ਕਪੂਰਥਲਾ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 6 ਲੱਖ ਦੀ ਠੱਗੀ, ਪੁੱਤਰ ਨੂੰ ਯੂਰਪ ਭੇਜਣਾ ਚਾਹੁੰਦੇ ਸੀ ਮਾਂ
Kapurthala Fake Travel Agent: ਕਪੂਰਥਲਾ ਦੇ ਪਿੰਡ ਭਾਨੋਲੰਗਾ 'ਚ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਮਾਲਟਾ ਭੇਜਣ ਦੇ ਨਾਂ 'ਤੇ 6 ਲੱਖ ਰੁਪਏ ਦੀ ਠੱਗੀ ਮਾਰੀ ਗਈ। ਦੋ ਟ੍ਰੈਵਲ ਏਜੰਟ ਭਰਾਵਾਂ ਨੇ ਪੈਸੇ ਲੈਣ ਤੋਂ ਬਾਅਦ ਨਾ ਤਾਂ ਨੌਜਵਾਨ ਨੂੰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ।
ਕਪੂਰਥਲਾ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ 6 ਲੱਖ ਰੁਪਏ ਠੱਗ ਲਏ ਗਏ। ਇਹ ਘਟਨਾ ਪਿੰਡ ਭਾਨੋਲੰਗਾ ਵਿੱਚ ਵਾਪਰੀ। ਨੌਜਵਾਨ ਦੀ ਮਾਂ ਰਣਜੀਤ ਕੌਰ ਨੇ ਅੱਜ ਸਦਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਰਣਜੀਤ ਕੌਰ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਮਾਲਟਾ (ਯੂਰਪ ਦਾ ਇੱਕ ਦੇਸ਼) ਭੇਜਣ ਲਈ ਕੁਰਾਲੀ ਦੇ ਦੋ ਟ੍ਰੈਵਲ ਏਜੰਟ ਭਰਾਵਾਂ ਨਾਲ ਸੰਪਰਕ ਕੀਤਾ ਸੀ।
ਵਿਦੇਸ਼ ਭੇਜਣ ਦੇ ਨਾਂ ‘ਤੇ 6 ਲੱਖ ਦੀ ਠੱਗੀ
ਦੱਸ ਦਈਏ ਕਿ ਜੁਗਰਾਜ ਸਿੰਘ ਅਤੇ ਸਿਮਰਜੀਤ ਸਿੰਘ ਅੱਲ੍ਹਾਪੁਰ ਕੁਰਾਲੀ ਦੇ ਰਹਿਣ ਵਾਲੇ ਹਨ ਅਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ। ਪੀੜਤ ਪਰਿਵਾਰ ਨੇ ਦਸਤਾਵੇਜ਼ਾਂ ਸਮੇਤ ਵੱਖ-ਵੱਖ ਸਮੇਂ ‘ਤੇ ਮੁਲਜ਼ਮਾਂ ਨੂੰ ਕੁੱਲ 6 ਲੱਖ ਰੁਪਏ ਦਿੱਤੇ। ਪਰ ਮੁਲਜ਼ਮਾਂ ਨੇ ਨਾ ਤਾਂ ਗੁਰਪ੍ਰੀਤ ਨੂੰ ਮਾਲਟਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਰਵਾਈ
ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਦੀਪਕਰਨ ਸਿੰਘ ਨੇ ਕਿਹਾ ਕਿ ਦੋਵਾਂ ਮੁਲਜ਼ਮ ਭਰਾਵਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦੇ ਕਿੰਨੇ ਕੇਸ?
2025 ਵਿੱਚ ਪੰਜਾਬ ਵਿੱਚ 120 ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਟਰੈਵਲ ਏਜੰਟਾਂ ਤੇ 49 FIRs ਦਰਜ ਕੀਤੀਆਂ ਗਈਆਂ ਹਨ ਅਤੇ ਪੰਜਾਬ ਵੱਲੋਂ ਗਠਿਤ SIT ਵੱਲੋਂ ਹੋਰ 15 FIRs ਵੀ ਦਰਜ ਕੀਤੀਆਂ ਗਈਆਂ ਹਨ। ਪੰਜਾਬ ਚ ਵਿਦੇਸ਼ ਭੇਜਣ ਦੇ ਨਾਂ ਤੇ ਲੱਗਭਗ 64 ਠੱਗੀ‑ਕੇਸ ਰਿਪੋਰਟ ਹੋਏ ਹਨ।