ਜੰਡਿਆਲਾ ਗੁਰੂ ‘ਚ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ, IG ਬਾਰਡਰ ਰੇਂਜ ਭੁੱਲਰ ਖੁਦ ਮੈਦਾਨ ‘ਚ ਉਤਰੇ; ਹਥਿਆਰਾਂ ਸਣੇ ਕਈ ਤਸਕਰ ਕਾਬੂ

Published: 

04 Oct 2026 17:13 PM IST

ਆਪ੍ਰੇਸ਼ਨ ਦੌਰਾਨ ਹੋਈ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਆਈਜੀ ਭੁੱਲਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ 1 ਕਿਲੋਗ੍ਰਾਮ ਹੈਰੋਇਨ, ਗ੍ਰਨੇਡ ਅਤੇ ਪਿਸਤੌਲ ਬਰਾਮਦ ਕੀਤੇ ਗਏ ਹਨ।

ਜੰਡਿਆਲਾ ਗੁਰੂ ਚ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ, IG ਬਾਰਡਰ ਰੇਂਜ ਭੁੱਲਰ ਖੁਦ ਮੈਦਾਨ ਚ ਉਤਰੇ; ਹਥਿਆਰਾਂ ਸਣੇ ਕਈ ਤਸਕਰ ਕਾਬੂ

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਪੂਰੇ ਸੂਬੇ ਵਿੱਚ ਵੱਡੇ ਪੱਧਰ ਤੇ ਕਾਸੋ (CASO—ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ ਜਾ ਰਿਹਾ ਹੈ।

ਅੰਮ੍ਰਿਤਸਰ ਦੇ ਸੰਵੇਦਨਸ਼ੀਲ ਮੰਨੇ ਜਾਂਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀ ਸਿੱਧੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਨਸ਼ਾ ਤਸਕਰਾਂ ਦੇ ਸੰਭਾਵਿਤ ਟਿਕਾਣਿਆਂ ਤੇ ਸਘਣ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ, ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਸਵੇਰ ਤੋਂ ਹੀ ਗਰਾਊਂਡ ਜ਼ੀਰੋ ਤੇ ਸਰਗਰਮ ਹੈ। ਪੁਲਿਸ ਟੀਮਾਂ ਵੱਲੋਂ ਇਲਾਕੇ ਦੇ ਵੱਖ-ਵੱਖ ਹੌਟਸਪੌਟਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਹੈ। ਜਿੱਥੇ ਨਸ਼ਿਆਂ ਦੀ ਖਰੀਦ-ਫਰੋਖ਼ਤ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਰਹਿੰਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਂਝੀ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ, ਜਦਕਿ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਨਾਜਾਇਜ਼ ਹਥਿਆਰ ਤੇ ਹੈਰੋਇਨ ਦੀ ਖੇਪ ਬਰਾਮਦ

ਆਪ੍ਰੇਸ਼ਨ ਦੌਰਾਨ ਹੋਈ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਆਈਜੀ ਭੁੱਲਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ 1 ਕਿਲੋਗ੍ਰਾਮ ਹੈਰੋਇਨ, ਗ੍ਰਨੇਡ ਅਤੇ ਪਿਸਤੌਲ ਬਰਾਮਦ ਕੀਤੇ ਗਏ ਹਨ।

ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਬਾਰਡਰ ਰੇਂਜ ਦਾ ਕਾਰਜਭਾਰ ਸੰਭਾਲਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ਾਨਦਾਰ ਕਾਰਵਾਈ ਕਰਦਿਆਂ ਇਕੱਲੇ ਇਸ ਮਹੀਨੇ ਦੌਰਾਨ ਕਰੀਬ 60 ਕਿਲੋਗ੍ਰਾਮ ਹੈਰੋਇਨ ਅਤੇ ਕਈ ਘਾਤਕ ਹਥਿਆਰ (ਲੀਥਲ ਵੈਪਨਜ਼) ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਲੋਕਾਂ ਤੇ ਵਿਲੇਜ ਡਿਫੈਂਸ ਕਮੇਟੀਆਂ ਦਾ ਮਿਲ ਰਿਹਾ ਸਹਿਯੋਗ

ਆਈਜੀ ਭੁੱਲਰ ਨੇ ਲੋਕਾਂ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਸੇਫ ਪੰਜਾਬ ਹੈਲਪਲਾਈਨ ਤੇ ਲੋਕਾਂ ਵੱਲੋਂ ਮਹੱਤਵਪੂਰਨ ਇਨਪੁਟ ਅਤੇ ਗੁਪਤ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਹਨ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

ਇਸ ਦੇ ਨਾਲ ਹੀ ਵਿਲੇਜ ਡਿਫੈਂਸ ਕਮੇਟੀਆਂ (VDC) ਵੱਲੋਂ ਵੀ ਪੁਲਿਸ ਨੂੰ ਵਧੀਆ ਫੀਡਬੈਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਕੋਈ ਵੀ ਪੁਲਿਸ ਪ੍ਰਣਾਲੀ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ। ਅੱਜ ਪੰਜਾਬ ਦੇ ਲੋਕ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਦਾ ਨਤੀਜਾ ਇਹ ਹੈ ਕਿ ਜਿਹੜੇ ਕਈ ਮੁਹੱਲੇ ਪਹਿਲਾਂ ਨਸ਼ਿਆਂ ਲਈ ਬਦਨਾਮ ਰਹੇ ਹਨ। ਉਹ ਹੁਣ ਨਸ਼ਾ ਮੁਕਤੀ ਵੱਲ ਵਧ ਰਹੇ ਹਨ।

ਪੁਲਿਸ ਮੁਲਾਜ਼ਮਾਂ ਲਈ ਰਿਵਾਰਡ ਪਾਲਿਸੀ

ਆਈਜੀ ਭੁੱਲਰ ਨੇ ਦੱਸਿਆ ਕਿ ਉਹ ਅਤੇ ਐੱਸਐੱਸਪੀ ਖੁਦ ਫੀਲਡ ਵਿੱਚ ਜਾ ਕੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੂੰ ਲਗਾਤਾਰ ਬ੍ਰੀਫ਼ ਅਤੇ ਮੋਟੀਵੇਟ ਕਰ ਰਹੇ ਹਨ।ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਰਿਵਾਰਡ ਪਾਲਿਸੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀ ਅਤੇ ਜਵਾਨ ਸ਼ਾਨਦਾਰ ਕੰਮ ਕਰ ਰਹੇ ਹਨ ਅਤੇ ਨਸ਼ਿਆਂ ਦੀ ਬਰਾਮਦਗੀ ਵਿੱਚ ਯੋਗਦਾਨ ਪਾ ਰਹੇ ਹਨ, ਉਨ੍ਹਾਂ ਨੂੰ ਯੋਗ ਇਨਾਮ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਜ਼ੀਰੋ ਟੌਲਰੈਂਸ ਨੀਤੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਪੂਰੇ ਆਪ੍ਰੇਸ਼ਨ ਦੇ ਅੰਤਿਮ ਅੰਕੜੇ ਇਕੱਠੇ ਕਰਕੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Loading...
Unable to load recommendations.
Follow Us