿਸ ਕਾਰਨ ਆਮ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਦਰਸ਼ਨ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਗਠਨ ਦੇ ਬੈਨਰ ਹੇਠ ਹੋਇਆ। ਹੜਤਾਲ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ, ਲੁਧਿਆਣਾ ਅਤੇ ਜੰਮੂ ਮਾਰਗ ਪੂਰੀ ਤਰ੍ਹਾਂ ਪ੍ਰਭਾਵਿਤ ਰਹੇ।

ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ – ਪੰਧੇਰ

ਅੰਮ੍ਰਿਤਸਰ ‘ਚ ਰੇਲ ਰੋਕੋ ਅੰਦੋਲਨ ‘ਚ ਪਹੁੰਚੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਲਖੀਮਪੁਰ ਕਾਂਡ ਵਿੱਚ ਬਿੱਟੂ ਦੇ ਸਾਥੀਆਂ ਦੀ ਮੌਤ ਹੁੰਦੀ ਤਾਂ ਉਨ੍ਹਾਂ ਦਾ ਕੀ ਹਾਲ ਹੋਣਾ ਸੀ।

ਕਿਸਾਨਾਂ ਨੇ ਆਰੋਪ ਲਗਾਇਆ ਕਿ ਕੇਂਦਰ ਅਤੇ ਭਾਜਪਾ ਨੇਤਾਵਾਂ ਦੇ ਇਸ਼ਾਰੇ ‘ਤੇ ਕੰਗਣਾ ਅਤੇ ਬਿੱਟੂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਵਣ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਮਿਸ਼ਨ ਏਜੰਟਾਂ ਅਤੇ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਨੂੰ ਸਮੇਂ ਸਿਰ ਮੰਨ ਕੇ ਹੜਤਾਲ ਖਤਮ ਨਾ ਕਰਵਾਈ ਤਾਂ ਕਿਸਾਨ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ।

ਉੱਧਰ, ਰੋਸ ਪ੍ਰਦਰਸ਼ਨ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਤਿੰਨ ਸਾਲਾਂ ਤੋਂ ਇਨਸਾਫ਼ ਨਹੀਂ ਮਿਲਿਆ। ਭਾਜਪਾ ਆਗੂ ਦੇ ਪੁੱਤਰ ਨੇ ਕਈ ਕਿਸਾਨਾਂ ਨੂੰ ਕੁਚਲਿਆ ਸੀ। ਜਿਸ ਕਾਰਨ ਅੱਜ ਸਾਨੂੰ ਟਰੇਨਾਂ ਰੋਕਣੀਆਂ ਪਈਆਂ।

ਸ਼ੰਭੂ ਬਾਰਡਰ ਨੇੜੇ ਵੀ ਟਰੈਕ ਤੇ ਬੈਠੇ ਕਿਸਾਨ

ਸ਼ੰਭੂ ਬਾਰਡਰ ‘ਤੇ ਵੀ ਕਿਸਾਨ ਰੇਲ ਪਟੜੀ ‘ਤੇ ਬੈਠੇ ਸਨ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਬਠਿੰਡਾ, ਫ਼ਿਰੋਜ਼ਪੁਰ ਵਿੱਚ ਕਿਸਾਨ ਪਟੜੀਆਂ ਤੇ ਬੈਠੇ ਰਹੇ। ਕਿਸਾਨਾਂ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਮਜਬੂਰੀ ਵਿੱਚ ਉਨ੍ਹਾਂ ਨੇ ਇਹ ਰਾਹ ਚੁਣਿਆ ਹੈ।

ਜਿਕਰਯੋਗ ਹੈ ਕਿ ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਰੇਲ ਪਟੜੀ ਜਾਮ ਕੀਤੀ ਸੀ। ਫਿਰ 16 ਅਪ੍ਰੈਲ ਨੂੰ ਸ਼ੰਭੂ ਟ੍ਰੈਕ ‘ਤੇ ਧਰਨਾ ਸ਼ੁਰੂ ਹੋਇਆ, ਜੋ ਕਰੀਬ 34 ਦਿਨਾਂ ਤੱਕ ਜਾਰੀ ਰਿਹਾ।

ਖੱਜਲ-ਖੁਆਰ ਹੋਏ ਲੋਕ

ਕਿਸਾਨਾਂ ਵੱਲੋਂ ਟਰੇਨਾਂ ਰੋਕੇ ਜਾਣ ਦਾ ਸਿੱਧਾ ਅਸਰ ਮੁਸਾਫ਼ਰਾਂ ਤੇ ਦਿਖਾਈ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਖੱਜਲ-ਖੁਆਰ ਹੋਏ। ਰੇਲਵੇ ਸਟੇਸ਼ਨਾਂ ਉੱਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ। ਕਈ ਲੋਕਾਂ ਨੇ ਜਰੂਰੀ ਕੰਮਾਂ ਲਈ ਜਾਣਾ ਸੀ, ਪਰ ਟਰੇਨਾਂ ਨਾ ਚੱਲਣ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਵਿੱਚ ਭਾਰੀ ਨਰਾਜ਼ਗੀ ਵੀ ਵੇਖਣ ਨੂੰ ਮਿਲੀ।

ਕਿਸਾਨ ਖੁਦ ਚੁੱਕਣਗੇ ਰੇਲ ਰੋਕੇ ਜਾਣ ਦਾ ਨੁਕਸਾਨ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 35 ਥਾਵਾਂ ‘ਤੇ ਰੇਲ ਪਟੜੀ ਜਾਮ ਕਰਨ ਦੇ ਐਲਾਨ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਰੇਲ ਪਟੜੀਆਂ ਜਾਮ ਕਰਨ ਦਾ ਨੁਕਸਾਨ ਕਿਸਾਨਾਂ ਨੂੰ ਖੁਦ ਭੁਗਤਣਾ ਪਵੇਗਾ। ਇਸ ‘ਤੇ ਕਿਸਾਨਾਂ ਨੇ ਵੀ ਕੇਂਦਰੀ ਮੰਤਰੀ ਦੇ ਬਿਆਨ ਦਾ ਜਵਾਬ ਦਿੱਤਾ।

ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਮਾਰੇ ਗਏ 4 ਕਿਸਾਨਾਂ ਅਤੇ ਪੱਤਰਕਾਰ ਨੂੰ ਇਨਸਾਫ਼ ਦਿਵਾਉਣ ਲਈ ਅੰਦੋਲਨ ਚੱਲ ਰਿਹਾ ਹੈ। ਬਿੱਟੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਸਰਕਾਰ ਵਿੱਚ ਉਹ ਮੰਤਰੀ ਹਨ, ਉਸੇ ਨੇ ਹੀ ਮੁਲਜ਼ਮਾਂ ਨੂੰ ਮੰਤਰੀ ਬਣਾ ਕੇ ਰੱਖਿਆ ਸੀ।

(ਅੰਮ੍ਰਿਤਸਰ ਤੋਂ ਲਲਿਤ ਸ਼ਰਮਾ, ਜਲੰਧਰ ਤੋਂ ਦਵਿੰਦਰ ਬੱਸੀ, ਪਟਿਆਲਾ ਤੋਂ ਇੰਦਰਪਾਲ ਸਿੰਘ ਅਤੇ ਫਿਰੋਜ਼ਪੁਰ ਤੋਂ ਸੰਨੀ ਚੋਪੜਾ)