ਦਿੱਲੀ ਕੂਚ ਦਾ ਐਲਾਨ, 6 ਨੂੰ ਰਵਾਨਾ ਹੋਵੇਗਾ ਜੱਥਾ, ਇਹ ਰਹੇਗਾ ਕਿਸਾਨਾਂ ਦਾ ਪਲਾਨ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਰੋਜ਼ ਕਿਸਾਨ ਸਵੇਰੇ 9 ਵਜੇ ਤੋਂ 5 ਵਜੇ ਤੱਕ ਸਫ਼ਰ ਕਰਿਆ ਕਰਨਗੇ। 6 ਦਸੰਬਰ ਨੂੰ ਕਿਸਾਨਾਂ ਦਾ ਪਹਿਲਾਂ ਜੱਥਾ ਰਵਾਨਾ ਹੋਵੇਗਾ।
ਇੱਕ ਪਾਸੇ ਜਿੱਥੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ ਤਾਂ ਉੱਥੇ ਹੀ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਇਕੱਠੇ ਦਿੱਲੀ ਵੱਲ ਨਹੀਂ ਜਾਣਗੇ ਸਗੋਂ ਜੱਥਿਆਂ ਵਿੱਚ ਵੱਖ ਵੱਖ ਤੌਰ ਤੇ ਜਾਇਆ ਜਾਵੇਗਾ। ਉਹਨਾਂ ਦੱਸਿਆ ਕਿ 6 ਦਸੰਬਰ ਨੂੰ ਕਿਸਾਨਾਂ ਦਾ ਜੱਥਾ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਵੇਗਾ।
ਪੰਧੇਰ ਨੇ ਕਿਹਾ ਕਿ ਕਿਸਾਨ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਸਫ਼ਰ ਕਰਿਆ ਕਰਨਗੇ। ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਹਰਿਆਣਾ ਸਰਕਾਰ ਵੀ ਕਿਸਾਨਾਂ ਦੀ ਮਦਦ ਕਰੇਗੀ। ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਲਈ ਰਾਹ ਖੋਲਣ ਦਾ ਦਾਅਵਾ ਕੀਤਾ ਹੈ। ਕਿਸਾਨਾਂ ਦਾ ਪਹਿਲਾ ਪੜਾਅ ਅੰਬਾਲਾ ਸਿਟੀ ਦੇ ਜੱਗੀ ਵਿੱਚ ਹੋਵੇਗਾ। ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ, ਖਾਨਪੁਰ ਜੱਟਾਂ ਅਤੇ ਪਿੱਪਲੀ ਪਹੁੰਚੇਗਾ।
ਪਹਿਲੇ ਜੱਥੇ ਵਿੱਚ ਹੋਣਗੇ ਮਰਜੀਵੜੇ
ਪੰਧੇਰ ਨੇ ਕਿਹਾ ਕਿ 6 ਦਸੰਬਰ ਨੂੰ ਪਹਿਲੇ ਜਿੱਥੇ ਵਿੱਚ ਮਰਜੀਵੜੇ ਕਿਸਾਨ (ਮਰਨ ਲਈ ਤਿਆਰ ਰਹਿਣ ਵਾਲੇ) ਹੋਣਗੇ। ਉਹ ਦਿਨ ਵਿੱਚ ਸਫ਼ਰ ਕਰਨਗੇ ਅਤੇ ਰਾਤ ਵੇਲੇ ਸੜਕ ਤੇ ਹੀ ਸੌਣਗੇ। ਉਹਨਾਂ ਦੱਸਿਆ ਕਿ ਬਾਕੀ ਕਿਸਾਨ ਜੱਥਿਆਂ ਦੇ ਰੂਪ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਆਉਣਗੇ।
ਪੈਦਲ ਜਾਣਗੇ ਕਿਸਾਨ- ਪੰਧੇਰ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਪੈਦਲ ਹੀ ਦਿੱਲੀ ਤੱਕ ਦੀ ਯਾਤਰਾ ਕਰਨਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੈਦਲ ਜਾਣ ਵਾਲੇ ਕਿਸਾਨਾਂ ਦੀ ਮਦਦ ਕਰਨ। ਉਹਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਣੇ ਕਈ ਮੰਤਰੀਆਂ ਹੁਣ ਆਪਣੇ ਬਿਆਨ ਤੇ ਕਾਇਮ ਰਹਿਣ। ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਂਦੇ ਹਨ ਤਾਂ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਪੰਧੇਰ ਨੇ ਕਿਹਾ ਕਿ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨਗੇ।
ਕਿਸੇ ਸਾਂਸਦ ਨੇ ਨਹੀਂ ਚੁੱਕਿਆ ਮੁੱਦਾ
ਪੰਧੇਰ ਨੇ ਕਿਹਾ ਕਿ ਸੰਸਦ ਦਾ ਇਜਲਾਸ ਚੱਲ ਰਿਹਾ ਹੈ। ਇਸ ਦੌਰਾਨ ਕਿਸੇ ਵੀ ਸਾਂਸਦ ਨੇ ਕਿਸਾਨਾਂ ਦਾ ਮੁੱਦਾ ਸਦਨ ਵਿੱਚ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਵਿਰੋਧੀਧਿਰਾਂ ਵੀ ਕਿਸਾਨਾਂ ਦੇ ਮੁੱਦੇ ਉਠਾਉਣ ਵਿੱਚ ਅਸਫਲ ਰਹੀਆਂ ਹਨ।